ਮਿੱਟੀ ਦਿਆ ਬਾਵਿਆ ਓਏ, ਦੱਸ ਤੈਨੂੰ ਕੌਣ ਚਲਾਉਂਦਾ।
ਜਗਦੀ ਵਿੱਚ ਜੋਤ ਇਲਾਹੀ ਦੇ, ਤੇਲ ਦੱਸ ਕੌਣ ਪਾਉਂਦਾ।
ਕਰਦਾ ਤੂੰ ਪਰਖਾਂ ਕਿੱਦਾਂ, ਕਿਸ ਤਰਾਂ ਸੋਚਦਾਂ ਏਂ?
ਕੱਠਾ ਕਰੇਂ ਕੂੜਪਸਾਰਾ, ਸਦਾ ਰਹਿੰਦਾ ਲੋਚਦਾਂ ਏਂ,
ਕਿਹੜੀ ਹੈ ਸ਼ਕਤੀ ਦੱਸੀਂ, ਜੇਸ ਨਾਲ ਲੁੱਡੀਆਂ ਪਾਉਂਦਾ।
ਮਿੱਟੀ ਦਿਆ ਬਾਵਿਆ ਓਏ, ਦੱਸ ਤੈਨੂੰ ਕੌਣ ਚਲਾਉਂਦਾ।
ਹੱਡੀਆਂ ਤੇ ਮਾਸ ਹੈ ਦੱਸੀਂ, ਕਿਸ ਤਰਾਂ ਚਾੜ੍ਹਿਆ,
ਸਾਹਾਂ ਦੀ ਮਾਲਾ ਦੇ ਵਿੱਚ, ਕੀ ਹੈ ਦੱਸ ਵਾੜਿਆ,
ਚੰਗੇ ਮਾੜੇ ਕੰਮਾਂ ਦੀ ਦੱਸ, ਸੋਝੀ ਫਿਰ ਕੌਣ ਕਰਾਉਂਦਾ।
ਮਿੱਟੀ ਦਿਆ ਬਾਵਿਆ ਓਏ, ਦੱਸ ਤੈਨੂੰ ਕੌਣ ਚਲਾਉਂਦਾ।
ਪੰਜਾਂ ਤੱਤਾਂ ਦਾ ਪੁਤਲਾ, ਦੱਸਦੇ ਕਿਸ ਨੇ ਹੈ ਜਣਿਆਂ,
ਜੋ ਮਿੱਟੀ ਪਾਣੀ ਅਗਨੀ, ਹਵਾ ਅਕਾਸ਼ ਤੋਂ ਬਣਿਆਂ,
ਮਹਿੰਦੀਪੁਰੀ ਕਿੱਦਾਂ ਲਿਖਦਾ, ਬੋਲਕੇ ਕਿਵੇਂ ਸੁਣਾਉਂਦਾ।
ਮਿੱਟੀ ਦਿਆ ਬਾਵਿਆ ਓਏ, ਦੱਸ ਤੈਨੂੰ ਕੌਣ ਚਲਾਉਂਦਾ।
ਓਮਕਾਰ ਸਿੰਘ ਸ਼ੀਹਮਾਰ ਮਹਿੰਦੀਪੁਰ