ਬਰਨਾਲਾ, 3 ਜੂਨ (ਧਰਮਪਾਲ ਸਿੰਘ):ਬਰਨਾਲਾ ਦੀ ਅੰਡਰ -23 ਟੀਮ ਨੇ ਪੰਜਾਬ ਸਟੇਟ ਇੰਟਰ ਡਿਸਟ੍ਰਿਕਟ ਟੂਰਨਾਮੈਂਟ 2025-26 ਦੇ ਦੂਜੇ ਇੱਕ ਦਿਨਾ ਮੈਚ ਵਿੱਚ ਸੰਗਰੂਰ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਟੂਰਨਾਮੈਂਟ ਦਾ ਲੀਗ ਮੈਚ ਬਰਨਾਲਾ ਦੇ ਟਰਾਈਡੈਂਟ ਕੰਪਲੈਕਸ ਦੇ ਮੈਦਾਨ ਵਿੱਚ ਖੇਡਿਆ ਗਿਆ। ਬਾਰਿਸ਼ ਕਾਰਨ ਮੈਚ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ, ਜਿਸ ਕਾਰਨ ਅੰਪਾਇਰਾਂ ਨੇ 45-45 ਓਵਰਾਂ ਦਾ ਮੈਚ ਖੇਡਣ ਦਾ ਫੈਸਲਾ ਲਿਆ। ਸੰਗਰੂਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਅਤੇ 42.4 ਓਵਰਾਂ ਵਿੱਚ 151 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਬਰਨਾਲਾ ਵੱਲੋਂ ਸਾਹਿਲਪ੍ਰੀਤ ਸਿੰਘ ਅਤੇ ਮੁਨੀਸ਼ ਕੁਮਾਰ ਜੈਨ ਨੇ 4-4 ਵਿਕਟਾਂ ਹਾਸਲ ਕੀਤੀਆਂ। 152 ਦੌੜਾਂ ਦਾ ਪਿੱਛਾ ਕਰਦਿਆਂ ਬਰਨਾਲਾ ਦੀ ਟੀਮ ਨੇ 37.2 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਮੈਚ ਜਿੱਤ ਲਿਆ।
ਪਹਿਲੇ ਮੈਚ ਵਿੱਚ 85 ਦੌੜਾਂ ਬਣਾਉਣ ਵਾਲੇ ਪਰਵਜੋਤ ਸਿੰਘ ਨੇ ਇਸ ਮੈਚ ਵਿੱਚ ਵੀ ਨਾਬਾਦ 64 ਦੌੜਾਂ ਬਣਾਈਆਂ ਅਤੇ ਬਰਨਾਲਾ ਨੂੰ ਜਿੱਤ ਦਿਵਾਈ। ਮੈਚ ਤੋਂ ਬਾਅਦ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਸ਼੍ਰੀ ਵਿਵੇਕ ਸਿੰਧਵਾਨੀ ਜੀ, ਸਕੱਤਰ ਸ਼੍ਰੀ ਰੁਪਿੰਦਰ ਗੁਪਤਾ ਜੀ, ਉਪ-ਪ੍ਰਧਾਨ ਸ਼੍ਰੀ ਸਾਹਿਲ ਗੁਲਾਟੀ ਜੀ, ਮੈਂਬਰ ਸ਼੍ਰੀ ਜਗਰਾਜ ਸਿੰਘ ਪੰਡੋਰੀ ਜੀ ਅਤੇ ਮੈਂਬਰ ਸ਼੍ਰੀ ਚਰਨਜੀਤ ਸਿੰਘ ਜੀ ਨੇ ਪੂਰੀ ਟੀਮ ਨੂੰ ਜਿੱਤ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸਾਰੇ ਕੋਚਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ, ਜਿਨ੍ਹਾਂ ਦੀ ਕ੍ਰਿਕਟ ਪ੍ਰਤੀ ਹਰ ਤਰ੍ਹਾਂ ਦੀ ਸਹਾਇਤਾ ਨਾਲ ਬਰਨਾਲਾ ਦੀ ਕ੍ਰਿਕਟ ਇਸ ਮੁਕਾਮ ਤੱਕ ਪਹੁੰਚੀ।