ਬਲਾਚੌਰ 16 ਸਤੰਬਰ (ਜਤਿੰਦਰਪਾਲ ਸਿੰਘ )
ਪੀ.ਏ.ਯੂ. ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੇ ਚੌਥੇ ਸਾਲ ਦੇ ਵਿਦਿਆਰਥੀਆਂ ਵੱਲੋਂ ਰੂਰਲ ਐਗਰੀਲਚਰ ਵਰਕ ਐਕਸਪੀਰੀਐਂਸ ਅਧੀਨ ਡਾ. ਮਨਮੋਹਨਜੀਤ ਸਿੰਘ, ਡੀਨ, ਪੀ.ਏ.ਯੂ. ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਦੀ ਸਰਪ੍ਰਸਤੀ ਹੇਠ ਪਿੰਡ ਥਾਨਵਾਲਾ, ਕਲਾਰ ਅਤੇ ਟਕਾਰਲਾ ਵਿਖੇ ਖੇਤੀਬਾੜੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਵਿੱਚ 13 ਵਿਦਿਆਰਥੀਆਂ ਦੀ ਟੀਮ ਨੇ ਡਾ. ਜਸਲੀਨ ਕੌਰ ਸਿੱਧੂ ਦੀ ਅਗਵਾਈ ਹੇਠ ਪਿੰਡ ਥਾਨਵਾਲਾ ਵਿਖੇ ਆਯੋਜਿਤ ਸਮਾਗਮ ਵਿੱਚ ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ ਅਤੇ ਭਾਸ਼ਣ ਦਿੱਤੇ । ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਵਿਦਿਆਰਥੀ ਸੁਖਮਨਦੀਪ ਸਿੰਘ ਨੇ ਕਿਸਾਨਾਂ ਨੂੰ ਖੇਤੀਬਾੜੀ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀ ਨਵਰੀਤ ਸਿੰਘ ਨੇ ਪਾਪੁਲਰ ਅਤੇ ਕਣਕ ਵਰਗੀਆਂ ਫਸਲਾਂ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਦੇ ਲੱਛਣਾਂ ਅਤੇ ਫਸਲਾਂ ਦੀ ਸਿਹਤ ਨੂੰ ਵਧਾਉਣ ਲਈ ਹੱਲਾਂ ਬਾਰੇ ਜਾਣੂ ਕਰਵਾਇਆ। ਵਿਦਿਆਰਥਣ ਰਵਨੀਤ ਕੌਰ ਨੇ ਪਾਪੂਲਰ ਅਤੇ ਕਣਕ ਦੀਆਂ ਫਸਲਾਂ ਵਿੱਚ ਨਦੀਨਾਂ ਦੇ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀ ਚਿਰਾਗ ਸ਼ਰਮਾ ਨੇ ਵੱਖ-ਵੱਖ ਫਸਲਾਂ ਲਈ ਸੰਯੁਕਤ ਪੋਸ਼ਟਿਕ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਉਸ ਨੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫਸਲਾਂ ਦੀ ਉਤਪਾਦਕਤਾ ਨੂੰ ਬਿਹਤਰ ਬਣਾਉਣ ਲਈ ਜੈਵਿਕ ਅਤੇ ਅਜੈਵਿਕ ਸਰੋਤਾਂ ਰਾਹੀਂ ਸੰਤੁਲਿਤ ਪੌਸ਼ਟਿਕ ਤੱਤਾਂ ਦੀ ਸਪਲਾਈ ਦੀ ਮਹੱਤਤਾ ਬਾਰੇ ਦੱਸਿਆ। ਇਸ ਤੋਂ ਬਾਅਦ ਵਿਦਿਆਰਥੀ ਮੀਨਾਲ ਫਾਗਨਾ ਅਤੇ ਨਵਰੀਤ ਸਿੰਘ ਨੇ ਮਿੱਟੀ ਦੀ ਪਰਖ ਲਈ ਮਿੱਟੀ ਦੇ ਨਮੂਨੇ ਇਕੱਤਰ ਕੀਤੇ ਅਤੇ ਮਿੱਟੀ ਸਿਹਤ ਕਾਰਡਾਂ ਦੇ ਲਾਭਾਂ ਬਾਰੇ ਦੱਸਿਆ, ਜੋ ਕਿਸਾਨਾਂ ਨੂੰ ਉਨ੍ਹਾਂ ਦੇ ਖੇਤਾਂ ਦੀ ਪੋਸ਼ਟਿਕ ਸਥਿਤੀ ਬਾਰੇ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕਰਦੇ ਹਨ।
