ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ
ਜਾਂ
ਗੁਰੂ ਗੋਬਿੰਦ ਸਿੰਘ ਜੀ ਦਾ ਪੂਰਬਲਾ ਜਨਮ ਸਥਾਨ:
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ
----------------------------------------------------------------------
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਹੇਮਕੁੰਟ, ਹੇਮਕੁੰਡ ਅਤੇ ਹੇਮਕੂਟ ਦਾ ਸ਼ਾਬਦਿਕ ਅਰਥ ਹੈ ਹਿਮਾਲਿਆ ਦੀ ਧਾਰਾ ਵਿੱਚ ਇੰਦ੍ਰਦਯੁਮਨਸਰ ਕੋਲ ਹੇਮਕੁੂਟ ਪਰਬਤ ਹੈ ਜਿਸ ਦਾ ਜ਼ਿਕਰ ਮਹਾਂਭਾਰਤ ਦੇ ਆਦਿ ਪਰਬ ਦੇ 119ਵੇਂ ਅਧਿਆਏ ਵਿੱਚ ਆਇਆ ਹੈ। ‘ਇੰਦ੍ਰਦਯੁਮਨਸਰ ਪ੍ਰਾਪਯ ਹੇਮਕੁਟ ਮਤੀਤਯਚ’ ਪਟਨੇ ਦੇ ਜ਼ਿਲ੍ਹੇ ਰਾਜਗਿਰੀ ਦੇ ਪੰਜ ਪਹਾੜਾਂ ’ਚੋਂ ‘ਰਤਨਗਿਰਿ’ ਦਾ ਨਾਂ ਵੀ ਹੇਮਕੂਟ ਹੈ। ਦਸਮ ਗ੍ਰੰਥ ਵਿੱਚ ਵੀ ਹੇਮਕੁੰਟ ਬਾਰੇ ਜ਼ਿਕਰ ਹੈ।
ਹੇਮਕੁੰਟ ਪਰਬਤ ਹੈ ਜਹਾਂ॥
ਸਪਤ ਸਿਰਿੰਗ ਸੋਭਿਤ ਹੈ ਤਹਾਂ॥
(ਦਸਮ ਗ੍ਰੰਥ, ਅੰਗ ੫੪)
ਸ਼੍ਰੀ ਹੇਮਕੁੰਟ ਸਾਹਿਬ ਦੇ ਅਸਥਾਨ ਤੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਬਲੇ ਜਨਮ ਵਿੱਚ ਦੁਸ਼ਟ-ਦਮਨ ਦੇ ਰੂਪ ਵਿੱਚ ਅਕਾਲ ਪੁਰਖ ਦਾ ਸਿਮਰਨ ਕੀਤਾ। ਇਹ ਹਿਮਾਚਲ ਵਿੱਚ 4632 ਮੀਟਰ ਦੀ ਉਚਾਈ ਤੇ ਇੱਕ ਬਰਫੀਲੀ ਝੀਲ ਦੇ ਕਿਨਾਰੇ ਸੱਤ ਪਹਾੜਾਂ ਦੇ ਵਿਚਕਾਰ ਸਥਿਤ ਹੈ । ਇਹਨਾਂ ਸੱਤਾਂ ਪਹਾੜਾਂ ਤੇ ਨਿਸ਼ਾਨ ਸਾਹਿਬ ਝੂਲਦੇ ਹਨ । ਇਹ ਅਸਥਾਨ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨਾਂ 'ਚੋ ਇੱਕ ਮੰਨਿਆਂ ਜਾਂਦਾ ਹੈ । ਸ਼੍ਰੀ ਹੇਮਕੁੰਟ ਸਾਹਿਬ ਦਾ ਅਸਥਾਨ ਉੱਤਰ ਪ੍ਰਦੇਸ਼ ਵਿੱਚ ਹਰਿਦੁਆਰ, ਰਿਸ਼ੀਕੇਸ, ਸ਼੍ਰੀ ਨਗਰ ਗੜ੍ਹਵਾਲ, ਕਰੁਣ ਪ੍ਰਯਾਗ, ਪਿੱਪਲਕੋਟੀ, ਜੋਸ਼ੀ ਮੱਠ, ਗੋਬਿੰਦ ਘਾਟ, ਗੋਬਿੰਦ ਧਾਮ ਤੋਂ ਉੱਪਰ ਸਮੁੰਦਰ ਦੀ ਸਤਹ ਤੋਂ 15210 ਫੁੱਟ ਦੀ ਉਚਾਈ ’ਤੇ ਹੈ। ਇਸ ਪਵਿੱਤਰ ਅਸਥਾਨ ਦੀ ਯਾਤਰਾ ਲਈ ਆਉਣ ਵਾਲੇ ਪ੍ਰਮੁੱਖ ਪੜਾਵਾਂ ’ਚੋਂ ਰਿਸ਼ੀਕੇਸ਼ ਨੰਬਰ ਇੱਕ ’ਤੇ ਹੈ। ਇੱਥੇ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਹੈ। ਸੰਗਤਾਂ ਦੇ ਰਹਿਣ ਵਾਸਤੇ ਵੱਡੀ ਗਿਣਤੀ ਵਿੱਚ ਕਮਰੇ ਬਣੇ ਹੋਏ ਹਨ। ਜੇਕਰ ਯਾਤਰੂ ਸੰਗਤਾਂ ਨੂੰ ਕਮਰੇ ਨਾ ਵੀ ਮਿਲਣ ਤਾਂ ਉਹ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਵਾਲੇ ਸਸਤੇ, ਮਹਿੰਗੇ ਹੋਟਲ ਵੀ ਕਾਫ਼ੀ ਗਿਣਤੀ ਵਿੱਚ ਮੌਜੂਦ ਹਨ, ਉਹਨਾਂ ਵਿੱਚ ਰਾਤ ਕੱਟ ਸਕਦੇ ਹਨ। ਹਰਿਦੁਆਰ ਤੋਂ 28 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਇਸ ਪੁਰਾਤਨ ਸ਼ਹਿਰ ਨੂੰ ਰਿਸ਼ੀਆਂ ਦਾ ਘਰ ਕਿਹਾ ਜਾਂਦਾ ਹੈ। ਰੇਲਵੇ ਦਾ ਇਹ ਆਖਰੀ ਸਟੇਸ਼ਨ ਹੈ। ਇੱਥੋਂ ਪਹਾੜੀ ਸਫ਼ਰ ਸ਼ੁਰੂ ਹੁੰਦਾ ਹੈ। ਯਾਤਰੀ ਆਪਣੇ ਨਾਲ ਦਵਾਈ, ਹਲਕਾ ਭੋਜਨ ਲੈ ਕੇ ਚੱਲਣ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਕਾਫ਼ੀ ਯਾਤਰੀਆਂ ਨੂੰ ਉਲਟੀਆਂ ਆ ਜਾਂਦੀਆਂ ਹਨ। ਇਸ ਸਮੱਸਿਆ ਤੋਂ ਬਚਣ ਲਈ ਸਾਰੀ ਯਾਤਰਾ ਦੌਰਾਨ ਹਲਕਾ ਭੋਜਨ ਲਉ। ਪਹਾੜੀ ਯਾਤਰਾ ਸ਼ੁਰੂ ਹੋਣ ਸਾਰ ਹੀ ਜੇਕਰ ਦਵਾਈ ਲੈ ਲਈ ਜਾਵੇ ਤਾਂ ਹੋਰ ਵੀ ਵਧੀਆ ਹੈ।
