ਬਹੁਜਨਾਂ ਦੇ ਮਸੀਹਾ, ਬਹੁਜਨ ਨਾਇਕ, ਕ੍ਰਾਂਤੀਕਾਰੀ, ਮਹਾਨ ਤਿਆਗੀ,ਤਪੱਸਵੀ,ਬਹੁਜਨਾਂ ਦੇ ਮਾਰਗ ਦਰਸ਼ਕ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਕਾਂਸ਼ੀ ਰਾਮ ਦੀ ਤਿਆਗ ਅਤੇ ਸਘੰਰਸ਼ ਭਰੀ ਜ਼ਿੰਦਗੀ ਦੀ ਦਾਸਤਾਨ-
ਬਾਬੂ ਕਾਂਸ਼ੀ ਰਾਮ ਜੀ ਵਰਗੇ ਮਹਾਨ ਇਨਸਾਨ, ਰਹਿਬਰ ਕੌਮ ਨੂੰ ਸਦੀਆਂ ਬਾਅਦ ਮਿਲਦੇ ਹਨ ਸਾਡੀ ਬਦਕਿਸਮਤੀ ਹੈ ਕਿ ਅਸੀਂ ਉਹਨਾਂ ਨੂੰ ਸਹੀ ਵਕਤ ਤੇ ਪਹਿਚਾਣ ਨਹੀਂ ਸਕੇ। ਪੰਜਾਬ,ਜੋ ਕਿ ਉਹਨਾਂ ਦੀ ਜੰਮਣ ਭੋਂਇ ਹੈ , ਇੱਥੋਂ ਉਹ ਹਮੇਸ਼ਾ ਹੀ ਨਿਰਾਸ਼ ਰਹੇ। ਕਦੇ ਕਦੇ ਮੈਨੂੰ ਲੱਗਦਾ ਹੈ ਕਿ ਸਾਡੇ ਨਾਲੋਂ ਤਾਂ ਯੂ ਪੀ ਤੇ ਬਿਹਾਰ ਵਰਗੇ ਸੂਬਿਆਂ ਦੇ ਲੋਕ ਹੀ ਸਿਆਣੇ ਰਹੇ , ਜਿੰਨਾ ਉਹਨਾਂ ਦੀ ਸਰਵਪੱਖੀ ਸੋਚ ਤੇ ਅਜ਼ੀਮ ਸ਼ਖ਼ਸੀਅਤ ਨੂੰ ਸਮਝਕੇ ਸਰਕਾਰਾਂ ਬਣਾ ਦਿੱਤੀਆਂ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵਰਗੇ ਮਹਾਨ ਇਨਸਾਨ ਹੁਣ ਕਦ ਕੌਮ ਨੂੰ ਮਿਲਣਗੇ ਜਾਂ ਨਹੀਂ। ਉਹਨਾਂ ਦੇ ਦੋ ਤਿੰਨ ਵਾਰ ਸਾਹਮਣਿਓਂ ਦਰਸ਼ਨ ਕਰਨ ਦਾ ਮੌਕਾ ਮਿਲਿਆ। ਯਾਦਾਂ ਦੇ ਝਰੋਖੇ ਵਿੱਚੋਂ ਸਾਂਝੀਆਂ ਕਰਨ ਲੱਗਿਆਂ ਹਾਂ।
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਹ ਮਾਲਵਾ ਖੇਤਰ ਦੇ ਬਰਨਾਲਾ ਜ਼ਿਲ੍ਹੇ ਵਿੱਚ ਆਪਣੇ ਚੋਣ ਪ੍ਰਚਾਰ ਤੇ ਨਿਕਲੇ ਹੋਏ ਸਨ। ਉਸ ਵੇਲੇ ਉਹਨਾਂ ਨੇ ਪੰਜਾਬ ਦੇ ਜੰਮਪਲ ਇੱਕ ਧਨਾਢ ਪਰਿਵਾਰ ਦੇ ਮੈਂਬਰ ਰਵੀਇੰਦਰ ਸਿੰਘ ਨੂੰ ਆਪਣੇ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਹੋਇਆ ਸੀ। ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਡਵੋਕੇਟ ਨਰੇਸ਼ ਕੁਮਾਰੀ ਦੇ ਚੋਣ ਜਲਸੇ ਨੂੰ ਸੰਬੋਧਨ ਕਰਨ ਲਈ ਆ ਰਹੇ ਸਨ। ਬਰਨਾਲਾ ਦੇ ਹੰਢਿਆਇਆ ਬਜ਼ਾਰ ਵਿੱਚ ਸਟੇਜ ਲੱਗੀ ਹੋਈ ਸੀ,ਸ਼ਾਮ ਨੂੰ ਲੋਕ ਉਨ੍ਹਾਂ ਨੂੰ ਉਡੀਕ ਰਹੇ ਸਨ। ਸਥਾਨਕ ਲੀਡਰ ਬੋਲ ਚੁੱਕੇ ਸਨ, ਸਟੇਜ ਤੋਂ ਸਾਹਿਬ ਦੇ ਆਉਣ ਦਾ ਵਾਰ ਵਾਰ ਜ਼ਿਕਰ ਹੋ ਰਿਹਾ ਸੀ। ਹੁਣ ਲੋਕਾਂ ਵਿੱਚ ਚਰਚਾ ਛਿੜ ਪਈ ਕਿ ਸਾਹਿਬ ਲੇਟ ਹੋ ਗਏ ਹਨ। ਉਹ ਹੁਣ ਨੀ ਆਉਂਦੇ।ਬਸ ਲੋਕ ਉੱਠਣ ਲੱਗ ਪਏ ਸਨ । ਪੰਡਾਲ ਖਾਲੀ ਹੋਣ ਲੱਗ ਪਿਆ ਕਿ ਅਚਾਨਕ ਹੀ ਸਾਹਿਬ ਸਟੇਜ ਤੇ ਆ ਗਏ। ਉਹਨਾਂ ਆਉਂਦਿਆਂ ਹੀ ਵਿਧਾਨ ਸਭਾ ਹਲਕੇ ਬਰਨਾਲੇ ਦੇ ਉਮੀਦਵਾਰ ਐਡਵੋਕੇਟ ਨਰੇਸ਼ ਕੁਮਾਰੀ ਬਾਵਾ ਦਾ ਨਾਂਅ ਲੈਕੇ ਕਿਹਾ ਕਿ ਮੈਂ ਬਰਨਾਲੇ ਤੋਂ ਇਸ ਚੁਮਾਰੀ ਨੂੰ ਤੁਹਾਡੇ ਲਈ ਵਧੀਆ ਉਮੀਦਵਾਰ ਵਜੋਂ ਟਿਕਟ ਦੇਕੇ ਮੈਦਾਨ ਵਿੱਚ ਉਤਾਰਿਆ ਹੈ ਇਸ ਲਈ ਹੁਣ ਤੁਹਾਡੀ ਵਾਰੀ ਆ ਇਸ ਨੂੰ ਜਿਤਾਉਣ ਦੀ। ਬਸਪਾ ਮੌਕੇ ਦੇ ਆਗੂਆਂ ਦੀ ਉਹਨਾਂ ਸਟੇਜ ਤੋਂ ਹੀ ਚੰਗੀ ਝਾੜ ਝੰਬ ਵੀ ਕੀਤੀ ਕਿ ਤੁਸੀਂ ਰਜਵਾੜਿਆਂ ਅਕਾਲੀਆਂ ਕਾਂਗਰਸੀਆਂ ਵਾਂਗ ਲੋਕਾਂ ਨੂੰ ਨੀਵੇਂ ਸਮਝਦੇ ਹੋ। ਤੁਸੀਂ ਵਿਗੜੇ ਹੋਏ ਹੋ , ਜਿਸ ਕਰਕੇ ਮੈਨੂੰ ਇੱਕ ਜੱਟ ਰਵੀਇੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਣਾ ਪਿਆ, ਕਿ ਜੇਕਰ ਕੋਈ ਸਾਡਾ ਭਾਰ ਫ੍ਰੀ ਵਿਚ ਢੋਅ ਦੇਵੇ ਤਾਂ ਸਾਨੂੰ ਉਸ ਨੂੰ ਵਰਤ ਲੈਣਾ ਚਾਹੀਦਾ ਹੈ। ਉਹਨਾਂ ਦੇ ਤਿੱਖੇ ਤੇ ਰੜਕਦੇ ਬੋਲ ਪਾਰਟੀ ਆਗੂਆਂ ਨੂੰ ਹਲੂਣਾ ਦਿੰਦੇ ਸਨ। ਉਸ ਵਕਤ ਰਾਤ ਦੇ ਗਿਆਰਾਂ ਵੱਜ ਗਏ ਸਨ ਤੇ ਉਨ੍ਹਾਂ ਕਿਹਾ ਕਿ ਮੈਂ ਬਠਿੰਡੇ ਜਿਲ੍ਹੇ ਦੇ ਹਲਕੇ ਰਾਮਪੁਰਾ ਫੂਲ ਚ ਬਾਰਾਂ ਵਜੇ ਸੰਬੋਧਨ ਕਰਨਾ ਹੈ। ਉਹਨਾਂ ਸਾਡੇ ਸਾਹਮਣੇ ਸਟੇਜ ਤੇ ਖਲੋਕੇ ਹੀ ਇੱਕ ਦੋ ਰੋਟੀਆਂ ਵੀ ਛਕੀਆਂ । ਉਹਨਾਂ ਸਦੀਆਂ ਤੋਂ ਸੁੱਤੇ ਪਏ ਆਪਣੇ ਸਮਾਜ ਨੂੰ ਜਗਾਉਣ ਲਈ ਨਾ ਦਿਨ ਦੇਖਿਆ ਨਾ ਰਾਤ।