ਪੰਜਾਬੀ ਗਾਇਕੀ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਲਾਲ ਚੰਦ ਯਮਲਾ ਜੱਟ ਨੂੰ ਦਰਵੇਸ਼ ਗਾਇਕ ਵਜੋਂ ਵੀ ਮਾਨਤਾ ਦਿੱਤੀ ਗਈ ਹੈ। ਕਿਉਂਕਿ ਨੇ ਸੰਗੀਤ ਦੇ ਵਿੱਚ ਉੱਚੀ ਮੁਹਾਰਤ ਹਾਸਿਲ ਕਰਨ ਦੇ ਬਾਵਜੂਦ ਵੀ ਸਾਦਗੀ ਦੇ ਨਾਲ ਆਪਣਾ ਜੀਵਨ ਬਸਰ ਕੀਤਾ। ਉੱਚੀ ਸੁੱਚੀ ਸੱਭਿਆਚਾਰਕ ਗਾਇਕੀ ਪੇਸ਼ ਕਰਨ ਵਾਲੇ ਇਸ ਫ਼ਕੀਰ ਗਾਇਕ ਦੇ ''ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਐ" ਵਾਲੇ ਰਿਕਾਰਡ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੁਮਾਲਿਆਂ ਦੀ ਛੋਹ ਪ੍ਰਾਪਤ ਹੈ।ਕਹਿਣ ਤੋਂ ਭਾਵ ਹੈ ਕਿ ਗੁਰੂ ਘਰਾਂ ਵਿੱਚ ਇਸ ਰਿਕਾਰਡ ਨੂੰ ਸੁੰਦਰ ਰੁਮਾਲਿਆਂ ਚ ਲਪੇਟ ਕੇ ਉੱਚਤਾ ਤੇ ਸੁੱਚਤਾ ਦੇ ਦਰਜੇ ਨਾਲ ਨਿਵਾਜਿਆ ਗਿਆ ਜੋਂ ਪੰਜਾਬੀ ਸੰਗੀਤ ਲਈ ਬੜੇ ਮਾਣ ਵਾਲੀ ਗੱਲ ਹੈ। ਤੂੰਬੀ ਦੀ ਟਣਕਾਰ ਤੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਇਸ ਮੌਲਾ ਮਸਤ ਫ਼ਨਕਾਰ ਦਾ ਜਨਮ ਲਾਇਲਪੁਰ ਜ਼ਿਲ੍ਹੇ ਦੇ ਚੱਕ ਨੰਬਰ 384 ਟੋਭਾ ਟੇਕ ਸਿੰਘ, ਵਿਖੇ ਰਹਿਣ ਵਾਲੇ ਪਿਤਾ ਸ੍ਰੀ ਖੇੜਾ ਰਾਮ ਅਤੇ ਸ਼੍ਰੀਮਤੀ ਮਾਤਾ ਹਰਨਾਮ ਕੌਰ ਦੇ ਘਰ 28 ਮਾਰਚ 1910 ਨੂੰ ਹੋਇਆ। ਲਾਲ ਚੰਦ ਯਮਲੇ ਜੱਟ ਦੇ ਜਨਮ ਨਾਲ ਇੱਕ ਕਹਾਣੀ ਜੁੜੀ ਹੋਈ ਹੈ ਕਿ ਜਦੋਂ ਇਸ ਮਾਤਾ ਵਿਆਹ ਪਿੱਛੋਂ ਪਿੰਡ ਦੀਆਂ ਔਰਤਾਂ ਨਾਲ ਖੂਹੀ ਤੋਂ ਪਾਣੀ ਦਾ ਭਰਨ ਗਈ ਉੱਥੇ ਪੀਰ ਕਟੋਰੇ ਸ਼ਾਹ ਫ਼ਕੀਰ ਦੀ ਸਮਾਧ ਤੇ ਔਰਤਾਂ ਦੇ ਕਹਿਣ ਤੇ ਸੁੱਖਣਾ ਸੁੱਖੀ। ਪੁੱਤਰ ਦੇ ਜਨਮ ਤੋਂ ਬਾਅਦ ਉਸ ਦੀ ਮਾਤਾ ਹਰਨਾਮ ਕੌਰ ਨੇ ਪੀਰ ਦੀ ਸਮਾਧ ਤੇ ਚਾਦਰ ਚਾੜੀ। ਇਸ ਪੀਰ ਦੀ ਦਰਗਾਹ ਤੇ ਹਰ ਸਾਲ ਭਾਰੀ ਮੇਲਾ ਭਰਦਾ ਦੂਰੋਂ-ਦੁਰੇਡਿਉਂ ਰਾਗੀ, ਢਾਡੀ, ਗੁਮੰਤਰੀ ਗਾਉਣ ਆਉਂਦੇ ਬੜੀ ਰੌਣਕ ਲਗਦੀ। ਉਹ ਮੇਲੇ ਵਿੱਚ ਤੁਰਿਆ ਫਿਰਦਾ ਤੇ ਗੁਮੰਤਰੀਆਂ ਨੂੰ ਸੁਣਦਾ । ਲਾਲ ਚੰਦ ਹਾਲੇ ਛੋਟੀ ਉਮਰ ਚ ਸੀ ਕਿ ਉਸਨੂੰ ਗਾਉਣ ਦੀਆਂ ਲੂਹਰੀਆਂ ਉੱਠਦੀਆਂ। ਜਦ ਉਹ ਨੌਂ ਸਾਲ ਦਾ ਹੋਇਆ ਤਾਂ ਉਸਨੇ ਪਹਿਲੀ ਵਾਰ ਉਸ ਮੇਲੇ ਵਿੱਚ ਗਾਇਆ। ਅਜੇ ਉਹ ਛੋਟਾ ਹੀ ਸੀ ਕਿ ਸਾਲ 1919 ਵਿੱਚ ਉਸ ਦੇ ਪਿਤਾ ਚੱਲ ਵਸੇ ਤੇ ਉਹ ਆਪਣੀ ਮਾਤਾ ਤੇ ਭਰਾਵਾਂ ਆਪਣੇ ਨਾਨਕੇ ਘਰ ਚੱਕ ਚੂਹੜ ਸਿੰਘ 224 ਵਿਖੇ ਆ ਗਿਆ। ਇੱਕ ਦਿਨ ਜਦੋਂ ਉਹ ਇੱਥੋਂ ਗਲੀ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਦੇ ਕੰਨਾਂ ਵਿੱਚ ਪੇਸ਼ਾਵਰ ਗਾਇਕਾ ਖ਼ੁਰਸ਼ੀਦ ਬੇਗ਼ਮ ਦੇ ਗਾਣਾ ਦੇ ਬੋਲ ''ਅੱਖੀਆਂ ਕਰਮਾਂ ਸੜੀਆਂ,ਜਿਹੜੀਆਂ ਨਾਲ ਸੱਜਣ ਦੇ ਲੜੀਆਂ ’' ਸੁਣਿਆ ਜਿਸ ਨਾਲ ਉਸ ਦਾ ਮਨ ਟੁੰਬਿਆ ਗਿਆ।ਉਹ ਬਾਰ-ਬਾਰ ਉਸ ਗਲੀ ਚੋਂ ਲੰਘਦਾ ਤਾਂ ਕਿ ਮੁੜ ਉਸਦੇ ਕੰਨਾਂ ਵਿੱਚ ਉਸਦੀ ਦੀ ਆਵਾਜ਼ ਪੈ ਜਾਵੇ।ਇੱਕ ਦਿਨ ਉਹ ਲੰਘਦਾ ਹੋਇਆ ਗੀਤ ਦੇ ਬੋਲ ਗੁਣਗੁਣਾਉਂਦਾ ਹੋਇਆ ਜਾ ਰਿਹਾ ਸੀ ਤਾਂ ਬੇਗ਼ਮ ਨੇ ਸੁਣ ਕੇ ਕਿਹਾ ਕਿ ਸੁਣ ਵੇ ਛੋਕਿਰਆ ਜੇ ਮੇਰੀ ਗਲੀ ਆਣਾ ਈਂ ਤਾਂ ਏਡਾ ਬੇਸੁਰਾ ਗੀਤ ਨਾ ਗਾ।ਖ਼ੁਰਸ਼ੀਦ ਬੇਗਮ ਦੇ ਕਹੇ ਬੋਲ ਲਾਲ ਚੰਦ ਦੇ ਮਨ ਅੰਦਰ ਘਰ ਕਰ ਗਏ।ਉਹ ਆਪਣੇ ਨਾਨਾ ਗੂੜ੍ਹਾ ਰਾਮ ਪਾਸ ਬੈਠ ਕੇ ਕਈ ਕਈ ਘੰਟੇ ਲਗਾਤਾਰ ਰਿਆਜ਼ ਕਰਨ ਲੱਗਾ ਤੇ ਉਸਨੇ ਲਾਇਲਪੁਰ ਰਹਿੰਦੇ ਪੰਡਿਤ ਸਾਹਿਬ ਦਿਆਲ ਜੀ ਨੂੰ ਉਸਤਾਦ ਧਾਰਨ ਕੇ ਸੰਗੀਤ ਦੀਆਂ ਬਰੀਕੀਆਂ ਸਿੱਖਣ ਲੱਗਾ। ਸਾਰੰਗੀ ਵਜਾਉਣੀ ਉਹ ਆਪਣੇ ਨਾਨੇ ਪਾਸੋਂ ਸਿੱਖ ਗਿਆ।