ਰਿਸ਼ੀਕੇਸ਼ ਮਗਰੋਂ ਰਸਤਾ ਵਲ-ਵਲੇਵੇਂ ਖਾਂਦੀਆਂ ਸੜਕਾਂ, ਇੱਕ ਪਾਸੇ ਅੰਤਾਂ ਦੀ ਡੂੰਘਾਈ ਵਿੱਚ ਵਹਿੰਦੀ ਗੰਗਾ, ਦੂਜੇ ਪਾਸੇ ਅਸਮਾਨ ਛੂੰਹਦੇ ਪਹਾੜ ਰਸਤੇ ਵਿੱਚ ਥਾਂ-ਥਾਂ ਚੱਲ ਰਹੇ ਪਾਣੀ ਦੇ ਝਰਨੇ ਅਤੇ ਇਸ ਨੂੰ ਮੋਹ ਲੈਣ ਵਾਲੀ ਹਰਿਆਵਲ ਦੇਖ ਕੇ ਮਨ ਖਿੜ ਉੱਠਦਾ ਹੈ। ਰਿਸ਼ੀਕੇਸ਼ ਤੋਂ 104 ਕਿਲੋਮੀਟਰ ਅਤੇ ਸ਼੍ਰੀ ਨਗਰ ਗੜਵਾਲ ਤੋਂ 252 ਕਿਲੋਮੀਟਰ ਦੇ ਫਾਸਲੇ ਤੇ ਜੋਸ਼ੀ ਮੱਠ ਦਾ ਅਸਥਾਨ ਹੈ। ਜੋਸੀਮੱਠ ਸ਼ੰਕਰਾਚਾਰੀਆ ਦੁਆਰਾ ਸਥਾਪਿਤ ਚਾਰ ਮੱਠਾਂ ’ਚੋਂ ਇੱਕ ਹੈ। ਸਮੁੰਦਰ ਤੱਟ ਤੋਂ ਇਸ ਦੀ ਉਚਾਈ 6000 ਫੁੱਟ ਹੈ। ਹੇਮ ਗੰਗਾ ਅਤੇ ਅਲਕਨੰਦਾ ਦੇ ਸੰਗਮ ਤੇ ਗੁਰਦੁਆਰਾ ਗੋਬਿੰਦ ਘਾਟ ਸਥਿਤ ਹੈ। ਇੱਥੇ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟ੍ਰਸਟ ਵੱਲੋਂ ਰਿਹਾਇਸ਼ ਤੇ ਲੰਗਰ ਦਾ ਯਾਤਰੀਆਂ ਲਈ ਸੁਚੱਜਾ ਪ੍ਰਬੰਧ ਹੈ। ਇੱਥੇ ਸੰਗਤ ਨੂੰ ਰਾਤ ਵਿਸ਼ਰਾਮ ਕਰਨ ਲਈ ਕੰਬਲ ਦਿੱਤੇ ਜਾਂਦੇ ਹਨ। ਯਾਤਰੂਆਂ ਦੇ ਸਮਾਨ ਲਈ ਗੱਠੜੀ ਘਰ ਹੈ। ਇੱਥੇ ਇੱਕ ਡਿਸਪੈਂਸਰੀ ਵੀ ਹੈ, ਜਿੱਥੋਂ ਲੋੜਵੰਦ, ਯਾਤਰੂ ਦਵਾਈ, ਮਲ੍ਹਮ-ਪੱਟੀ ਆਦਿ ਲੈ ਸਕਦੇ ਹਨ।
ਗੁਰਦੁਆਰਾ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਲਈ ਪੈਦਲ ਯਾਤਰਾ ਆਰੰਭ ਹੁੰਦੀ ਹੈ। ਯਾਤਰੀ ਗੱਡੀਆਂ ਪਾਰਕਿੰਗ ਕਰਕੇ ਆਪਣਾ ਸਮਾਨ ਅਟੈਂਚੀਕੇਸ, ਬੈਗ, ਬਿਸਤਰੇ ਤੇ ਨਕਦੀ/ਕੈਸ਼ ਅਮਾਨਤ ਵਜੋਂ ਗੋਬਿੰਦ ਘਾਟ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧਕਾਂ ਕੋਲ ਜਮ੍ਹਾ ਕਰਵਾ ਕੇ ਅੱਗੇ ਯਾਤਰਾ ਲਈ ਚੱਲਦੇ ਹਨ। ਗੁਰਦੁਆਰਾ ਗੋਬਿੰਦ ਘਾਟ ਵਿਖੇ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਹੈ। ਹਰ ਯਾਤਰੂ ਨੂੰ ਹੇਮਕੁੰਟ ਸਾਹਿਬ ਪਹੁੰਚਣ ਤੋਂ ਪਹਿਲਾਂ ਅੰਮ੍ਰਿਤ ਛਕ ਕੇ ਜਾਣਾ ਚਾਹੀਦਾ ਹੈ। ਤਾਂ ਹੀ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਹੁੰਦੀਆਂ ਹਨ।
