ਛੋਟੀ ਉਮਰ ਵਿੱਚ ਕੀਤੇ ਵਿਆਹ ਨੂੰ ਬਾਲ ਵਿਆਹ ਕਹਿੰਦੇ ਹਨ। ਲੜਕੀਆਂ ਨੇ ਜੋ ਸੁਪਨੇ ਬਚਪਨ ਵਿੱਚ ਕੁੱਝ ਨਾ ਕੁੱਝ ਬਣਨ ਦੇ ਲਏ ਹੁੰਦੇ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਦਿਨ-ਰਾਤ ਮਿਹਨਤ ਕਰਦੀਆਂ ਹਨ। ਤਾਂ ਜੋ ਸੁਪਨਿਆਂ ਨੂੰ ਵੱਡੇ ਹੋ ਕੇ ਸਾਕਾਰ ਕੀਤਾ ਜਾ ਸਕੇ। ਪ੍ਰੰਤੂ ਉਹਨਾਂ ਦੇ ਸੁਪਨਿਆਂ ਨੂੰ ਪਰਿਵਾਰ ਵੱਲੋਂ ਮਿੱਟੀ 'ਚ ਮਿਲਾ ਦਿੱਤਾ ਜਾਂਦਾ ਜਦੋਂ ਉਹਨਾਂ ਨੂੰ ਬਿਨਾਂ ਪੁੱਛੇ, ਬਿਨਾਂ ਦੱਸੇ ਉਹਨਾਂ ਦਾ ਬਾਲ ਵਿਆਹ ਕਰ ਦਿੱਤਾ ਜਾਂਦਾ ਹੈ। ਉਹਨਾਂ ਉਤੇ ਅਚਾਨਕ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ।ਉਹ ਲਾਚਾਰ ਤੇ ਬੇਵੱਸ ਹੋ ਕੇ ਰਹਿ ਜਾਂਦੀਆਂ ਹਨ।
ਬ੍ਰਿਟਿਸ਼ ਬਸਤੀਵਾਦੀ ਸਮੇਂ ਦੌਰਾਨ, ਵਿਆਹ ਦੀ ਘੱਟੋ-ਘੱਟ ਉਮਰ ਕਾਨੂੰਨ ਦੇ ਤੌਰ ਤੇ ਕੁੜੀਆਂ ਲਈ 14 ਸਾਲ ਅਤੇ ਮੁੰਡਿਆਂ ਲਈ 18 ਸਾਲ ਨਿਰਧਾਰਤ ਕੀਤੀ ਗਈ ਸੀ। ਬ੍ਰਿਟਿਸ਼ ਭਾਰਤ ਵਿੱਚ ਇੱਕ ਕਾਨੂੰਨ ਦੇ ਤਹਿਤ 1929 ਈ. ਵਿੱਚ ਬਾਲ ਵਿਆਹ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਵਿਆਹ ਲਈ ਘੱਟੋ-ਘੱਟ ਕਾਨੂੰਨੀ ਉਮਰ 1949 ਈ. ਵਿੱਚ ਕੁੜੀਆਂ ਲਈ 15 ਸਾਲ, ਅਤੇ 1978 ਈ. ਵਿੱਚ ਕੁੜੀਆਂ ਲਈ 18 ਅਤੇ ਮੁੰਡਿਆਂ ਲਈ 21 ਸਾਲ ਕਰ ਦਿੱਤੀ ਗਈ ਸੀ। ਬਾਲ ਵਿਆਹ ਰੋਕਥਾਮ ਕਾਨੂੰਨਾਂ ਨੂੰ ਭਾਰਤੀ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਗਈ। ਮੌਜੂਦਾ ਸਮੇਂ ਕਾਨੂੰਨੀ ਤੌਰ 'ਤੇ ਵਿਆਹ ਦੀ ਘੱਟੋ-ਘੱਟ ਉਮਰ ਮੁੰਡਿਆਂ ਲਈ 21 ਸਾਲ ਅਤੇ ਕੁੜੀਆਂ ਲਈ 18 ਸਾਲ ਨਿਰਧਾਰਤ ਕੀਤੀ ਗਈ ਹੈ। ਬਾਲ ਵਿਆਹ ਕਰਨ ਦੇ ਮੁੱਖ ਦੋ ਕਾਰਨ ਸਨ।
ਪਹਿਲਾ ਕਾਰਨ ਇਹ ਸੀ ਕਿ ਪਹਿਲੇ ਸਮਿਆਂ ਵਿੱਚ ਕੁੜੀਆਂ ਨੂੰ ਜੰਮਦਿਆਂ ਮਾਰ ਦਿੱਤਾ ਜਾਂਦਾ ਸੀ। ਜਿਹੜੀਆਂ ਕੁੜੀਆਂ ਮਰਨ ਤੋਂ ਬਚ ਜਾਂਦੀਆਂ ਸਨ, ਉਨ੍ਹਾਂ ਕੁੜੀਆਂ ਦਾ ਪਾਲਣ-ਪੋਸ਼ਣ ਮੁੰਡਿਆਂ ਦੀ ਤਰ੍ਹਾਂ ਪੂਰੀ ਖੁਰਾਕ ਦੇ ਕੇ ਨਹੀਂ ਕੀਤਾ ਜਾਂਦਾ ਸੀ। ਬੀਮਾਰੀ ਸਮੇਂ ਪੂਰਾ ਇਲਾਜ ਨਹੀਂ ਕੀਤਾ ਜਾਂਦਾ ਸੀ। ਜਿਸ ਕਰਕੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਮਰਨ ਦਰ ਵੀ ਜ਼ਿਆਦਾ ਸੀ। ਇਸ ਕਰਕੇ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਘੱਟ ਹੁੰਦੀਆਂ ਸਨ । ਜਿਸ ਕਰਕੇ ਬਾਲ ਵਿਆਹ ਕੀਤੇ ਜਾਂਦੇ ਸਨ।
ਦੂਜਾ ਇਹ ਕਿ ਜਦ ਅਰਬਾਂ, ਤੁਰਕਾਂ, ਮੁਗਲਾਂ ਅਤੇ ਹੋਰ ਧਾੜਵੀਆਂ ਨੇ ਹਮਲੇ ਕਰਨੇ ਸ਼ੁਰੂ ਕੀਤੇ, ਲੁੱਟਣਾ ਸ਼ੁਰੂ ਕੀਤਾ ਤਾਂ ਉਹ ਇੱਥੋਂ ਦੀਆਂ ਸੋਹਣੀਆਂ ਕੁਆਰੀਆਂ ਕੁੜੀਆਂ ਨੂੰ ਵੀ ਉਧਾਲ ਕੇ ਨਾਲ਼ ਲੈ ਜਾਂਦੇ ਸਨ। ਉਹਨਾਂ ਨੂੰ ਗਜਨੀ ਦੇ ਬਜ਼ਾਰਾਂ,ਮੰਡੀਆਂ ਵਿੱਚ ਉੱਚੀ ਕੀਮਤ ਉੱਤੇ ਵੇਚ ਦਿੱਤਾ ਜਾਂਦਾ ਸੀ।ਇਸ ਕਰਕੇ ਵੀ ਲੋਕਾਂ ਨੇ ਕੁੜੀਆਂ ਦੀ ਇੱਜ਼ਤ ਬਚਾਉਣ ਲਈ ਬਾਲ ਵਿਆਹ ਕਰਨੇ ਸ਼ੁਰੂ ਕੀਤੇ ਸਨ।
ਹੁਣ ਲੋਕ ਪੜ੍ਹ-ਲਿਖ ਗਏ ਹਨ। ਬਾਲ ਵਿਆਹਾਂ ਵਿੱਚ ਆਉਂਦੀਆਂ ਮੁਸ਼ਕਲਾਂ ਨੂੰ ਸਮਝਦੇ ਹਨ। ਸਰਕਾਰਾਂ ਨੇ ਵੀ ਬਾਲ ਵਿਆਹ ਕਰਨ ਤੇ ਕਾਨੂੰਨੀ ਪਾਬੰਦੀ ਲਾਈ ਹੋਈ ਹੈ। ਇਸ ਕਰਕੇ ਬਾਲ ਵਿਆਹ ਹੁਣ ਘਟ ਹੋ ਗਏ ਹਨ। ਜਿਹੜੇ ਕੋਈ ਬਾਲ ਵਿਆਹ ਹੁੰਦੇ ਵੀ ਹਨ, ਉਹ ਗਰੀਬ ਪਰਿਵਾਰ,ਵੱਡੇ ਪਰਿਵਾਰ ਜਿਸ ਵਿੱਚ ਕੁੜੀਆਂ ਦੀ ਗਿਣਤੀ ਜ਼ਿਆਦਾ ਹੈ, ਉਹ ਬਾਲ ਵਿਆਹ ਕਰਦੇ ਹਨ।
11 ਜੁਲਾਈ 2025 ਨੂੰ ਅਖ਼ਬਾਰ ਵਿੱਚ ਖ਼ਬਰ ਲੱਗੀ ਸੀ ਕਿ ਅਫਗਾਨਿਸਤਾਨ ਵਿੱਚ ਇੱਕ 6 ਸਾਲ ਦੀ ਬੱਚੀ ਦਾ ਵਿਆਹ 45 ਸਾਲ ਦੇ ਆਦਮੀ ਨਾਲ ਕਰ ਦਿੱਤਾ। ਤਾਲਿਬਾਨ ਅਧਿਕਾਰੀਆਂ ਨੇ ਲੜਕੀ ਨੂੰ ਸਹੁਰੇ ਘਰ ਜਾਣ ਤੋਂ ਰੋਕ ਦਿੱਤਾ ਪਰ 9 ਸਾਲ ਦੀ ਉਮਰ ਹੋਣ 'ਤੇ ਲਾੜੇ ਘਰ ਤੋਰਿਆ ਜਾ ਸਕਦਾ ਹੈ। ਲਾੜੇ ਨੇ ਲੜਕੀ ਦੇ ਪਰਿਵਾਰ ਨੂੰ ਪੈਸੇ ਦੇ ਕੇ ਰਿਸ਼ਤਾ ਤੈਅ ਕੀਤਾ ਸੀ। ਇਹ ਵਿਆਹ ਹੇਲਮੰਡ ਦੇ ਮਾਰਜਾ ਜਿਲ੍ਹੇ ਵਿੱਚ ਹੋਇਆ। ਦੇਸ਼ ਵਿੱਚ ਬਾਲ ਵਿਆਹਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਕੁੜੀਆਂ ਦੀ ਸਿੱਖਿਆ ਅਤੇ ਕੰਮ ਕਰਨ ਉੱਤੇ ਪਾਬੰਦੀਆਂ ਕਾਰਨ,ਬਹੁਤ ਸਾਰੇ ਮਾਪੇ ਕੁੜੀਆਂ ਨੂੰ ਬੋਝ ਸਮਝ ਰਹੇ ਹਨ ਅਤੇ ਉਹਨਾਂ ਦਾ ਵਿਆਹ ਜਲਦੀ ਕਰਵਾ ਰਹੇ ਹਨ। ਯੂਐਨ ਵੂਮੈਨ ਰਿਪੋਰਟ ਅਨੁਸਾਰ, ਤਾਲਿਬਾਨ ਵਿੱਚ ਔਰਤ ਵਿਰੋਧੀ ਕਾਨੂੰਨ ਹੋਣ ਕਰਕੇ ਬਾਲ ਵਿਆਹਾਂ ਦੀ ਗਿਣਤੀ ਵਿੱਚ 25% ਵਾਧਾ ਹੋਇਆ ਹੈ।
ਭਾਰਤ ਵਿੱਚ ਬਾਲ ਵਿਆਹ 47% ਦੇ ਕਰੀਬ ਹਨ । ਸਭ ਤੋਂ ਵੱਧ ਬਾਲ ਵਿਆਹ ਬਿਹਾਰ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ ਰਾਜਸਥਾਨ,ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼,ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਹਰਿਆਣਾ ਆਦਿ ਹਨ। ਪੰਜਾਬ ਵਿੱਚ ਵੀ ਬਾਲ ਵਿਆਹ ਹੁੰਦੇ ਹਨ, ਗੁਪਤ ਤਰੀਕੇ ਨਾਲ ਹੁੰਦੇ ਹਨ। ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਸੀ ਕਿ ਸਾਲ 2022 ਵਿੱਚ 31 ਬਾਲ ਵਿਆਹ, 2023 ਵਿੱਚ 20, ਸਾਲ 2024 ਵਿੱਚ 42, ਜੁਲਾਈ 2025 ਹੁਣ ਤੱਕ 26 ਮਾਮਲੇ ਰੋਕੇ ਜਾ ਚੁੱਕੇ ਹਨ। ਬਾਲ ਵਿਆਹ ਚੋਰੀ ਛਿਪੇ ਹੋ ਰਹੇ ਹਨ। ਕਈ ਸਕੂਲਾਂ ਵਿੱਚ ਪੜ੍ਹਦੇ ਮੁੰਡੇ-ਕੁੜੀਆਂ ਪਿਆਰ ਦੇ ਚੱਕਰਾਂ ਵਿੱਚ ਪੈ ਕੇ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਪਰ ਵਿਆਹ ਦੀ ਉਮਰ ਨਾ ਹੋਣ ਕਰਕੇ ਕੇਸ ਥਾਣੇ ਵਿੱਚ ਚਲਾ ਜਾਂਦਾ ਹੈ। ਜਿੱਥੇ ਮਾਪਿਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੁੰਡੇ-ਕੁੜੀ ਨੂੰ ਸਮਝਾ ਕੇ ਆਪੋ-ਆਪਣੇ ਘਰ ਭੇਜਿਆ ਜਾਂਦਾ ਹੈ। ਪਰ ਕਈ ਵਾਰ ਸਥਿਤੀ ਕੁੱਝ ਵੱਖਰੀ ਹੁੰਦੀ ਹੈ। ਜਿੱਥੇ ਸਮਾਜ ਵਿੱਚ ਹੋਈ ਬਦਨਾਮੀ ਕਰਕੇ ਕੁੜੀ ਦੇ ਪਰਿਵਾਰ ਵਾਲਿਆਂ ਵੱਲੋਂ ਅਣਖ ਖਾਤਰ ਦੋਵਾਂ ਦੇ ਕਤਲ ਕਰ ਦਿੱਤੇ ਜਾਂਦੇ ਹਨ। ਹੁਸ਼ਿਆਰਪੁਰ ਦੇ ਚੱਬੇਵਾਲ ਥਾਣਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਇੱਕ ਪਿਤਾ ਨੇ ਆਪਣਾ ਦੂਜਾ ਵਿਆਹ ਕਰਵਾਉਣ ਲਈ ਆਪਣੀ 16 ਸਾਲ ਦੀ ਧੀ ਨੂੰ ਬਿਨਾਂ ਵਿਆਹ ਤੋਂ ਜਨਵਰੀ 2025 ਵਿੱਚ ਇੱਕ ਅਧਖੜ ਨਾਲ ਤੋਰ ਦਿੱਤਾ। ਇਸ ਘਟਨਾਕ੍ਰਮ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਹੁਣ ਕੇਸ ਦਰਜ ਕੀਤਾ ਗਿਆ ਹੈ ਅਤੇ ਪਿੰਡ ਦੀ ਪੰਚਾਇਤ ਨੇ ਲੜਕੀ ਨੂੰ ਬਾਲ ਭਲਾਈ ਵਿਭਾਗ ਕੋਲ਼ ਪਹੁੰਚਾਇਆ। ਇਸ ਤਰ੍ਹਾਂ ਅਨੇਕਾਂ ਹੀ ਗੁਪਤ ਬਾਲ ਵਿਆਹ ਦੇ ਕੇਸ ਹੋਣਗੇ। ਜਿਹੜੇ ਉਜਾਗਰ ਨਹੀਂ ਹੁੰਦੇ।
ਬਾਲ ਵਿਆਹ ਦੀ ਰੋਕਥਾਮ ਲਈ ਸਮਾਜ ਦੇ ਲੋਕਾਂ,ਸਰਕਾਰਾਂ,ਵਿੱਦਿਅਕ ਸੰਸਥਾਂਵਾਂ, ਸਮਾਜਸੇਵੀ ਸੰਗਠਨਾਂ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ, ਸ਼ੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਪ੍ਰਚਾਰ ਹੋਣਾ ਚਾਹੀਦਾ ਹੈ। ਲੜਕੀਆਂ ਦੀ ਪੜ੍ਹਾਈ ਗਰੈਜੂਏਸ਼ਨ ਪੱਧਰ ਤੱਕ ਮੁਫ਼ਤ ਅਤੇ ਲਾਜ਼ਮੀ ਹੋਣੀ ਚਾਹੀਦਾ ਹੈ। ਬਾਲ ਵਿਆਹ ਕਰਨ ਅਤੇ ਕਰਵਾਉਣ ਵਾਲ਼ਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਚਾਈਲਡ ਹੈਲਪਲਾਈਨ ਨੰਬਰ 1098 ਅਤੇ ਵੂਮੈਨ ਹੈਲਪਲਾਈਨ 1091 ਦੀ ਐਮਰਜੈਂਸੀ ਵਿੱਚ ਵਰਤੋਂ ਕਰੋ।
ਕੁਲਦੀਪ ਸਿੰਘ ਫਤਿਹ ਮਾਜਰੀ
ਜ਼ਿਲ੍ਹਾ ਪਟਿਆਲਾ।
ਮੋ. 81460-00612