17 ਸਤੰਬਰ(ਚੰਡੀਗੜ੍ਹ)
ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਤੇ ਸੀਨੀਅਰ ਆਗੂ ਮਹਿੰਦਰ ਸਿੰਘ ਰੋਮਾਣਾ ਦਾ ਅੱਜ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।ਸਿੱਖ ਧਰਮ ਦੇ ਪੰਥਕ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਵਿਸ਼ੇਸ ਮੁਕਾਮ ਰੱਖਣ ਵਾਲੇ ਮਹਿੰਦਰ ਸਿੰਘ ਰੋਮਾਣਾ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਕਰੀਬੀ ਰਹਿ ਚੁੱਕੇ ਸਨ।ਉਹ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਧਾਨ ਰਹਿਣ ਤੋ ਇਲਾਵਾ ਸੈਰ ਸਪਾਟਾ ਵਿਕਾਸ ਨਿਗਮ ਦੇ ਚੇਅਰਮੈਨ,ਦੋ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ,ਸਾਬਕਾ ਮੁੱਖ ਮੰਤਰੀ ਸਿਆਸੀ ਸਲਾਹਕਾਰ ਤੋਂ ਇਲਾਵਾ ਕਈ ਵਿਭਾਗਾਂ ਦੇ ਚੇਅਰਮੈਨ ਵੀ ਰਹਿ ਚੁੱਕੇ ਸਨ।ਮਹਿੰਦਰ ਸਿੰਘ ਰੋਮਾਣਾ ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ਼ ਸੂਬੇ ਦੀਆਂ ਹੱਦਾਂ ਨਿਰਧਾਰਿਤ ਕਰਨ ਲਈ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਵਿੱਚ ਬਣਾਈ ਗਈ ਕਮੇਟੀ ਦੇ ਵੀ ਅਹਿਮ ਮੈਂਬਰ ਰਹੇ।ਉਹਨਾਂ ਦੇ ਬਹੁਤ ਹੀ ਕਰੀਬੀ ਕੁਲਭੂਸ਼ਨ ਰਾਏ ਬਾਂਸਲ ਨੇ ਕਿਹਾ ਕਿ ਰੋਮਾਣਾ ਦਾ ਇਸ ਸੰਸਾਰ ਤੋਂ ਚਲੇ ਜਾਣਾ ਸਿੱਖ ਧਰਮ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।ਉਹਨਾਂ ਦਸਿਆ ਕਿ ਮਹਿੰਦਰ ਸਿੰਘ ਰੋਮਾਣਾ ਦਾ ਅੰਤਿਮ ਸੰਸਕਾਰ ਦਿਨ ਮੰਗਲਵਾਰ ਦੁਪਹਿਰ 3 ਵਜੇ ਫਰੀਦਕੋਟ ਵਿਖੇ ਹੋਵੇਗਾ।
ਹਰਮਨ ਮੀਆਂਪੁਰੀ