ਗੋਬਿੰਦ ਘਾਟ ਤੋਂ ਗੋਬਿੰਦ ਧਾਮ ਦੀ 12 ਕਿਲੋਮੀਟਰ ਪੈਂਦਲ ਯਾਤਰਾ ਸੁੰਮਵਾਲੀ ਸੋਟੀ ਦੇ ਸਹਾਰੇ, ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦਿਆਂ, ਉੱਚੇ ਨੀਵੇਂ ਰਸਤੇ ’ਤੇ ਪੈਦਲ ਚੱਲਦੀਆਂ ਸੰਗਤਾਂ ਕੁਦਰਤੀ ਦਰਖ਼ਤਾਂ, ਫਲਾਂ, ਫੁੱਲਾਂ ਨੂੰ ਵੇਖਦੀਆਂ ਗੋਬਿੰਦ ਧਾਮ ਪਹੁੰਚਦੀਆਂ ਹਨ। ਇਹ 12 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਬਜ਼ੁਰਗਾਂ, ਰੋਗੀਆਂ ਅਤੇ ਛੋਟੇ ਬੱਚਿਆਂ ਲਈ ਘੋੜਾ, ਕਾਂਡੀ ਤੇ ਪਿੱਠੂ ਦੀ ਸਵਾਰੀ ਦਾ ਪ੍ਰਬੰਧ ਵੀ ਹੈ। ਇਹ ਕਿਰਾਏ ਤੇ ਮਿਲਦੇ ਹਨ। ਯਾਤਰੂਆਂ ਨੂੰ ਇਸ ਸਫ਼ਰ ਦੌਰਾਨ ਬਿਸਕੁਟ, ਕਾਜੂ, ਮਨੱਕਾ, ਛੁਹਾਰੇ, ਬਦਾਮ, ਅਖਰੋਟ, ਫਰੂਟ, ਨਿੰਬੂ, ਚੂਰਨ, ਟਾਫੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਰਸਤੇ ਵਿੱਚ ਵੀ ਚਾਹ, ਬਿਸਕੁਟ, ਕੋਲਡ ਡਰਿੰਕ, ਪਕੌੜਿਆਂ ਦੀਆਂ ਕਾਫ਼ੀ ਦੁਕਾਨਾਂ ਹਨ। ਪਰ ਉਹਨਾਂ ਤੋਂ ਸਮਾਨ ਬਹੁਤ ਮਹਿੰਗਾ ਮਿਲਦਾ ਹੈ। ਇਹਨਾਂ ਦੇ ਰੇਟ ਆਮ ਰੇਟ (ਕੀਮਤ) ਨਾਲੋਂ ਤਿੰਨ ਗੁਣਾਂ ਹੁੰਦੇ ਹਨ।
ਗੋਬਿੰਦ ਧਾਮ ਵਿਖੇ ਇੱਕ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਹੈ। ਗੁਰਦੁਆਰਾ ਗੋਬਿੰਦ ਧਾਮ ਵਿਖੇ ਲੰਗਰ, ਚਾਹ, ਦਵਾ-ਦਾਰੁ ਦਾ ਸੁਚੱਜਾ ਪ੍ਰਬੰਧ ਹੈ। ਪਹਾੜਾਂ ਦੀ ਗੋਦ ’ਚ ਏਕਾਂਤ ਵਿੱਚ ਇਸ ਗੁਰਦੁਆਰਾ ਸਾਹਿਬ ਵਿੱਚ ਪਹੁੰਚਦਿਆਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਬ੍ਰਹਿਮੰਡ ਵਿੱਚ ਪਹੁੰਚ ਗਏ ਹੋਈਏ। ਇੱਥੇ ਸ਼ਾਂਤ ਵਾਤਾਵਰਨ ਹੈ, ਕੋਈ ਪ੍ਰਦੂਸ਼ਣ ਨਹੀਂ ਹੈ ਤੇ ਨਾ ਹੀ ਸ਼ੋਰ-ਸ਼ਰਾਬਾ। ਇੱਥੇ ਸਿਰਫ ਤਨ ਤੇ ਮਨ ਦੀ ਸ਼ਾਂਤੀ ਮਿਲਦੀ ਹੈ। ਇੱਥੇ ਹਰ ਸ਼ਰਧਾਲੂ ਨੂੰ ਆਰਾਮ ਕਰਨ ਲਈ ਚਾਰ ਜਾਂ ਪੰਜ ਕੰਬਲ ਦਿੱਤੇ ਜਾਂਦੇ ਹਨ। ਗੋਬਿੰਦ ਧਾਮ ਵਿਖੇ ਸੰਗਤਾਂ ਦੇ ਠਹਿਰਣ ਲਈ ਕਮਰੇ ਅਤੇ ਵੱਡਾ ਹਾਲ ਵੀ ਬਣਿਆ ਹੋਇਆ ਹੈ। ਰਾਤ ਵਿਸ਼ਰਾਮ ਕਰਨ ਉਪਰੰਤ ਅਗਲੇ ਦਿਨ ਸੰਗਤ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ-ਇਸ਼ਨਾਨ ਲਈ ਰਵਾਨਾ ਹੁੰਦੀ ਹੈ। ਇੱਥੋ 7 ਕਿਲੋਮੀਟਰ ਦੀ ਸਖ਼ਤ ਤੇ ਸਿੱਧੀ ਚੜ੍ਹਾਈ ਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਸਥਿਤ ਹੈ। ਇਸ ਅਸਥਾਨ ਤੇ ਪੱਥਰ ਦੀਆਂ 1160 ਪੌੜੀਆਂ ਰਾਹੀਂ ਵੀ ਚੜ੍ਹ ਕੇ ਪਹੁੰਚਿਆ ਜਾ ਸਕਦਾ ਹੈ। ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਤੱਕ ਜਾਣ ਵਾਲੇ ਰਸਤੇ ’ਤੇ ਸਰਕਾਰ ਵੱਲੋਂ ਇੱਕ ਪੁੱਲ ਬਣਾਇਆ ਗਿਆ ਹੈ। ਗੁਰਦੁਆਰਾ ਗੋਬਿੰਦ ਧਾਮ ਤੋਂ ਸ਼੍ਰੀ ਹੇਮਕੁੰਟ ਸਾਹਿਬ ਤੱਕ ਜਾਣ ਵਾਲੇ ਰਸਤੇ ਨੂੰ ਪੱਕਾ ਕੀਤਾ ਗਿਆ ਹੈ। ਇਸ ਅਸਥਾਨ ਤੇ ਪਹੁੰਚਣ ਲਈ 3 ਤੋਂ 4 ਘੰਟੇ ਤੱਕ ਦਾ ਸਮਾਂ ਲੱਗਦਾ ਹੈ। ਜਿਵੇਂ ਹੀ ਸ਼੍ਰੀ ਹੇਮਕੁੰਟ ਸਾਹਿਬ ਸੰਗਤਾਂ ਨੂੰ ਦਿਖਾਈ ਦੇਣਾ ਸ਼ੁਰੂ ਹੁੰਦਾ ਹੈ ਤਾਂ ਮਨ ਦੀ ਖ਼ੁਸ਼ੀ ਜੈਕਾਰਿਆਂ ਦੀ ਗੁੂੰਜ ਵਿੱਚ ਬਦਲ ਜਾਂਦੀ ਹੈ। ਇਸ ਤੀਰਥ ਅਸਥਾਨ ਦੇ ਇੱਕ ਪਾਸੇ ਵਿਸ਼ਾਲ ਸਰੋਵਰ ਹੈ। ਜਿਸ ਦੇ ਸ਼ੁੱਧ ਤੇ ਠੰਡੇ ਜਲ ਵਿੱਚ ਇਸ਼ਨਾਨ ਕਰਦਿਆਂ ਹੀ 19 ਕਿਲੋਮੀਟਰ ਦੀ ਪੈਦਲ ਚੜ੍ਹਾਈ ਦੇ ਕਾਰਨ ਥੱਕੇ ਹੋਏ ਯਾਤਰੂਆਂ ਦਾ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ। ਸਰੋਵਰ ਦੇ ਕਿਨਾਰੇ ਸੰਨ 1926 ਈ: ਦਾ ਬਣਿਆ ਗੁਰਦੁਆਰਾ ਸਾਹਿਬ ਹੈ। ਜੋ ਭਗਤੀ ਤੇ ਪ੍ਰਭੂ ਮਿਲਾਪ ਦਾ ਪ੍ਰਤੀਕ ਹੈ।
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੁਨੀਆਂ ਵਿੱਚ ਸਭ ਤੋਂ ਉੱਚੇ ਸਥਾਨ ਤੇ ਸਥਿਤ ਹੈ। ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਤਿੰਨ ਪਾਸੇ ਚੋਟੀਆਂ ਕਦੇ ਹਰੀਆਂ-ਭਰੀਆਂ ਅਤੇ ਕਦੇ ਬਰਫ਼ ਨਾਲ ਢਕੀਆਂ ਹੋਈਆਂ ਪਹਾੜੀਆਂ, ਚੌਥੇ ਪਾਸੇ ਬਾਰ੍ਹਾਂ ਮਹੀਨੇ ਬਰਫ਼ ਨਾਲ ਢਕਿਆ ਹੋਇਆ ਪਰਬਤ ਇਸ ਸਰੋਵਰ ਦੀ ਸੁੰਦਰਤਾ ਨੂੰ ਚਾਰ-ਚੰਨ ਲਾਉਂਦੇ ਹਨ। ਸਰਦੀ ਦੇ ਮੌਸਮ ਵਿੱਚ ਬਰਫ਼ ਇੰਨੀ ਜ਼ਿਆਦਾ ਪੈਂਦੀ ਹੈ ਕਿ ਗੁਰਦੁਆਰਾ ਸਾਹਿਬ, ਨਿਸ਼ਾਨ ਸਾਹਿਬ ਅਤੇ ਸਰੋਵਰ ਵੀ ਬਰਫ਼ ਨਾਲ ਢਕੇ ਜਾਂਦੇ ਹਨ। ਹੇਮਕੁੰਟ ਸਾਹਿਬ ਅਕਤੂਬਰ ਮਹੀਨੇ ਤੋਂ ਲੈ ਕੇ ਮਾਰਚ ਮਹੀਨੇ ਤੱਕ ਬਰਫ਼ਾਂ ਨਾਲ ਢਕਿਆ ਰਹਿੰਦਾ ਹੈ। ਅਪ੍ਰੈਲ ਮਹੀਨੇ ਵਿੱਚ ਫ਼ੌਜ, ਬੰਗਾਲ ਇੰਜੀਨੀਅਰ ਤੇ ਬਾਰਡਰ ਵਾਲੇ ਫ਼ੌਜੀ ਤੇ ਕਰਮਚਾਰੀ ਇਹ ਰਸਤਾ ਖੋਲ੍ਹਦੇ ਹਨ।
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਸੰਗਤਾਂ ਨੂੰ ਰਾਤ ਠਹਿਰਣ ਦੀ ਆਗਿਆ ਨਹੀਂ ਮਿਲਦੀ ਕਿਉਂਕਿ ਸ਼੍ਰੀ ਹੇਮਕੁੰਟ ਸਾਹਿਬ ਵਿਖੇ ਆਕਸੀਜ਼ਨ ਬਹੁਤ ਘੱਟ ਹੁੰਦੀ ਹੈ ਤੇ ਸੰਗਤਾਂ ਦਾ ਜ਼ਿਆਦਾ ਇਕੱਠ ਵੀ ਨਹੀਂ ਹੋਣ ਦਿੱਤਾ ਜਾਂਦਾ। ਪ੍ਰਬੰਧਕ ਸਪੀਕਰ ਰਾਹੀਂ ਹੀ ਇਹ ਅਨਾਉੂਂਸਮੈਂਟ ਵਾਰ-ਵਾਰ ਕਰਦੇ ਰਹਿੰਦੇ ਹਨ ਕਿ ਸੰਗਤਾਂ ਇਸ਼ਨਾਨ ਕਰਕੇ, ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋ ਕੇ, ਚਾਹ ਤੇ ਖਿਚੜੀ ਦਾ ਲੰਗਰ ਛਕ ਕੇ ਤੇ ਪ੍ਰਸ਼ਾਦ ਲੈ ਕੇ ਵਾਪਿਸ ਗੋਬਿੰਦ ਧਾਮ ਪਹੁੰਚਣ। ਸੰਗਤਾਂ ਨੇ ਵਾਪਿਸ ਗੋਬਿੰਦ ਧਾਮ ਆ ਕੇ ਹੀ ਲੰਗਰ ਛਕਣਾ ਅਤੇ ਵਿਸ਼ਰਾਮ ਕਰਨਾ ਹੁੰਦਾ ਹੈ।
ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਆਰੰਭ ਹੋ ਰਹੀ ਹੈ। ਗੁਰਦੁਆਰਾ ਰਿਸ਼ੀਕੇਸ਼ ਤੋਂ ਪਹਿਲਾ ਜਥਾ ਪੰਜ ਪਿਆਰਿਆਂ ਦੀ ਅਗਵਾਈ ਹੇਠ 22 ਮਈ ਨੂੰ ਉਤਰਾਖੰਡ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੱਲੋਂ ਰਵਾਨਾ ਕੀਤਾ ਗਿਆ । ਗੁਰਮਤਿ ਰਵਾਇਤ ਅਨੁਸਾਰ ਗੁਰਦੁਆਰਾ ਗੋਬਿੰਦ ਘਾਟ ਵਿਖੇ ਅਖੰਡ-ਪਾਠ ਸਾਹਿਬ ਦੇ ਭੋਗ ਪਾਏ ਜਾਣਗੇ । ਜਥਾ 13 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਗੁਰਦੁਆਰਾ ਗੋਬਿੰਦ ਧਾਮ ਪੁੱਜੇਗਾ। ਇੱਥੇ ਰਾਤ ਦੇ ਠਹਿਰਾਅ ਮਗਰੋਂ 25 ਮਈ ਨੂੰ ਸਵੇਰੇ ਯਾਤਰੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ ਹੋਵੇਗੀ। ਇਸੇ ਦਿਹਾੜੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹੇ ਜਾਣਗੇ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇਗਾ। ਇਹ ਯਾਤਰਾ 10 ਅਕਤੂਬਰ ਤੱਕ ਭਾਵ ਪੰਜ ਮਹੀਨੇ ਦੇ ਕਰੀਬ ਤੱਕ ਚੱਲੇਗੀ। ਹਰ ਸਾਲ ਲੱਖਾਂ ਹੀ ਸੰਗਤਾਂ ਯਾਤਰਾ ਕਰਕੇ ਇਸ ਅਸਥਾਨ ਦੇ ਦਰਸ਼ਨ ਕਰਕੇ ਮਨ ਤ੍ਰਿਪਤ ਹੋ ਜਾਂਦਾ ਹੈ। ਵਾਹਿਗੁਰੂ ਮਿਹਰ ਕਰੇ, ਸਰਬੱਤ ਸੰਗਤਾਂ ਦੀ ਯਾਤਰਾ ਸੁੱਖਾਂ ਨਾਲ ਬਤੀਤ ਹੋਵੇ।
ਕਰਨੈਲ ਸਿੰਘ ਐੱਮ.ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।
Email : [email protected]