ਵਹਿਮਾਂ ਨੇ ਇਹ ਦੁਨੀਆਂ ਪੱਟੀ
ਤੇ ਭਰਮਾਂ ਨੇ ਪਾਏ ਭੁਲੇਖੇ
ਕਿਸੁ ਦਿਨ ਦੁਨੀਆਂ ਸਮਝੂਗੀ
ਕਿੰਝ ਜੀਵਨ ਲਾਉਣਾ ਲੇਖੇ
ਅੱਜ ਵਾਰ ਹੈ ਮੰਗਲ ਦਾ
ਅੱਜ ਨਹੀਂ ਕੇਸੀਂ ਨਾਉਣਾ
ਬੈਠ ਕੇ ਵਿੱਚ ਦਿਲ੍ਹੀਜ਼ਾਂ ਦੇ
ਨਾ ਕੋਈ ਸ਼ਗਨ ਮਨਾਉਣਾ
ਨਿੱਛ ਵੱਜੇ ਜਾਂ ਕੱਟੇ ਬਿੱਲੀ ਰਸਤਾ
ਉਸ ਰਾਹ ਕਦੀ ਨਹੀਂ ਜਾਣਾ
ਅਵਾਜ ਅਗਰ ਕੋਈ ਮਾਰੇ ਪਿੱਛੋਂ
ਵਰਤੂ ਕੋਈ ਮਾੜਾ ਭਾਣਾ
ਪੁੱਠੀ ਮੰਝੀ ਜੇ ਖੜੀ ਤੁਸਾਂ ਕੀਤੀ
ਤਾਂ ਜਾਣੀ ਮੱਤ ਤੁਹਾਡੀ ਮਾਰੀ
ਏਸੇ ਕਰਕੇ ਮੁੱਕਣੀ ਨਹੀਂ
ਤੁਹਾਡੇ ਘਰ ਚੋਂ ਕਦੇ ਬਿਮਾਰੀ
ਕੋਈ ਵੀ ਸ਼ਗਨ ਕਰਨੇ ਜੇ ਹੋਵਣ
ਚੰਨ ਚੜਦੇ ਵੱਲ ਮੂੰਹ ਕਰਦੇ
ਇਹ ਸਬ ਫੋਕੇ ਵਹਿਮ ਅਕਸਰ
ਕਰਦੇ ਸਰਦੇ ਪੁੱਜਦੇ ਘਰ ਦੇ
ਤਾਰਾ ਡੁੱਬੇ ਤਾਂ ਲਗਨ ਨਾ ਕਰਦੇ
ਤੇ ਚੜਦੇ ਨੂੰ ਨਿੱਤ ਸਲਾਮਾਂ
ਗ੍ਰਹਿਣ ਲੱਗੇ ਤਾਂ ਮੱਥੇ ਨਾ ਲੱਗਦੇ
ਪਿੱਛੋਂ ਓਹੀ ਚੰਦਾ ਮਾਮਾ
ਸੋਨਾ ਗੁੰਮਨਾ ਗੱਲ ਬੁਰੀ ਹੈ
ਪਰ ਲੱਭੇ ਤਾਂ ਕਿਹੜਾ ਛੱਡੇ
ਜਾਦੂ ਟੂਣਿਆਂ ਮੰਤਰ ਫੂਕ ਕੇ
ਕਈਆਂ ਬੱਚਿਆਂ ਦੇ ਸਿਰ ਵੱਡੇ
ਚੰਨ ਤੱਕ ਪਹੁੰਚ ਗਿਆ ਹੈ ਬੰਦਾ
ਮੰਗਲ ਵਿੱਚੋ ਲੱਭੇ ਪਾਣੀ
ਰੱਬ ਹੀ ਜਾਣੇ ਇਹ ਵਹਿਮਾਂ ਦੀ
ਕਦੋਂ ਮੁੱਕਣੀ ਇਹ ਕਹਾਣੀ
------------------------
ਕੀਰਤ ਸਿੰਘ ਤਪੀਆ
ਪਟਿਆਲਾ