ਓਡੀਸ਼ਾ ਦੇ ਪੁਰੀ ਵਿੱਚ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ। ਰੱਥ ਯਾਤਰਾ ਦੌਰਾਨ ਭਗਦੜ ਮਚਣ ਨਾਲ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਇਹ ਘਟਨਾ ਮੁੱਖ ਮੰਦਿਰ ਜਿਥੋਂ ਯਾਤਰਾ ਸ਼ੁਰੂ ਹੋਈ ਸੀ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੂਰ ਵਾਪਰੀ।
ਐਤਵਾਰ ਸਵੇਰੇ ਲਗਭਗ 4:30 ਵਜੇ, ਜਦੋਂ ਸ਼ਰਧਾਲੂ ਭਗਵਾਨ ਦੇ ਦਰਸ਼ਨ ਕਰਨ ਲਈ ਸ਼੍ਰੀ ਗੁੰਡੀਚਾ ਮੰਦਰ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ, ਤਾਂ ਬਹੁਤ ਧੱਕਾ-ਮੁੱਕੀ ਹੋਈ। ਇਸ ਤੋਂ ਬਾਅਦ ਭਗਦੜ ਮਚ ਗਈ। ਐਤਵਾਰ ਨੂੰ ਪੁਰੀ ਦੇ ਸ਼੍ਰੀ ਗੁੰਡੀਚਾ ਮੰਦਰ ਦੇ ਨੇੜੇ ਭਗਦੜ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ ਕਈ ਲੋਕ ਜ਼ਖਮੀ ਹੋ ਗਏ ਹਨ।
ਘਟਨਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਜਦੋਂ ਸੈਂਕੜੇ ਸ਼ਰਧਾਲੂ ਮੰਦਰ ਦੇ ਨੇੜੇ ਇਕੱਠੇ ਹੋਏ ਸਨ। ਪੁਰੀ ਦੇ ਜ਼ਿਲ੍ਹਾ ਕੁਲੈਕਟਰ ਸਿਧਾਰਥ ਐਸ ਸਵੈਨ ਨੇ ਕਿਹਾ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 6 ਲੋਕਾਂ ਦੀ ਹਾਲਤ ਨਾਜ਼ੁਕ ਹੈ।
ਜ਼ਿਲ੍ਹਾ ਕੁਲੈਕਟਰ ਸਿਧਾਰਥ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਬੋਲਾਗੜ੍ਹ ਦੀ ਬਸੰਤੀ ਸਾਹੂ ਅਤੇ ਬਾਲੀਪਟਨਾ ਦੀ ਪ੍ਰੇਮਕਾਂਤ ਮੋਹੰਤੀ ਅਤੇ ਪ੍ਰਵਤੀ ਦਾਸ ਵਜੋਂ ਹੋਈ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਘਟਨਾ ਸ਼੍ਰੀ ਗੁੰਡੀਚਾ ਮੰਦਿਰ ਦੇ ਸਾਹਮਣੇ ਸ਼ਾਰਧਾਬਲੀ ਦੇ ਨੇੜੇ ਵਾਪਰੀ। ਉਸ ਸਮੇਂ ਭਗਵਾਨ ਜਗਨਨਾਥ ਨੂੰ ਰੱਥ ‘ਤੇ ਬੈਠੇ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ ਸੀ। ਦਰਸ਼ਨ ਦੌਰਾਨ ਭੀੜ ਨੂੰ ਕਾਬੂ ਕਰਨਾ ਮੁਸ਼ਕਲ ਹੋ ਗਿਆ ਅਤੇ ਲੋਕਾਂ ਨੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਕੁਝ ਲੋਕ ਜ਼ਮੀਨ ‘ਤੇ ਡਿੱਗ ਪਏ ਅਤੇ ਭਗਦੜ ਮਚ ਗਈ।
ਘਟਨਾ ਵਿੱਚ ਜ਼ਖਮੀ ਲੋਕਾਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਦੀ ਟੀਮ ਲਗਾਤਾਰ ਉਨ੍ਹਾਂ ਦਾ ਇਲਾਜ ਕਰ ਰਹੀ ਹੈ। ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪੁਰੀ ਦੀ ਜਗਨਨਾਥ ਰੱਥ ਯਾਤਰਾ ਦੇਸ਼ ਦੇ ਸਭ ਤੋਂ ਵੱਡੇ ਧਾਰਮਿਕ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਹਰ ਸਾਲ ਲੱਖਾਂ ਸ਼ਰਧਾਲੂ ਭਗਵਾਨ ਜਗਨਨਾਥ, ਬਲਭਦਰ ਅਤੇ ਸੁਭਦਰਾ ਦੇ ਦਰਸ਼ਨਾਂ ਲਈ ਪੁਰੀ ਪਹੁੰਚਦੇ ਹਨ। ਰੱਥ ਯਾਤਰਾ ਦੌਰਾਨ, ਭਗਵਾਨ ਨੂੰ ਸ਼੍ਰੀਮੰਦਰ ਤੋਂ ਬਾਹਰ ਲਿਆਂਦਾ ਜਾਂਦਾ ਹੈ ਅਤੇ ਸ਼੍ਰੀ ਗੁੰਡੀਚਾ ਮੰਦਿਰ ਲਿਜਾਇਆ ਜਾਂਦਾ ਹੈ। ਜਿੱਥੇ ਉਹ ਕੁਝ ਦਿਨ ਆਰਾਮ ਕਰਦੇ ਹਨ। ਇਹ ਹਾਦਸਾ ਇਸ ਯਾਤਰਾ ਦੌਰਾਨ ਹੋਇਆ।