-ਚੋਰਾਂ ਅਤੇ ਨਸ਼ਾਂ ਤਸਕਰਾਂ ਖਿਲਾਫ਼ ਕਾਰਵਾਈ ਦੀ ਪੁਲਿਸ ਅਤੇ ਸਰਕਾਰ ਤੋਂ ਮੰਗ
ਰੂੜੇਕੇ ਕਲਾਂ/ਬਰਨਾਲਾ 23 ਸਤੰਬਰ (ਧਰਮਪਾਲ ਸਿੰਘ, ਬਲਜੀਤ ਕੌਰ)-ਪਿਛਲੇ ਸਮੇਂ ਤੋਂ ਲੈ ਕੇ ਪਿੰਡ ਪੱਖੋਂ ਕਲਾਂ ਅਤੇ ਇਲਾਕੇ ਵਿਚ ਹੋ ਰਹੀਆਂ ਚੋਰੀਆਂ, ਲੁੱਟਾਂ, ਖੋਹਾਂ ਅਤੇ ਵੱਧ ਰਹੇ ਨਸਿਆਂ ਤੋਂ ਦੁਖੀ ਹੋ ਕੇ ਪਿੰਡ ਪੱਖੋ ਕਲਾਂ ਵਾਸੀਆਂ ਨੇ ਭਕਿਯੂ ਕਾਦੀਆ, ਡਕੌਦਾ, ਕ੍ਰਾਂਤੀਕਾਰੀ, ਉਂਗਰਾਹਾ ਆਦਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਪਿੰਡ ਦੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਇਕੱਤਰ ਹੋ ਕੇ ਪਿੰਡ ਵਿਚ ਰੋਸ਼ ਮਾਰਚ ਕਰਕੇ ਬਰਨਾਲਾ-ਮਾਨਸਾ ਮੁੱਖ ਮਾਰਗ ਬੱਸ ਸਟੈਂਡ ਪੱਖੋ ਕਲਾਂ ਵਿਖੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਇਨਸਾਫ ਦੀ ਮੰਗ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਭਕਿਯੂ ਕਾਦੀਆਂ ਦੇ ਇਕਾਈ ਪ੍ਰਧਾਨ ਬਲਜੀਤ ਸਿੰਘ ਬੱਲੀ, ਕ੍ਰਾਂਤੀਕਾਰੀ ਦੇ ਇਕਾਈ ਪ੍ਰਧਾਨ ਸਾਬਕਾ ਸਰਪੰਚ ਦਰਸਨਪਾਲ ਸਿੰਘ, ਗੁਰਪ੍ਰੀਤ ਸਿੰਘ ਗੋਪਾ ਆਦਿ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਲੈ ਕੇ ਇਲਾਕੇ ਵਿਚ ਚੋਰੀਆਂ, ਲੁੱਟਾਂ, ਖੋਹਾਂ ਦੀਆਂ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਚੋਰਾਂ ਵਲੋਂ ਪਿੰਡਾਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਲਾਕੇ ਵਿਚ ਦਿਨੋਂ-ਦਿਨ ਨਸ਼ਿਆਂ ਦਾ ਬੋਲਬਾਲਾ ਵੱਧਦਾ ਨਜ਼ਰ ਆ ਰਿਹਾ ਹੈ। ਨਸ਼ੇ ਕਰਨ ਦੇ ਆਦੀ ਨੌਜਵਾਨ ਚੋਰੀਆਂ, ਲੁੱਟਾ, ਖੋਹਾਂ ਤੇ ਲੜਾਈਆਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਪਿਛਲੇ ਸਮੇਂ ਤੋਂ ਲੈ ਕੇ ਕਿਸਾਨਾਂ ਦੇ ਖੇਤਾਂ ਵਿਚ ਅਤੇ ਪਿੰਡਾਂ ਵਿਚ ਚੋਰੀਆਂ ਕਰਨ ਵਾਲੇ ਚੋਰ ਪੁਲਿਸ ਦੀ ਪਕੜ ਤੋਂ ਬਾਹਰ ਹਨ। ਪਿਛਲੇ ਸਮੇਂ ਤੋਂ ਲੈ ਕੇ ਹੋ ਰਹੀਆਂ ਘਟਨਾਵਾਂ ਕਾਰਨ ਪਿੰਡ ਵਾਸੀਆਂ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ। ਪਿੰਡ ਵਾਸੀ ਆਪਣੇ ਆਪ ਨੂੰ ਅਸਰੱਖਿਅਤ ਮਹਿਸੂਸ ਕਰ ਰਹੇ ਹਨ। ਇਕੱਤਰ ਹੋਏ ਸਮੂਹ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਐਸ.ਐਸ.ਪੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਚੋਰੀਆਂ ਕਰਕੇ ਇਲਾਕਾ ਨਿਵਾਸੀਆਂ ਦਾ ਜਿਉਣਾ ਮੁਸਕਿਲ ਕਰ ਰਹੇ ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਗਠਿਤ ਕਰਕੇ ਇਲਾਕਾ ਨਿਵਾਸੀਆਂ ਨੂੰ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਤੋਂ ਰਾਹਤ ਦਿਵਾਈ ਜਾਵੇ। ਧਰਨਾਕਾਰੀਆਂ ਨੇ ਆਪਣੀਆਂ ਮੰਗਾਂ ਸਬੰਧੀ ਡੀ.ਐਸ.ਪੀ ਡੀ ਬਰਨਾਲਾ ਰਾਜਿੰਦਰਪਾਲ ਸਿੰਘ ਨੂੰ ਮੰਗ ਪੱਤਰ ਦੇ ਕੇ ਐਸ.ਐਸ.ਪੀ ਬਰਨਾਲਾ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ। ਪੁਲਿਸ ਅਧਿਕਾਰੀਆਂ ਨੇ ਮੰਗ ਪੱਤਰ ਪ੍ਰਾਪਤ ਕਰਕੇ ਧਰਨਾਕਾਰੀਆਂ ਨੂੰ ਮੰਗਾਂ ਪ੍ਰਵਾਨ ਕਰਨ ਅਤੇ ਐਸ.ਐਸ.ਪੀ ਬਰਨਾਲਾ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇਣ ਉਪਰੰਤ ਪਿੰਡ ਵਾਸੀਆਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਭਕਿਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗਾ, ਕਾਦੀਆ ਦੇ ਇਕਾਈ ਪ੍ਰਧਾਨ ਬਲਜੀਤ ਸਿੰਘ ਬੱਲ•ੀ, ਡਕੌਦਾ ਦੇ ਨਾਜਰ ਸਿੰਘ, ਕ੍ਰਾਂਤੀਕਾਰੀ ਦੇ ਇਕਾਈ ਪ੍ਰਧਾਨ ਸਾਬਕਾ ਸਰਪੰਚ ਦਰਸਨਪਾਲ ਸਿੰਘ, ੳਂਗਰਾਹਾਂ ਦੇ ਇਕਾਈ ਪ੍ਰਧਾਨ ਬਲਦੇਵ ਸਿੰਘ, ਬੂਟਾ ਸਿੰਘ, ਸਾਬਕਾ ਸਰਪੰਚ ਸੁਖਪਾਲ ਸਿੰਘ ਸਮਰਾ, ਪ੍ਰਧਾਨ ਗੁਰਤੇਜ ਸਿੰਘ ਸਰਾਂ, ਰਾਜਕਮਲ ਸਿੰਘ, ਜਗਰੂਪ ਸਿੰਘ, ਬਲਵੀਰ ਸਿੰਘ ਜੈ ਜੈ ਕਾਰ, ਮੋਨੀ ਸਿੰਘ ਜੱਸਲ, ਜੱਗਾ ਸਿੰਘ ਸੇਵੇਕਾ, ਹਰਦੇਵ ਸਿੰਘ ਨੰਬਰਦਾਰ, ਡਾਕਟਰ ਸੁਖਮਹਿੰਦਰ ਸਿੰਘ, ਬਲਦੇਵ ਸਿੰਘ ਝੱਬਰ, ਅਜੈਬ ਸਿੰਘ, ਭਗਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।