ਪਰ ਸਾਡੇ ਆਪਣੇ ਹੀ ਲੀਡਰ ਬਣਕੇ ਸਾਹਿਬ ਕਾਂਸ਼ੀ ਰਾਮ ਜੀ ਨਾਲ ਦਗ਼ਾ ਕਮਾਵਣ ਵਾਲੇ ਸਨ। ਸਾਹਿਬ ਕਾਂਸ਼ੀ ਰਾਮ ਅਕਸਰ ਹੀ ਸਟੇਜ ਤੇ ਖਲੋਕੇ ਚੁਮਾਰ ਭਾਈਚਾਰੇ ਨੂੰ ਚੰਗਾ ਪਰੋਸਾ ਦਿੰਦੇ ਸਨ ਕਿ ਮੇਰੇ ਲੋਕ, ਦੁਆਬੇ ਦੇ ਚੁਮਾਰ ਵਿਕਾਊ ਹਨ, ਇਹ ਧਨਾਢ ਪਰਿਵਾਰਾਂ ਦੀ ਚਾਪਲੂਸੀ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਨ ਜਦਕਿ ਮੈਂ ਇਹਨਾਂ ਨੂੰ ਬਹੁਜਨ ਸਮਾਜ ਦੀ ਉਸਾਰੀ ਲਈ ਕਹਿੰਦਾ ਹਾਂ।
ਸਾਹਿਬ ਕਾਂਸ਼ੀ ਰਾਮ ਬਾਰੇ ਇੱਕ ਹੋਰ ਜਾਣਕਾਰੀ ਹੈ ਕਿ ਉਹ 1983 ਦੇ ਦਿਨਾਂ ਵਿੱਚ ਇੱਕ ਵਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਿਲੇ ਸਨ। ਉਹਨਾਂ ਦੀ ਸ਼ਖ਼ਸੀਅਤ ਤੋਂ ਸੰਤ ਜੀ ਵੀ ਕਾਫੀ ਪ੍ਰਭਾਵਿਤ ਹੋਏ। ਦੇਸ਼ ਦੀ ਰਾਜਨੀਤੀ ਬਾਰੇ ਦੋਵੇਂ ਆਗੂਆਂ ਵਿੱਚ ਕਾਫੀ ਵਿਚਾਰ ਵਟਾਂਦਰਾ ਹੋਇਆ,ਪਰ ਦੋਹਾਂ ਆਗੂਆਂ ਦੇ ਰਸਤੇ ਵੱਖਰੇ ਵੱਖਰੇ ਸਨ। ਭਾਵੇਂ ਕਿ ਕਾਂਗਰਸ ਤੇ ਭਾਜਪਾ ਦੇ ਮੁਕਾਬਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਲਈ ਸਾਹਿਬ ਕਾਂਸ਼ੀ ਰਾਮ ਜੀ ਹੀ ਵਧੇਰੇ ਸਾਰਥਿਕ ਸਨ ਪਰ ਕੋਈ ਸਾਂਝਾ ਪਲੇਟਫਾਰਮ ਨਾ ਬਣ ਸਕਿਆ। ਅਖੀਰ ਸਾਹਿਬ ਨੇ ਸੰਤਾਂ ਤੋਂ ਵਿਦਾਇਗੀ ਲੈਂਦਿਆਂ ਕਿਹਾ ਕਿ ਸੰਤ ਜੀ, ਤੁਸੀਂ ਵੀ ਬੰਬ ਬਣਾਉਦੇ ਹੋ , ਮੈਂ ਵੀ ਬੰਬ ਬਣਾਉਂਦਾ ਹਾਂ ।ਯਾਦ ਰੱਖਿਓ ਤੁਹਾਡੇ ਬਣਾਏ ਹੋਏ ਬੰਬਾਂ ਨੂੰ ਕੇਂਦਰ ਸਰਕਾਰ ਦੀ ਫੌਜ ਤਬਾਹ ਕਰ ਦੇਵੇਗੀ,ਪਰ ਮੇਰੇ ਬਣਾਏ ਹੋਏ ਬੰਬ ਪਾਰਲੀਮੈਂਟ ਵਿੱਚ ਕਾਂਗਰਸ ਨੂੰ ਤਬਾਹ ਕਰ ਦੇਣਗੇ। ਸਾਹਿਬ ਦੀ ਇਹ ਗੱਲ ਸਮਾਂ ਪਾਕੇ ਸੱਚ ਸਾਬਤ ਹੋਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਜੁਝਾਰੂ ਸਿੰਘ ਜੂਨ ਚੁਰਾਸੀ ਵਿੱਚ ਭਾਰਤੀ ਫੌਜ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਤੇ ਬਸਪਾ ਦੇ ਐਮ ਪੀਆਂ ਨੇ ਪਾਰਲੀਮੈਂਟ ਵਿੱਚ ਕਾਂਗਰਸ ਪਾਰਟੀ ਨੂੰ ਖਤਮ ਕਰਨ ਦੇ ਕੰਢੇ ਤੇ ਪਹੁੰਚਾ ਦਿੱਤਾ ਸੀ।
ਇਹ ਗੱਲ 1998 ਦੀ ਹੈ। ਸਾਹਿਬ, ਜੋਧਪੁਰ (ਰਾਜਸਥਾਨ) ਦੇ ਵਿਧਾਨ ਸਭਾ ਹਲਕਾ 'ਓਸੀਅਨ' ਵਿੱਚ ਬਹੁਤ ਭਾਰੀ ਜਲੂਸ ਕੱਢਿਆ ਗਿਆ ਸੀ।
ਜਿਵੇਂ ਹੀ ਸਾਹਿਬ ਇਕੱਠ ਨੂੰ ਸੰਬੋਧਨ ਕਰਨ ਲਈ ਖੜ੍ਹੇ ਹੋਏ ਤਾਂ ਉਥੋਂ ਦੀ ਭੀੜ ਵਿੱਚ ਚੀਕਣ ਅਤੇ ਚਿਲਾਉਣ ਦੀ ਆਵਾਜ਼ ਸੁਣਾਈ ਦੇਣ ਲੱਗੀ।
ਸਾਹਿਬ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ ਹੈ। ਅਸਲ ਵਿੱਚ ਇੱਕ ਸੌ ਔਰਤਾਂ ਅਤੇ ਬੱਚੇ ਰੋਣ ਲੱਗ ਪਏ ਸਨ। ਸਾਹਿਬ ਨੇ ਸਟੇਜ 'ਤੇ ਬੈਠੇ ਸ਼ਿਵਦਾਨ ਮੇਘਵਾਲ ਨੂੰ ਪੁੱਛਿਆ, ਇਹ ਕੀ ਗੱਲ ਹੈ?
ਸ਼ਿਵਦਾਨ ਨੇ ਸਾਹਿਬ ਨੂੰ ਕਿਹਾ, “ਸਾਹਿਬ ਜੀ, ਇਹ ਔਰਤਾਂ ਅਤੇ ਮਰਦ ਆਪਣੀ ਮਾਰਵਾੜੀ ਭਾਸ਼ਾ ਵਿੱਚ ਬੋਲ ਰਹੇ ਹਨ। ਉਹ ਕਹਿ ਰਹੇ ਹਨ ਕਿ ਅਸੀਂ ਪਿੰਡ ਮਠਾਣੀਆਂ ਤੋਂ ਆਏ ਹਾਂ। ਸਾਡੇ ਪਿੰਡ ਦਾ ਮੁਖੀਆ ਉੱਚੀ ਜਾਤ ਦਾ ਹੈ। ਉਹ ਸਾਡੇ ਗਰੀਬ ਲੋਕਾਂ ਨੂੰ ਆਪਣੇ ਗੁੰਡਿਆਂ ਰਾਹੀਂ ਡਰਾ ਧਮਕਾ ਕੇ ਪਿੰਡ ਛੱਡਣ ਲਈ ਮਜਬੂਰ ਕਰ ਰਿਹਾ ਹੈ। ਸਾਡੇ ਘਰਾਂ ਨੂੰ ਅੱਗ ਲਾ ਦਿੱਤੀ ਗਈ। ਸਾਨੂੰ ਕੁੱਟਿਆ ਗਿਆ ਅਤੇ ਸਾਡੀ ਇੱਜ਼ਤ ਨੂੰ ਢਾਹ ਲੱਗੀ। ਸਰਕਾਰ ਹੋਵੇ ਜਾਂ ਅਦਾਲਤ, ਸਾਡੀ ਸ਼ਿਕਾਇਤ ਕਿਸੇ ਨੇ ਨਹੀਂ ਸੁਣੀ। ਤੁਸੀਂ ਦੱਸੋ ਸਾਨੂੰ ਕੀ ਕਰਨਾ ਚਾਹੀਦਾ ਹੈ?"
