ਉੱਤਰਕਾਸ਼ੀ ਜ਼ਿਲ੍ਹੇ ਵਿਚ ਯਮੁਨੋਤਰੀ ਕੌਮੀ ਸ਼ਾਹਰਾਹ ਉੱਤੇ ਬੜਕੋਟ ਖੇਤਰ ਵਿਚ ਪਾਲੀਗਾਡ ਤੇ ਓਜਰੀ ਡਾਬਰਕੋਟ ਵਿਚਾਲੇ ਸਿਲਾਈ ਬੈਂਡ ਕੋਲ ਬੱਦਲ ਫਟਣ ਕਰਕੇ ਅੱਠ ਤੋਂ ਨੌਂ ਲੋਕ ਲਾਪਤਾ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਅੱਧੀ ਰਾਤ ਨੂੰ 12 ਵਜੇ ਮਗਰੋਂ ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ, ਪ੍ਰਸ਼ਾਸਨ, ਸੂਬਾਈ ਆਫ਼ਤ ਰਿਸਪੌਂਸ ਟੀਮ ਸਮੇਤ ਹੋਰ ਏਜੰਸੀਆਂ ਨੇ ਹਰਕਤ ਵਿਚ ਆਉਂਦਿਆਂ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
ਬੜਕੋਟ ਦੇ ਥਾਣਾ ਮੁਖੀ ਦੀਪਕ ਕਠੇਤ ਨੇ ਦੱਸਿਆ ਕਿ ਸੜਕ ਨਿਰਮਾਣ ਵਿਚ ਲੱਗੇ ਕੁਝ ਤੰਬੂ ਲਾ ਕੇ ਉਥੇ ਹੀ ਰਹਿ ਰਹੇ ਸਨ। ਬੱਦਲ ਫਟਣ ਕਰਕੇ ਆਏ ਤੇਜ਼ ਸੈਲਾਬ ਵਿਚ ਉਹ ਰੁੜ੍ਹ ਗਏ। ਉਨ੍ਹਾਂ ਦੱਸਿਆ ਕਿ ਅੱਠ ਤੋਂ ਨੌਂ ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ, ਜਿਨ੍ਹਾਂ ਦੀ ਭਾਲ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਇਹ ਸਾਰੇ ਲੋਕ ਨੇਪਾਲੀ ਮੂਲ ਦੇ ਦੱਸੇ ਜਾਂਦੇ ਹਨ।
ਬੱਦਲ ਫਟਣ ਮਗਰੋਂ ਸਿਲਾਈ ਬੈਂਡ ਤੋਂ ਇਲਾਵਾ ਯਮੁਨੋਤਰੀ ਸ਼ਾਹਰਾਹ ਦੋ ਤਿੰਨ ਥਾਵਾਂ ’ਤੇ ਬੰਦ ਹੋ ਗਿਆ ਹੈ, ਜਿਸ ਨੂੰ ਕੌਮੀ ਸ਼ਾਹਰਾਹ ਦੀ ਟੀਮ ਖੋਲ੍ਹਣ ਵਿਚ ਲੱਗੀ ਹੋਈ ਹੈ।
ਯਮੁਨੋਤਰੀ ਕੌਮੀ ਸ਼ਾਹਰਾਹ ’ਤੇ ਪਾਲੀਗੜ੍ਹ ਤੋਂ ਕਰੀਬ 4-5 ਕਿਲੋਮੀਟਰ ਅੱਗੇ ਸਿਲਾਈ ਬੰਦ ਨੇੜੇ ਭਾਰੀ ਮੀਂਹ (ਢਿੱਗਾਂ ਡਿੱਗਣ) ਕਾਰਨ 9 ਮਜ਼ਦੂਰ ਲਾਪਤਾ ਦੱਸੇ ਜਾ ਰਹੇ ਹਨ। ਪੁਲੀਸ, ਐੱਸਡੀਆਰਐੱਫ, ਐੱਨਡੀਆਰਐੱਫ, ਮਾਲੀਆ, ਐੱਨਐੱਚ ਬਡਕੋਟ, ਸਿਹਤ ਵਿਭਾਗ ਆਦਿ ਟੀਮਾਂ ਰਾਹਤ, ਖੋਜ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਉਕਤ ਸਥਾਨ ’ਤੇ ਜ਼ਮੀਨ ਖਿਸਕਣ ਕਰਕੇ ਲੇਬਰ ਕੈਂਪ ਇਸ ਦੀ ਲਪੇਟ ਵਿੱਚ ਆ ਗਿਆ। ਕੈਂਪ ਵਿਚ 19 ਮਜ਼ਦੂਰ ਰਹਿ ਰਹੇ ਸਨ, ਜਿਨ੍ਹਾਂ ਵਿੱਚੋਂ 10 ਮਜ਼ਦੂਰ ਸੁਰੱਖਿਅਤ ਹਨ। ਇਨ੍ਹਾਂ ਨੂੰ ਬਚਾ ਕੇ ਸੁਰੱਖਿਅਤ ਥਾਂ ’ਤੇ ਲਿਆਂਦਾ ਗਿਆ ਹੈ। ਲਾਪਤਾ 9 ਲੋਕਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹੈ।
ਉਕਤ ਸਥਾਨ ’ਤੇ ਯਮੁਨੋਤਰੀ ਸ਼ਾਹਰਾਹ 10-12 ਮੀਟਰ ਪਾਣੀ ਵਿੱਚ ਡੁੱਬ ਗਿਆ ਹੈ। ਰਸਤੇ ਨੂੰ ਸੁਚਾਰੂ ਬਣਾਉਣ ਲਈ ਕੰਮ ਚੱਲ ਰਿਹਾ ਹੈ ਤੇ ਇਸ ਵਿਚ ਸਮਾਂ ਲੱਗ ਸਕਦਾ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲੀਸ ਨੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਰੋਕ ਦਿੱਤਾ ਹੈ।
ਉਧਰ ਓਜਰੀ ਨੇੜੇ ਸੜਕ ਸੰਪਰਕ ਟੁੱਟ ਗਿਆ ਹੈ। ਜ਼ਿਲ੍ਹਾ ਆਫ਼ਤ ਕੰਟਰੋਲ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਤਾਰ ਮੀਂਹ ਕਾਰਨ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ, ਜਦੋਂ ਕਿ ਸਯਾਨਾਚੱਟੀ ਵਿੱਚ ਕੁਪੜਾ ਕੁੰਸ਼ਾਲਾ ਤ੍ਰਿਖਿਲੀ ਮੋਟਰ ਪੁਲ ਵੀ ਖ਼ਤਰੇ ਵਿੱਚ ਆ ਗਿਆ ਹੈ।