"ਨਸ਼ਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ।" ਮੈਂ ਜਮਾਤ ਵਿੱਚ ਬੱਚਿਆਂ ਨੂੰ ਸਮਝਾ ਰਿਹਾ ਸੀ। ਮੈਨੂੰ ਇੱਕ ਬੱਚੇ ਏਕਮ ਨੇ ਖੜੇ ਹੋ ਕੇ ਕਿਹਾ, ਸਰ ਜੀ! ਨਸ਼ੇ ਨੇ ਸਾਡੇ ਗੁਆਂਢੀਆਂ ਦਾ ਘਰ ਉਜਾੜ ਦਿੱਤਾ। "ਉਹ ਕਿਵੇਂ?" ਬਾਕੀ ਬੱਚਿਆਂ ਨੇ ਪੁੱਛਿਆ, ਏਕਮ ਦੱਸਣ ਲੱਗਿਆ, ਸਾਡੇ ਗੁਆਂਢ ਦੇ ਇੱਕ ਘਰ ਵਿੱਚ ਕੁੱਲ ਛੇ ਮੈਂਬਰ ਰਹਿੰਦੇ ਸਨ। ਬੱਚਿਆਂ ਦਾ ਪਿਤਾ ਨਸ਼ੇੜੀ ਹੋਣ ਕਰਕੇ ਕੋਈ ਕੰਮਕਾਰ ਨਹੀਂ ਸੀ ਕਰਦਾ ਤੇ ਨਾ ਹੀ ਕੋਈ ਉਸਨੂੰ ਦਿਹਾੜੀ ਤੇ ਰੱਖਦਾ ਸੀ। ਜੇਕਰ ਕਦੇ ਦਿਹਾੜੀ ਡੱਪੇ 'ਤੇ ਚਲਾ ਵੀ ਜਾਂਦਾ ਤਾਂ ਆਥਣੇ ਦਿਹਾੜੀ ਵਾਲੇ ਸਾਰੇ ਪੈਸਿਆਂ ਦੀ ਸ਼ਰਾਬ ਨਾਲ ਰੱਜਕੇ ਘਰ ਵੜਦਾ। ਘਰੇ ਦੋਆਨੀ ਨੀ ਸੀ ਦਿੰਦਾ ਸਗੋਂ ਬੱਚਿਆਂ ਦੀ ਮਾਂ ਜੋ ਮਿਹਨਤ ਮਜ਼ਦੂਰੀ ਕਰ ਕੇ ਘਰ ਚਲਾ ਰਹੀ ਸੀ, ਉਸ ਨਾਲ ਲੜ-ਝਗੜ ਕੇ ਉਸ ਕੋਲੋਂ ਵੀ ਪੈਸੇ ਖੋਹ ਕੇ ਲੈ ਜਾਂਦਾ।ਇਸ ਤਰ੍ਹਾਂ
ਘਰ ਵਿੱਚ ਲੜਾਈ-ਝਗੜਾ ਵਧਦਾ ਗਿਆ। ਘਰ ਵਿੱਚ ਤਿੰਨ ਧੀਆਂ ਵੱਡੀਆਂ ਤੇ ਇੱਕ ਮੁੰਡਾ ਛੋਟਾ ਸੀ। ਧੀਆਂ ਪੜ੍ਹਾਈ ਵਿੱਚ ਹੁਸ਼ਿਆਰ ਸਨ, ਪਰ ਘਰ ਦੇ ਨਿੱਤ ਲੜਾਈ-ਝਗੜੇ ਅਤੇ ਗਰੀਬੀ ਨੇ ਉਨ੍ਹਾਂ ਕੋਲੋਂ ਪੜ੍ਹਾਈ ਖੋਹ ਲਈ। ਹੁਣ ਤਿੰਨੋਂ ਧੀਆਂ ਆਪਣੀ ਮਾਂ ਨਾਲ ਮਿਹਨਤ ਮਜ਼ਦੂਰੀ ਵਿੱਚ ਜੁੱਟ ਗਈਆਂ। ਮੁੰਡੇ ਨੇ ਵੀ ਪੜ੍ਹਾਈ ਵਿੱਚ ਕੋਈ ਰੁਚੀ ਨਾ ਦਿਖਾਈ ਕਿਉਂਕਿ ਘਰ ਦਾ ਮਾਹੌਲ ਹੀ ਕੁੱਝ ਅਜਿਹਾ ਬਣ ਗਿਆ ਸੀ। ਮੁੰਡਾ ਵੀ ਦਿਹਾੜੀ ਡੱਪਾ ਕਰਦਾ-ਕਰਦਾ ਨਸ਼ੇ ਦਾ ਆਦੀ ਬਣ ਗਿਆ। ਦਿਨੋਂ-ਦਿਨ ਘਰ ਦਾ ਮਾਹੌਲ ਖਰਾਬ ਹੋ ਰਿਹਾ ਸੀ। ਘਰ ਵਿੱਚ ਪਿਓ-ਪੁੱਤ ਕਿਸੇ ਨਾ ਕਿਸੇ ਗੱਲੋਂ ਲੜਦੇ ਹੀ ਰਹਿੰਦੇ। ਜੇਕਰ ਕੋਈ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕਰਦਾ ਤਾਂ ਉਹ ਉਸਨੂੰ ਮਾਰਨ ਤੱਕ ਜਾਂਦੇ, ਜੀਹਦੇ ਕਰਕੇ ਕੋਈ ਉਨ੍ਹਾਂ ਦੇ ਨੇੜੇ ਨਾ ਲੱਗਦਾ। ਮਾਂ ਹਰ ਵੇਲ਼ੇ ਧੀਆਂ ਅਤੇ ਘਰ ਦੀ ਚਿੰਤਾ ਵਿੱਚ ਡੁੱਬੀ ਰਹਿੰਦੀ। ਪਰਮਾਤਮਾ ਦੀ ਮਿਹਰ ਸਦਕਾ ਮਾਂ ਨੇ ਔਖੇ-ਸੌਖੇ ਤਿੰਨੋਂ ਧੀਆਂ ਦੇ ਵਿਆਹ ਕਰ ਦਿੱਤੇ। ਜਿਸ ਨਾਲ ਮਾਂ ਨੂੰ ਥੋੜਾ ਸੁੱਖ ਦਾ ਸਾਹ ਮਿਲਿਆ। ਪਰ ਪਿਓ-ਪੁੱਤ ਦੇ ਨਸ਼ੇੜੀਪਣ ਨੇ ਘਰ ਦਾ ਮਾਹੌਲ ਹੋਰ ਵੀ ਵਿਗਾੜ ਕੇ ਰੱਖ ਦਿੱਤਾ ਸੀ। ਇੱਕ ਦਿਨ ਨਸ਼ੇ ਵਿੱਚ ਧੁੱਤ ਪੁੱਤ ਨੇ ਆਪਣੇ ਪਿਓ ਦੇ ਸਿਰ ਵਿੱਚ ਡਾਂਗ ਮਾਰ ਕੇ ਉਸਨੂੰ ਥਾਂਏ ਹੀ ਮਾਰ ਦਿੱਤਾ। ਪਿਓ ਦੇ ਕਤਲ ਵਿੱਚ ਪੁੱਤ ਨੂੰ ਸਜਾ ਹੋ ਗਈ। ਮਾਂ ਜਿਉਂਦੇ ਜੀਅ ਹੀ ਮਰ ਗਈ। ਜਿਸਦਾ ਆਪਣੇ ਪੁੱਤ ਨੇ ਹੀ ਸੁਹਾਗ ਉਜਾੜ ਦਿੱਤਾ। ਹੁਣ ਮਾਂ ਦਿਮਾਗੀ ਪ੍ਰੇਸ਼ਾਨ ਹੈ। ਜੇ ਕਿਸੇ ਘਰ ਵਿੱਚੋਂ ਕੋਈ ਰੋਟੀ-ਟੁੱਕ ਮਿਲਦਾ ਤਾਂ ਖਾ ਲੈਂਦੀ ਹੈ, ਨਹੀਂ ਭੁੱਖਣ ਭਾਣੇ ਹੀ ਏਧਰ-ਓਧਰ ਘੁੰਮਦੀ ਰਹਿੰਦੀ ਹੈ। ਇਹ ਕਹਿੰਦੇ ਹੋਏ ਏਕਮ ਦਾ ਗੱਚ ਭਰ ਆਇਆ। ਸਾਰੀ ਜਮਾਤ ਹਟਕੋਰੇ ਲੈ ਰਹੀ ਸੀ। ਚਪੜਾਸੀ ਨੇ ਅਗਲੇ ਪੀਰੀਅਡ ਦੀ ਘੰਟੀ ਵਜਾ ਦਿੱਤੀ। ਮੈਂ ਭਰੇ ਮਨ ਨਾਲ ਜਮਾਤ ਵਿੱਚੋਂ ਬਾਹਰ ਆ ਗਿਆ।
ਮਾਸਟਰ ਹੰਸ ਕਲੇਰ
ਪਿੰਡ ਦੁਗਾਲ
9530570638