ਜਦੋਂ ਸਾਹਿਬ ਨੇ ਇਹ ਸਭ ਸੁਣਿਆ ਤਾਂ ਇੰਜ ਜਾਪਿਆ ਜਿਵੇਂ ਉਂਨ੍ਹਾਂ ਦੀਆਂ ਅੱਖਾਂ ਵਿਚ ਖੂਨ ਵਹਿ ਗਿਆ ਹੋਵੇ। ਉਸ ਨੇ ਸ਼ਿਵਦਾਨ ਨੂੰ ਗੁੱਟ ਤੋਂ ਫੜ ਕੇ ਕਿਹਾ, ਹੁਣ ਮੇਰੀ ਤਰਫੋਂ ਮਾਰਵਾੜੀ ਭਾਸ਼ਾ ਵਿੱਚ, ਤੁਸੀਂ ਇਹਨਾਂ ਨੂੰ ਦੱਸੋ ਕਿ ਕਾਂਸ਼ੀ ਰਾਮ ਕਹਿ ਰਿਹਾ ਹੈ ਕਿ ਮੈਨੂੰ ਰੋਂਦੇ ਅਤੇ ਚੀਕਣ ਵਾਲੇ ਕੁੱਤੇ ਨਹੀਂ ਚਾਹੀਦੇ, ਸਗੋਂ ਦੁਸ਼ਮਣ ਨੂੰ ਵੱਢਣ/ਕੱਟਣ ਅਤੇ ਮਾਰਨ ਵਾਲੇ ਕੁੱਤੇ ਚਾਹੀਦੇ ਹਨ।
ਬਠਿੰਡਾ ਜ਼ਿਲ੍ਹੇ ਦੇ ਕਸਬੇ ਭਗਤਾ ਭਾਈ ਕਾ ਵਿਖੇ ਸਾਹਿਬ ਚੋਣ ਪ੍ਰਚਾਰ ਦੌਰਾਨ ਸਟੇਜ ਤੋਂ ਬੋਲ ਰਹੇ ਸਨ ਕਿ ਅਸਮਾਨ ਤੇ ਇੱਕ ਹੈਲੀਕਾਪਟਰ ਦੀ ਗੂੰਜ ਨਾਲ ਲੋਕਾਂ ਦਾ ਧਿਆਨ ਉਧਰ ਨੂੰ ਹੋ ਗਿਆ, ਤਾਂ ਸਾਹਿਬ ਜੀ ਕਹਿਣ ਲੱਗੇ,ਆਹ ਯੂ ਪੀ ਦੀ ਇੱਕ ਚੁਮਾਰੀ ਨੇ ਮੇਰੀ ਗੱਲ ਮੰਨੀ ਸੀ , ਹੁਣ ਦੇਖੋ ਤੁਹਾਡੇ ਸਾਹਮਣੇ ਆਉਂਦੀ ਹੈ ਨਾ ਹੈਲੀਕਾਪਟਰ ਵਿਚ ਘੁੰਮਦੀ । ਲੋਕਾਂ ਵਿੱਚ ਹਾਸੜ ਮੱਚ ਗਈ। ਸੱਚ ਮੁੱਚ ਇਸ ਹੈਲੀਕਾਪਟਰ ਚੋਂ ਉਸ ਸਮੇਂ ਦੀ ਯੂ ਪੀ ਦੀ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਅਗਲੇ ਪਲਾਂ ਵਿਚ ਸਟੇਜ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਹੱਥ ਹਿਲਾਕੇ ਸਵਾਗਤ ਕਰ ਰਹੀ ਸੀ।
ਅਵਤਾਰ ਸਿੰਘ ਰਾਏਸਰ ਬਰਨਾਲਾ
98143 21087