-ਡਾਇਰੈਕਟਰ ਪਸ਼ੂ ਪਾਲਣ ਖਿਲਾਫ ਰੋਸ ਬਰਕਰਾਰ
ਬਰਨਾਲਾ, 20 ਮਈ (ਧਰਮਪਾਲ ਸਿੰਘ):ਡਾਇਰੈਕਟਰ ਪਸ਼ੂ ਪਾਲਣ ਪੰਜਾਬ ਦੇ ਅੜੀਅਲ ਅਤੇ ਕੇਡਰ ਵਿਰੋਧੀ ਰਵੱਈਏ ਖਿਲਾਫ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਰਾਜ ਭਰ ਵਿੱਚ ਜ਼ਿਲ੍ਹਾ ਪੱਧਰ ਤੇ ਦਿੱਤੇ ਜਾਣ ਵਾਲੇ ਰੋਸ਼ ਧਰਨੇ ਹਫਤੇ ਲਈ ਮੁਲਤਵੀ ਕਰ ਦਿੱਤੇ ਗਏ ਹਨ । ਇਸ ਦਾ ਫੈਸਲਾ ਜਥੇਬੰਦੀ ਦੀ ਸੂਬਾ ਕਮੇਟੀ ਦੇ ਇੱਕ ਵਫਦ ਨੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਬੁਲਾਈ ਮੀਟਿੰਗ ਤੋਂ ਕਰਨ ਤੋਂ ਬਾਅਦ ਕੀਤਾ। ਇਸ ਬਾਰੇ ਪੈੱਸ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਵੈਟਰਨਰੀ ਇੰਸਪੈਕਟਰ ਸੰਦੀਪ ਸਿੰਘ ਸਰਾਂ ਨੇ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦੀ ਅਗਵਾਈ ਹੇਠ ਵੈਟਰਨਰੀ ਇੰਸ਼ਪੈਕਟਰਾਂ ਦਾ ਇੱਕ ਵਫਦ ਪਸ਼ੂ ਪਾਲਣ ਮੰਤਰੀ ਪੰਜਾਬ ਸਿਵਲ ਸਕੱਤਰੇਤ ਵਿਖੇ ਮਿਲਿਆ ਮਿਲਿਆ ਅਤੇ ਡਾਇਰੈਕਟਰ ਪਸ਼ੂ ਪਾਲਣ ਦੇ ਕੇਡਰ ਵਿਰੋਧੀ ਰਵੱਈਏ ਖਿਲਾਫ ਸਖਤ ਰੋਸ ਜਾਹਿਰ ਕੀਤਾ। ਉਹਨਾਂ ਰੋਸ ਜਤਾਇਆ ਕਿ ਡਾਇਰੈਕਟਰ ਪਸ਼ੂ ਪਾਲਣ ਤਾਂ ਸੀਨੀਅਰ ਵੈਟਰਨਰੀ ਇੰਸਪੈਕਟਰਾਂ ਦੇ ਕੇਡਰ ਨੂੰ ਸਰਕਾਰੀ ਤੌਰ ਤੇ ਤਹਿਸੀਲ ਪੱਧਰੀ ਪੋਸਟ ਮੰਨਣ ਲਈ ਹੀ ਤਿਆਰ ਨਹੀ ਅਤੇ ਨਾ ਹੀ ਕੇਡਰ ਦੀਆਂ ਪੇ-ਤਰੁਟੀਆਂ ਬਾਰੇ ਸਰਕਾਰੀ ਪੱਧਰ ਤੇ ਪੈਰਵਾਈ ਕੀਤੀ ਜਾ ਰਹੀ ਹੈ ਸਗੋ ਵੈਟਰਨਰੀ ਇੰਸਪੈਕਟਰਾਂ ਤੇ ਮਨ-ਮਰਜੀ ਨਾਲ ਬੇਲੋੜਾ ਬੋਝ ਠੋਸਿਆ ਜਾ ਰਿਹਾ ਹੈ।ਇਸ ਦੇ ਨਾਲ ਹੀ ਕੇਡਰ ਦੀਆਂ ਤਹਿਸੀਲ ਪੱਧਰ ਤੇ ਵੈਟਰਨਰੀ ਇੰਸਪੈਕਟਰਾਂ ਦੀਆਂ ਪੋਸਟਾਂ ਬਹਾਲ ਕਰਨ ਪ੍ਰਤੀ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ।ਉਹਨਾਂ ਕਿਹਾ ਕਿ ਪਸ਼ੂ ਪਾਲਣ ਮੰਤਰੀ ਖੁੱਡੀਆਂ ਨੇ ਭਰੋਸਾ ਦਿਵਾਇਆ ਕਿ ਹਫਤੇ ਅੰਦਰ ਹੀ ਜਥੇਬੰਦੀ ਦੀ ਸਰਕਾਰੀ ਮੀਟਿੰਗ ਬੁਲਾ ਕੇ ਸਮੁੱਚੇ ਮਸਲਿਆਂ ਦਾ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ, ਸੰਦੀਪ ਸਿੰਘ ਸਰਾਂ, ਗੁਰਮੀਤ ਸਿੰਘ ਮਹਿਤਾ,ਵਿਪਨ ਗੋਇਲ,ਰਾਜੀਵ ਮਲਹੋਤਰਾ,ਗੁਰਦੀਪ ਛੰਨਾ, ਪਰਮਜੀਤ ਸੋਹੀ, ਕੁਲਦੀਪ ਸਿੰਘ, ਪਲਵਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਮਾਨਸਾ ਆਦਿ ਆਗੂ ਵੀ ਮੌਜੂਦ ਸਨ।