*ਮਾਨ ਸਰਕਾਰ ਦੀ ਤਾਨਾਸ਼ਾਹ ਪਹੁੰਚ ਅਤੇ ਜਾਬਰ ਹੱਲਿਆਂ ਦੇ ਟਾਕਰੇ ਦਾ ਦਿੱਤਾ ਸੱਦਾ*
ਜਲੰਧਰ ; 17 ਸਤੰਬਰ-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ਉੱਘੇ ਕਾਰਕੁੰਨ ਅਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗਿ੍ਰਫ਼ਤਾਰੀ ਦੀ ਕਰੜੀ ਨਿਖੇਧੀ ਕਰਦਿਆਂ, ਉਨ੍ਹਾਂ ਵਿਰੁੱਧ ਬਦਲਾਖੋਰੀ ਦੀ ਭਾਵਨਾ ਤਹਿਤ, ਜ਼ੁਬਾਨਬੰਦੀ ਦੀ ਬਦਨੀਅਤ ਨਾਲ ਦਰਜ ਕੀਤਾ ਗਿਆ ਪਰਚਾ ਬਿਨਾਂ ਦੇਰੀ ਤੋਂ ਖਾਰਜ ਕਰਨ ਦੀ ਮੰਗ ਕੀਤੀ ਗਈ ਹੈ।
ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਹੈ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਪਣੀਆਂ ਸੂਬਾਈ ਸਰਕਾਰਾਂ ਨਾਲ ਕੀਤੀਆਂ ਜਾਂਦੀਆਂ ਵਧੀਕੀਆਂ ਦਾ ਰੋਣਾ ਰੋਂਦੀ ਹੈ, ਜਦਕਿ ਦੂਜੇ ਪਾਸੇ ਖੁਦ ਸੱਤਾ ਦੀ ਦੁਰਵਰਤੋਂ ਕਰਦਿਆਂ ਆਪਣੇ ਆਲੋਚਕਾਂ ਦੇ ਮੂੰਹ ਬੰਦ ਕਰਵਾਉਣਾ ਚਾਹੁੰਦੀ ਹੈ।
ਪਾਸਲਾ ਅਤੇ ਜਾਮਾਰਾਏ ਨੇ ਕਿਹਾ ਹੈ ਕਿ ਸ਼੍ਰੀ ਮਾਲੀ ਖਿਲਾਫ਼ ਪਰਚਾ ਦਰਜ ਕਰਨ ਦੀ ਮੁੱਖ ਵਜ੍ਹਾ ਇਹ ਹੈ ਕਿ ਉਹ ਨਾ ਕੇਵਲ ‘ਆਪ’ ਦੀ ਰਾਜਸੀ ਮੌਕਾਪ੍ਰਸਤ ਰਾਜਨੀਤੀ ਦੇ ਬਲਕਿ ਸੂਬਾ ਸਰਕਾਰ ਦੀ ਨੁਕਸਦਾਰ ਕਾਰਜਸ਼ੈਲੀ ਤੇ ਨਖਿੱਧ ਕਾਰਗੁਜ਼ਾਰੀ ਦੇ ਵੀ ਕੱਟੜ ਆਲੋਚਕ ਹਨ।
ਆਰ.ਐਮ.ਪੀ.ਆਈ. ਆਗੂਆਂ ਨੇ ਪ੍ਰਾਂਤ ਵਾਸੀਆਂ, ਖਾਸ ਕਰਕੇ ਚੇਤੰਨ ਤੇ ਅਗਾਂਹਵਧੂ ਧਿਰਾਂ ਨੂੰ ਮਾਨ ਸਰਕਾਰ ਦੀ ਤਾਨਾਸ਼ਾਹ ਪਹੁੰਚ ਅਤੇ ਜਾਬਰ ਹੱਲਿਆਂ ਦਾ ਮੰਚਾਂ ਤੋਂ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।
ਜਾਰੀ ਕਰਤਾ
ਮਹੀਪਾਲ
(99153 12806)