ਸਰਕਾਰਾਂ ਵੱਲੋਂ ਦਲਿਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਕੱਟ ਲਾਇਆ ਜਾ ਰਿਹਾ ਹੈ : ਆਗੂ
ਬਰਨਾਲਾ, 5 ਅਕਤੂਬਰ (ਧਰਮਪਾਲ ਸਿੰਘ, ਬਲਜੀਤ ਕੌਰ) ਦਲਿਤ ਮੁਕਤੀ ਮਾਰਚ ਦੇ ਆਖ਼ਰੀ ਦਿਨ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਉੱਪਰਲੀ ਜ਼ਮੀਨ ਵੰਡਾਉਣ ਲਈ ਪਿੰਡ ਪੱਧਰੀ ਜ਼ਮੀਨੀ ਘੋਲ ਉਸਾਰਨ ਦਾ ਸੱਦਾ ਦਿੰਦਿਆ ਪਿੰਡ ਸੇਖਾ ਵਿਖੇ ਸਮਾਪਤ ਹੋ ਗਿਆ | ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਨੇ ਦੱਸਿਆ ਕਿ 20 ਅਗਸਤ ਨੂੰ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਤੋਲੇਵਾਲ ਤੋਂ ਸ਼ੁਰੂ ਕੀਤਾ ਦਲਿਤ ਮੁਕਤੀ ਮਾਰਚ 300 ਪਿੰਡਾਂ ਵਿੱਚ ਜਮੀਨੀ ਘੋਲ ਤੇਜ਼ ਕਰਨ ਲਈ ਲਾਮਬੰਦੀ ਦਾ ਸੱਦਾ ਦਿੰਦਿਆਂ ਅੱਜ 47ਵੇਂ ਦਿਨ ਪਿੰਡ ਸੇਖਾ ਦੀ ਨਜੂਲ ਜਮੀਨ ਵਿੱਚ ਝੰਡਾ ਲਹਿਰਾਉਣ ਤੋਂ ਬਾਅਦ ਸਮਾਪਤ ਕੀਤਾ ਗਿਆ। ਇਸ ਮੌਕੇ ਵੱਖ ਵੱਖ ਪਿੰਡਾਂ ਤੋਂ ਮਾਰਚ ਵਿੱਚ ਸ਼ਾਮਿਲ ਸੈਂਕੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਪਿੰਡਾਂ ਅੰਦਰ ਦਲਿਤ ਅੱਜ ਵੀ ਖੁੱਡਿਆਂ ਵਰਗੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਦਲਿਤ ਅੱਜ ਵੀ ਬੇਜਮੀਨੇ ਹੋਣ ਅਤੇ ਜਾਤੀ ਦਾਬੇ ਦਾ ਸੰਤਾਪ ਭੋਗਦਿਆਂ ਬਿਲਕੁਲ ਹਾਸ਼ੀਏ ਉੱਪਰ ਧੱਕੇ ਹੋਏ ਹਨ, ਜਿਹਨਾਂ ਦੀ ਬੁਨਿਆਦੀ ਤਬਦੀਲੀ ਲਈ ਸਰਕਾਰ ਕੋਈ ਵੀ ਠੋਸ ਕਦਮ ਚੁੱਕਣ ਲਈ ਤਿਆਰ ਨਹੀਂ। ਉਹਨਾਂ ਕਿਹਾ ਕਿ ਦਲਿਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਆਟਾ ਦਾਲ ਅਤੇ ਮਨਰੇਗਾ ਵਰਗੀਆਂ ਸਕੀਮਾਂ ਉੱਪਰ ਵੀ ਲਗਾਤਾਰ ਕੱਟ ਲਾਇਆ ਜਾ ਰਿਹਾ ਹੈ। ਉਹਨਾਂ ਦਲਿਤਾਂ ਨੂੰ ਇਸ ਗੁਰਬਤ ਦੀ ਜ਼ਿੰਦਗੀ ਵਿੱਚੋਂ ਬਾਹਰ ਨਿਕਲਣ ਲਈ ਜਮੀਨ ਦੀ ਕਾਣੀ ਵੰਡ ਅਤੇ ਜਾਤੀ ਦਾਬੇ ਖਿਲਾਫ ਪਿੰਡ ਪੱਧਰੀ ਜਮੀਨੀ ਘੋਲ ਉਸਾਰਨ ਦਾ ਸੱਦਾ ਦਿੱਤਾ। ਇਸ ਮੌਕੇ ਜੋਨਲ ਸੈਕਟਰੀ ਗੁਰਵਿੰਦਰ ਸਿੰਘ ਬੌੜਾ ਅਤੇ ਜਗਤਾਰ ਸਿੰਘ ਤੋਲੇਵਾਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਜਮੀਨ ਹੱਦਬੰਦੀ ਕਾਨੂੰਨ ਮੁਤਾਬਕ 17 ਏਕੜ ਤੋਂ ਉੱਪਰਲੀ ਜਮੀਨ ਬੇਜਮੀਨੇ ਲੋਕਾਂ ਅਤੇ ਦਲਿਤਾਂ ਵਿੱਚ ਵੰਡਾਉਣ, ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਪੱਕੇ ਤੌਰ 'ਤੇ ਵੰਡਾਉਣ, ਨਜੂਲ ਜਮੀਨਾਂ ਦੇ ਮਾਲਕੀ ਹੱਕ ਲੈਣ, ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਅਤੇ ਉਸਾਰੀ ਲਈ ਗ੍ਰਾਂਟ ਜਾਰੀ ਕਰਵਾਉਣ, ਮਜ਼ਦੂਰਾਂ ਦਾ ਸਰਕਾਰੀ ਅਤੇ ਗੈਰ ਸਰਕਾਰੀ ਸਮੁੱਚਾ ਕਰਜ਼ਾ ਮੁਆਫ ਕਰਾਉਣ ਅਤੇ ਬਿਨਾਂ ਵਿਆਜ ਕਰਜੇ ਦਾ ਪ੍ਰਬੰਧ ਕਰਨ, ਲਾਲ ਲਕੀਰ ਅੰਦਰ ਆਉਂਦੇ ਘਰਾਂ ਦੇ ਮਾਲਕੀ ਹੱਕ ਲੈਣ, ਸਾਰਾ ਸਾਲ ਰੋਜਗਾਰ ਅਤੇ ਦਿਹਾੜੀ ਇੱਕ ਹਜ਼ਾਰ ਰੁਪਏ ਹਰ ਖੇਤਰ ਚ ਕਰਨ ਅਤੇ ਜਾਤੀ ਵਿਤਕਰਾ ਖਤਮ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਗਠਨ ਸੇਖਾ ਪਿੰਡ ਦੀ ਨਜੂਲ ਜਮੀਨ ਦੀ ਪ੍ਰਾਪਤੀ ਤੋ ਸ਼ੁਰੂ ਹੋਇਆ ਸੀ ਅਤੇ ਅੱਜ ਹਜ਼ਾਰਾਂ ਏਕੜ ਜਮੀਨ ਦਲਿਤਾਂ ਨੂੰ ਸੰਘਰਸ਼ ਤੋਂ ਬਾਅਦ ਵੰਡਾਈ ਗਈ ਹੈ। ਅੰਤ ਵਿੱਚ ਸ਼ਿੰਗਾਰਾ ਸਿੰਘ ਹੇੜੀਕੇ ਵੱਲੋਂ ਦਲਿਤ ਮੁਕਤੀ ਮਾਰਚ ਨੂੰ ਸਫਲ ਬਣਾਉਣ ਲਈ ਤਨ ਮਨ ਧਨ ਨਾਲ ਮਦਦ ਕਰਨ ਵਾਲੇ ਸਮੁੱਚੇ ਲੋਕਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਦਲਿਤ ਮੁਕਤੀ ਮਾਰਚ ਵਿੱਚ ਲਗਾਤਾਰ ਜਿੰਮੇਵਾਰੀ ਨਿਭਾਉਣ ਵਾਲੇ ਜਸਵਿੰਦਰ ਸਿੰਘ ਹੇੜੀਕੇ ਤੇ ਨਾਟਕ ਟੀਮ ਸ਼ੀਤਲ ਰੰਗਮੰਚ ਸਮੇਤ ਕਈ ਕਾਰਕੁਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਬਿਨਾਂ ਗੁਰਚਰਨ ਸਿੰਘ ਘਰਾਚੋਂ, ਗੁਰਦਾਸ ਸਿੰਘ ਝਲੂਰ ਧੰਨਾ ਸਿੰਘ ਸੇਖਾ ਆਦਿ ਨੇ ਸੰਬੋਧਨ ਕੀਤਾ।