ਮੈਂ ਵਾਰ ਕੇ ਮਿਰਚਾਂ ਤੇਰੀ ਨਜ਼ਰ ਉਤਾਰ ਦਿਆਂ
ਆ ਬੈਠ ਬੁੱਕਲ ਵਿੱਚ ਤੈਨੂੰ ਲਾਡ ਪਿਆਰ ਦਿਆਂ
ਮੁਰਝਾ ਨਾ ਜਾਵੀਂ ਕਿਧਰੇ ਫੁੱਲ ਗੁਲਾਬ ਐ ਮੇਰਾ
ਤੂੰ ਸੋਹਣਿਆ ਤੋਂ ਵੀ ਸੋਹਣਾ ਵਤਨ ਪੰਜਾਬ ਐ ਮੇਰਾ
ਤੂੰ ਜਨਮ ਦਿੱਤਾ ਏ ਸੂਫ਼ੀ ਸੰਤ ਫ਼ਕੀਰਾਂ ਨੂੰ
ਪਾਸ਼ ਤੇ ਸ਼ਿਵ ਜਹੇ ਦਿਲ ਜਲਿਆਂ ਦਿਲਗੀਰਾਂ ਨੂੰ
ਤੂੰ ਗੋਦ ਖਿਡਾਇਆ ਰਾਂਝਿਆ ਨੂੰ ਤੇ ਹੀਰਾਂ ਨੂੰ
ਇੱਕ ਧਾਗੇ ਦੇ ਨਾਲ ਬੰਨ੍ਹਿਆ ਭੈਣਾਂ ਵੀਰਾਂ ਨੂੰ
ਸੁੱਚੇ ਪਾਣੀਆਂ ਵਾਲਾ ਜੇਹਲਮ ਅਤੇ ਚਨਾਬ ਐ ਮੇਰਾ
ਤੂੰ ਸੋਹਣਿਆ ਤੋਂ,,,,,,
ਤੂੰ ਦੁੱਧ ਦਹੀਂ ਲੱਸੀ ਮੱਖਣ ਦੇ ਪੇੜੇ ਵਰਗਾ
ਇੱਕ ਘਰ ਦੇ ਸਾਂਝੇ ਚੁੱਲੇ ਸਾਂਝੇ ਵੇਹੜੇ ਵਰਗਾ
ਤੂੰ ਬਲਦਾ ਨਾਲ ਘੁੰਮਦੀ ਖੂਹੀ ਦੇ ਗੇੜੇ ਵਰਗਾ
ਤੂੰ ਚਰਖੇ ਦੇ ਉੱਤੇ ਪੈਂਦੇ ਤੰਦ ਤਰੇੜੇ ਵਰਗਾ
ਖੇਤਾਂ ਵਿੱਚ ਵੱਜਦਾ ਹੋਇਆ ਕੋਈ ਰਬਾਬ ਐ ਮੇਰਾ
ਤੂੰ ਸੋਹਣਿਆ ਤੋਂ,,,,,,
ਤੂੰ ਭਗਤ ਸਿੰਘ ਊਧਮ ਕਰਤਾਰ ਸਰਾਭੇ ਵਾਲਾ
ਚਿੜੀਆਂ ਦੀ ਚੀਂ ਚੀਂ ਕਾਵਾਂ ਦੇ ਸ਼ੋਰ ਸ਼ਰਾਬੇ ਵਾਲਾ
ਤੂੰ ਮਾਝੇ ਮਾਲਵੇ ਅਤੇ ਪੁਆਦ ਦੁਆਬੇ ਵਾਲਾ
ਜੀਤੇ ਮੀਤੇ ਬਚਨੇ ਗਾਮੇ ਤੇ ਲਾਭੇ ਵਾਲਾ
ਵਿਰਸੇ ਵਿੱਚ ਮਿਲਿਆ ਹੋਇਆ ਕੋਈ ਖਿਤਾਬ ਐ ਮੇਰਾ
ਤੂੰ ਸੋਹਣਿਆ ਤੋਂ,,,,,
ਤੂੰ ਖੇਤਾਂ ਵਿੱਚ ਕੰਮ ਕਰਦੇ ਹੋਏ ਕਿਰਸਾਨ ਜਿਹਾ ਏ
ਕਿਸੀ ਪਾਕ ਪਵਿੱਤਰ ਗੀਤਾ ਅਤੇ ਕੁਰਾਨ ਜਿਹਾ ਏ
ਤੂੰ ਯਮਲੇ ਜੱਟ ਮਾਣਕ ਸ਼ਿੰਦੇ ਤੇ ਮਾਨ ਜਿਹਾ ਏ
ਛਿੰਝਾਂ ਤੇ ਘੁਲਦੇ ਹੋਏ ਦਾਰੇ ਭਲਵਾਨ ਜਿਹਾ ਏ
ਹਰਮਨ ਦੀ ਕਲਮ ਚੋਂ ਉਕਰਿਆ ਹੋਇਆ ਖੁਆਬ ਐ ਮੇਰਾ
ਤੂੰ ਸੋਹਣਿਆ ਤੋਂ,,,,,,।
ਹਰਮਨ ਮੀਆਂਪੁਰੀ
8427836022