CSK vs PBKS : ਆਈਪੀਐਲ 2025 ਦੇ 49ਵੇਂ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 4 ਵਿਕਟਾਂ ਨਾਲ ਹਰਾਇਆ। ਪੰਜਾਬ ਦੀ ਇਸ ਜਿੱਤ ਦੇ ਹੀਰੋ ਰਹੇ ਲੈੱਗ ਸਪਿਨਰ ਯੁਜਵੇਂਦਰ ਚਹਿਲ ਅਤੇ ਕਪਤਾਨ ਸ਼੍ਰੇਅਸ ਅਈਅਰ। ਚਹਿਲ ਨੇ ਗੇਂਦਬਾਜ਼ੀ ਵਿੱਚ ਹੈਟ੍ਰਿਕ ਲੈ ਕੇ ਕਮਾਲ ਕੀਤਾ ਅਤੇ ਫਿਰ ਅਈਅਰ ਨੇ ਬੱਲੇ ਨਾਲ ਚੇਨਈ ਦੇ ਗੇਂਦਬਾਜ਼ਾਂ ਨੂੰ ਧੋ ਕੇ ਰੱਖ ਦਿੱਤਾ। ਇਸ ਹਾਰ ਨਾਲ ਚੇਨਈ ਆਈਪੀਐਲ 2025 ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ।
ਚੇਪਾਕ ’ਚ ਪਹਿਲਾਂ ਖੇਡਦਿਆਂ ਚੇੱਨਈ ਸੁਪਰ ਕਿੰਗਜ਼ ਨੇ ਸੈਮ ਕਰਨ ਦੀ ਧਮਾਕੇਦਾਰ 88 ਦੌੜਾਂ ਦੀ ਪਾਰੀ ਦੀ ਬਦੌਲਤ 190 ਦੌੜਾਂ ਬਣਾਈਆਂ। ਜਵਾਬ ਵਿਚ ਪੰਜਾਬ ਕਿੰਗਜ਼ ਨੇ ਆਖ਼ਰੀ ਓਵਰ ਵਿੱਚ ਟੀਚਾ ਹਾਸਲ ਕਰ ਲਿਆ। ਕਪਤਾਨ ਸ਼੍ਰੇਯਸ ਅਈਅਰ ਨੇ 41 ਗੇਂਦਾਂ ’ਤੇ 72 ਦੌੜਾਂ ਦੀ ਤਾਬੜਤੋੜ ਇਨਿੰਗ ਖੇਡੀ, ਜਦਕਿ ਓਪਨਰ ਪ੍ਰਭਸਿਮਰਨ ਸਿੰਘ ਨੇ ਵੀ ਅਰਧਸ਼ਤਕ ਲਾਇਆ।
ਚੇਨਈ ਵੱਲੋਂ ਮਿਲੇ 191 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਪੰਜਾਬ ਦੀ ਸ਼ੁਰੂਆਤ ਵਧੀਆ ਰਹੀ। 5ਵੇਂ ਓਵਰ ਵਿਚ 44 ਦੇ ਸਕੋਰ ’ਤੇ ਪਹਿਲਾ ਵਿਕਟ ਵਿਗਿਆ। ਪ੍ਰਿਆਂਸ਼ ਆਰਯਾ ਨੇ 15 ਗੇਂਦਾਂ 'ਤੇ 5 ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ। ਉਸ ਤੋਂ ਬਾਅਦ ਪ੍ਰਭਸਿਮਰਨ ਤੇ ਸ਼੍ਰੇਯਸ ਅਈਅਰ ਨੇ ਚੇਨਈ ਦੇ ਗੇਂਦਬਾਜ਼ਾਂ ਦੀ ਖੂਬ ਧੋਇਆ ਅਤੇ ਮੈਦਾਨ ਦੇ ਹਰੇਕ ਹਿੱਸੇ ’ਚ ਸ਼ਾਟ ਲਾਏ। ਚੇਨਈ ਸੁਪਰ ਕਿੰਗਜ਼ ਦੀ ਟੀਮ ਲਗਾਤਾਰ ਦੂਜੇ ਸਾਲ ਪਲੇਆਫ਼ ਲਈ ਕਵਾਲੀਫਾਈ ਨਹੀਂ ਕਰ ਸਕੀ।