ਪਿੰਡ ਟਕਾਰਲਾ ਦੇ ਪੰਚਾਇਤ ਘਰ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਕਿਸਾਨਾਂ ਨੂੰ ਕਣਕ ਦੇ ਖੁਰਾਕੀ ਤੱਤਾਂ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਵਿਦਿਆਰਥੀ ਗੁਰਮਨਜੀਤ ਸਿੰਘ ਨੇ ਨਦੀਨਾਂ ਦੀ ਰੋਕਥਾਮ ਲਈ ਮਲਚ, ਸਪਰੇਆਂ ਅਤੇ ਹੋਰ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀ ਦਵਿੰਦਰਪਾਲ ਸਿੰਘ ਵੱਲੋਂ ਕਣਕ ਦੇ ਖੁਰਾਕੀ ਤੱਤਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਤੱਤਾਂ ਦੇ ਨਾਲ ਨਾਲ ਸਲਫਰ, ਲੋਹਾ ਅਤੇ ਜ਼ਿੰਕ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਪੀ.ਏ.ਯੂ. ਦਾ ਪੱਤਾ ਰੰਗ ਚਾਰਟ ਮੁੱਹਈਆ ਕਰਵਾਇਆ ਗਿਆ । ਇਸ ਦੇ ਨਾਲ ਹੀ ਕਿਸਾਨਾਂ ਨੂੰ ਜੰਤਰ ਦੀ ਹਰੀ ਖ਼ਾਦ ਅਤੇ ਜਿਪਸਮ ਦੀ ਵਰਤੋਂ ਕਰਨ ਲਈ ਪ੍ਰੇਰਿਆ ਗਿਆ ਅਤੇ ਯੂਨਿਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਣਕ ਦੀਆਂ ਦੋ ਕਿਸਮਾਂ ਪੀ.ਬੀ.ਡਬਲਯੂ. 725, ਪੀ.ਬੀ.ਡਬਲਯੂ. 677 ਅਤੇ ਪਾਪੂਲਰ ਲਗਾਉਣ ਲਈ ਕਿਹਾ।
ਪਿੰਡ ਕਲਾਰ ਦੇ ਸਰਪੰਚ ਦੇ ਸਹਿਯੋਗ ਨਾਲ ਲੈਕਚਰ-ਕਮ-ਡਿਸਕਸ਼ਨ ਸ਼ੈਸ਼ਨ ਕਰਵਾਏ ਗਏ। ਇਸ ਵਿੱਚ ਵਿਦਿਆਰਥੀਆਂ ਨੇ ਮੌਸਮੀ ਫਸਲਾਂ ਦੀ ਕਾਸ਼ਤ, ਫ਼ਸਲ ਵਿੱਚ ਖੁਰਾਕੀ ਤੱਤਾਂ ਦੀ ਘਾਟ ਦੇ ਲੱਛਣ, ਉਹਨਾਂ ਖੁਰਾਕੀ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਪੀ.ਏ.ਯੂ. ਵੱਲੋਂ ਸਿਫਾਰਿਸ਼ ਕੀਤੇ ਰਸਾਇਣਿਕ ਅਤੇ ਗੈਰ-ਰਸਾਇਣਿਕ ਤਰੀਕਿਆਂ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਨਦੀਨਾਂ ਦੀ ਰੋਕਥਾਮ ਸਬੰਧੀ ਪੈਂਫਲਿਟ ਵੰਡੇ ਗਏ। ਇਸ ਦੌਰਾਨ ਡਾ. ਜਬਲੀਨ ਕੌਰ ਸਿੱਧੂ ਨੇ ਪੇਂਡੂ ਖੇਤੀਬਾੜੀ ਕਾਰਜ ਅਨੁਭਵ ਪ੍ਰੋਗਰਾਮ ਦੇ ਉਦੇਸ਼ਾਂ ਬਾਰੇ ਦੱਸਿਆ, ਜਿਸ ਦਾ ਉਦੇਸ਼ ਸਥਾਨਕ ਕਿਸਾਨ ਭਾਈਚਾਰੇ ਨੂੰ ਤਕਨੀਕੀ ਗਿਆਨ ਦੇਣਾ ਹੈ। ਉਨ੍ਹਾਂ ਪਿੰਡ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਯੂਨੀਵਰਸਿਟੀ ਦੀਆਂ ਤਕਨੀਕਾਂ ਨਾਲ ਜੁੜਨ ਦੀ ਅਪੀਲ ਕੀਤੀ। ਪਿੰਡ ਵਾਸੀਆਂ ਨੇ ਇਹ ਪ੍ਰੋਗਰਾਮ ਆਯੋਜਿਤ ਕਰਨ ਲਈ ਧੰਨਵਾਦ ਯੂਨੀਵਰਸਿਟੀ ਦਾ ਧੰਨਵਾਦ ਕੀਤਾ।