ਪ੍ਰਭਸਿਮਰਨ ਸਿੰਘ ਨੇ 36 ਗੇਂਦਾਂ ’ਚ 54 ਦੌੜਾਂ ਬਣਾਈਆਂ। ਉਨ੍ਹਾਂ ਦੀ ਇਨਿੰਗ ’ਚ 5 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਜਦੋਂ ਉਹ ਆਊਟ ਹੋਏ ਤਾਂ ਲੱਗਿਆ ਕਿ ਹੁਣ ਚੇਨਈ ਵਾਪਸੀ ਕਰ ਸਕਦੀ ਹੈ, ਪਰ ਕਪਤਾਨ ਸ਼੍ਰੇਯਸ ਅਈਅਰ ਨੇ ਅਜਿਹਾ ਨਹੀਂ ਹੋਣ ਦਿੱਤਾ। ਉਹ ਇਕਲਿਆਂ ਹੀ ਟੀਮ ਨੂੰ ਟੀਚੇ ਵੱਲ ਲੈ ਜਾਂਦੇ ਰਹੇ। ਇਨ੍ਹਾਂ ਵਿਚਕਾਰ ਨੇਹਾਲ ਵਡੇਰਾ ਸਿਰਫ 5 ਦੌੜਾਂ ਬਣਾ ਕੇ ਆਊਟ ਹੋ ਗਿਆ, ਪਰ ਅਈਅਰ ਤੇਜ਼ੀ ਨਾਲ ਦੌੜਾਂ ਬਣਾਉਂਦੇ ਰਹੇ।
ਸ਼ਸ਼ਾਂਕ ਸਿੰਘ ਨੇ 12 ਗੇਂਦਾਂ ’ਚ 1 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ ਅਤੇ ਕਪਤਾਨ ਨੂੰ ਪੂਰਾ ਸਾਥ ਦਿੱਤਾ। ਸ਼੍ਰੇਯਸ ਅਈਅਰ ਨੇ 41 ਗੇਂਦਾਂ ’ਚ 72 ਦੌੜਾਂ ਜੜੀਆਂ, ਜਿਸ ’ਚ 5 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਉਹ ਆਪਣੀ ਟੀਮ ਦੀ ਜਿੱਤ ਯਕੀਨੀ ਬਣਾ ਕੇ ਆਊਟ ਹੋਏ। ਜੋਸ਼ ਇੰਗਲਿਸ਼ 6 ਦੌੜਾਂ ’ਤੇ ਨਾ ਆਊਟ ਰਹੇ, ਜਦਕਿ ਮਾਰਕੋ ਯਾਂਸਨ ਨੇ ਜਿੱਤ ਦਿਲਾਉਣ ਵਾਲਾ ਚੌਕਾ ਲਾ ਕੇ ਇਨਿੰਗ ਖਤਮ ਕੀਤੀ।
ਚੇਨਈ ਸੁਪਰ ਕਿੰਗਜ਼ ਵਾਸਤੇ ਖਲੀਲ ਅਹਿਮਦ ਨੇ 28 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਮਥੀਸ਼ਾ ਪਥਿਰਾਨਾ ਨੂੰ ਵੀ 2 ਸਫਲਤਾਵਾਂ ਮਿਲੀਆਂ, ਪਰ ਉਹ ਆਪਣੇ ਕੋਟੇ ਦੇ ਓਵਰਾਂ ਵਿੱਚ 45 ਦੌੜਾਂ ਦਿੱਤੀਆਂ। ਰਵਿੰਦਰ ਜਡੇਜਾ ਅਤੇ ਨੂਰ ਅਹਮਦ ਨੇ ਇਕ-ਇਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਯੁਜ਼ਵੇਂਦਰ ਚਹਿਲ ਨੇ ਇਕੋ ਓਵਰ ਵਿੱਚ ਹੈਟ੍ਰਿਕ ਸਮੇਤ 4 ਵਿਕਟਾਂ ਲੈ ਕੇ ਚੇਨਈ ਨੂੰ 190 ਦੌੜਾਂ 'ਤੇ ਢੇਰ ਕਰ ਦਿੱਤਾ। ਚੇਨਈ ਵੱਲੋਂ ਸੈਮ ਕਰਨ ਨੇ 88 ਦੌੜਾਂ ਦੀ ਧਮਾਕੇਦਾਰ ਇਨਿੰਗ ਖੇਡੀ, ਜਦਕਿ ਡੇਵਾਲਡ ਬ੍ਰੇਵਿਸ ਨੇ 32 ਦੌੜਾਂ ਬਣਾਈਆਂ। ਧੋਨੀ ਨੇ ਇਕ ਛੱਕਾ ਅਤੇ ਇਕ ਚੌਕਾ ਲਾਇਆ।