ਨਾਨਕੀ ਰਹਿੰਦਿਆਂ ਹੀ ਯਮਲੇ ਜੱਟ ਨੇ ਪ੍ਰਸਿੱਧ ਸ਼ਾਇਰ ਸੁੰਦਰ ਦਾਸ ਆਸੀ ਨੂੰ ਆਪਣਾ ਕਾਵਿ ਗੁਰੂ ਧਾਰ ਲਿਆ। ਸੁੰਦਰ ਦਾਸ ਆਸੀ ਕੋਲ ਹੋਰ ਵੀ ਬਹੁਤ ਸਾਰੇ ਸ਼ਾਗਿਰਦ ਸਿੱਖਦੇ ਸਨ ਅਤੇ ਪੜ੍ਹੇ-ਲਿਖੇ ਹੋਣ ਕਰਕੇ ਆਪਣਾ ਆਪਣਾ ਸਬਕ ਲਿਖ ਲੈਂਦੇ ਪਰ ਲਾਲ ਚੰਦ ਅਨਪੜ੍ਹ ਹੋਣ ਕਾਰਨ ਏਧਰ-ਓਧਰ ਤੱਕਦਾ ਰਹਿੰਦਾ। ਗੋਭਲਾ ਜਿਹਾ ਚਿਹਰਾ ਵੇਖ ਕੇ ਆਸੀ ਜੀ ਟਕੋਰ ਕਰਦੇ, ‘‘ਉਏ ਤੂੰ ਤਾਂ ਬਿਲਕੁਲ ਯਮਲਾ ਜੱਟ ਏਂ।’’ ਇਸ ਤਰ੍ਹਾਂ ਇੱਥੋਂ ਹੀ ਉਸ ਦੇ ਨਾਂ ਨਾਲ ‘ਯਮਲਾ ਜੱਟ’ ਪੱਕਾ ਲੱਗ ਗਿਆ। 1938 ਵਿੱਚ ਲਾਲ ਚੰਦ ਨੇ ਪੱਕੇ ਰਾਗਾਂ ਦੀ ਬਤੌਰ ਸਿੱਖਿਆ ਲੈਣ ਲਈ ਲਾਇਲਪੁਰ ਦੇ ਚੱਕ ਨੰ: 224 ਫੱਤੇ ਦੀਨ ਵਾਲੇ ਪਿੰਡ ਦੇ ਚੌਧਰੀ ਮਜੀਦ ਨੂੰ ਗੁਰੂ ਧਾਰ ਲਿਆ। ਦੇਸ਼ ਦੀ ਵੰਡ ਤੋਂ ਬਾਅਦ ਉਹ ਲੁਧਿਆਣੇ ਜਵਾਹਰ ਨਗਰ ਆ ਵਸਿਆ। ਇੱਥੇ ਉਸ ਨੇ ਕਵੀ ਨਰਾਇਣ ਸਿੰਘ ਦਰਦੀ ਦੇ ਘਰ ਮਾਲੀ ਦੀ ਨੌਕਰੀ ਵੀ ਕੀਤੀ ਤੇ ਬਾਜ਼ਾਰ ਵਿਚ ਫੁੱਲਾਂ ਦੇ ਹਾਰ ਵੀ ਵੇਚਣੇ ਪਏ। ਉਸਦਾ ਵਿਆਹ ਬੀਬੀ ਰਾਮ ਰੱਖੀ ਨਾਲ ਹੋਇਆ ਤੇ ਉਸ ਦੇ ਘਰ ਪੰਜ ਪੁੱਤਰਾਂ ਤੇ ਦੋ ਧੀਆਂ ਨੇ ਜਨਮ ਲਿਆ। ਟਿਕੀ ਰਾਤ ਨੂੰ ਸਾਰੰਗੀ ਵਜਾ ਕੇ ਆਪਣੇ ਵਜੂਦ ਵਿੱਚ ਆ ਕੇ ਗਾਉਣ ਲੱਗ ਜਾਂਦਾ।ਇੱਕ ਦਿਨ ਦਰਦੀ ਸਾਹਿਬ ਦੇ ਬੇਟੇ ਨੇ ਉਸ ਨੂੰ ਗਾਉਂਦਿਆਂ ਸੁਣ ਲਿਆ ਤਾਂ ਉਸ ਨੇ ਦਰਦੀ ਸਾਹਿਬ ਨਾਲ ਗੱਲ ਕੀਤੀ ਕਿ ਵੇਖੋ ਪਾਪਾ ਆਪਣਾ ਮਾਲੀ ਕਿੰਨਾ ਸੋਹਣਾ ਗਾਉਂਦਾ ਹੈ। ਦਰਦੀ ਨੇ ਸੁਣਿਆ ਅਗਲੇ ਹੀ ਦਿਨ ਦਰਦੀ ਜੀ ਨੇ ਪਟਿਆਲੇ ਮਾਤਾ ਸਾਹਿਬ ਕੌਰ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਉੱਪਰ ਕਵਿਤਾ ਪੜ੍ਹਨੀ ਸੀ ਤਾਂ ਉਹ ਲਾਲ ਚੰਦ ਨੂੰ ਆਪਣੇ ਨਾਲ ਲੈ ਗਏ ਜਿੱਥੇ ਉਸ ਨੇ ਕੋਮਲ ਜਾਨਾ ਸਾਹਿਸਾਹ ਦੀ, ਹੱਥ ਬੇਦਰਦਾਂ ਦੇ ਆਈਆਂ’ ਗੀਤ ਗਾਇਆ। ਸਮਾਗਮ ਦੇ ਪ੍ਰਧਾਨ ਬਾਵਾ ਬੁੱਧ ਸਿੰਘ ਜੀ ਉੁਨ੍ਹਾਂ ਯਮਲੇ ਨੂੰ 35 ਰੁਪਏ ਦਿੱਤੇ।ਜਿਸ ਨਾਲ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।ਲਾਲ ਚੰਦ ਯਮਲਾ ਜੱਟ ਨੂੰ ਤੂੰਬੀ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਸਮਿਆਂ ਵਿਚ ਪ੍ਰੋਗਰਾਮਾਂ ਤੇ ਸਾਧਨ ਨਾ ਹੋਣ ਕਰਕੇ ਤੁਰਕੇ ਜਾਣਾ ਪੈਂਦਾ ਸੀ । ਲੰਮੇ ਪੈਂਡੇ ਤੇ ਕੱਚੇ ਰਾਹ ਹੋਣ ਕਾਰਨ ਵੱਡੇ-ਵੱਡੇ ਸਾਜ਼ ਚੁੱਕਣੇ ਔਖੇ ਸਨ ।ਤੂੰਬੀ ਹਲਕਾ ਤੇ ਹੌਲਾ-ਫੁੱਲ ਸਾਜ਼ ਐ ।ਇੱਕ ਤਾਰ ਉੱਤੇ ਪੋਟੇ ਲਗਾ ਕੇ ਜਗਾਉਣ ਦਾ ਨਿਵੇਲਾ ਤਜਰਬਾ ਹਾਸਿਲ ਕਰਨਾ ਉਸਦੇ ਹੀ ਹਿੱਸੇ ਆਇਆ ਸੀ ।ਸਟੇਜ ਦੇ ਉੱਪਰ ਖਲੋਤਾ ਯਮਲਾ ਜੱਟ ਜਦ ਤੂੰਬੀ ਟੁਣਕਾਉਂਦਾ ਸੀ ਤਾਂ ਉਹ ਸ਼ਬਦਾਂ ਨੂੰ ਸੁਰਾਂ ਕਰਦਾ ਹੋਇਆ ਸੰਗੀਤ ਦਾ ਅਲੌਕਿਕ ਨਜ਼ਾਰਾ ਬੱਝਾ ਦਿੰਦਾ ਤੇ ਸਰੋਤੇ ਮੰਤਰ-ਮੁਗਧ ਹੋ ਬਹਿੰਦੇ । ਸਟੇਜ ਤੇ ਖਲੋਤਾ ਯਮਲਾ ਜੱਟ ਜਦ ਆਪਣੇ ਸਾਹਮਣੇ ਲੋਕਾਂ ਦੇ ਹਜੂਮ ਨੂੰ ਦੇਖਦਾ ਸੀ ਤਾਂ ਉਹ ਗਾਉਂਦਾ ਗਾਉਂਦਾ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪੈਂਦਾ ਤੇ ਉਸਦੀ ਰੂਹ ਨਸ਼ਿਆਉਣ ਲੱਗ ਪੈਂਦੀ ।ਲਾਲ ਚੰਦ ਯਮਲਾ ਤੂੰਬੀ ਦੇ ਬਾਦਸ਼ਾਹ ਵਜੋਂ ਦੁਨੀਆਂ ਵਿੱਚ ਮਸ਼ਹੂਰ ਹੋਇਆ। ਤੂੰਬੀ ਉੱਤੇ ਸਾਫ਼-ਸੁਥਰੇ ਤੇ ਸੱਭਿਆਚਾਰਕ ਸਮਾਜਿਕ ਗੀਤ ਗਾਉਣ ਵਾਲੇ ਲਾਲ ਚੰਦ ਯਮਲਾ ਜੱਟ ਨੇ ਆਕਾਸ਼ਵਾਣੀ ਤੋਂ ਗਾਉਣਾ ਸ਼ੁਰੂ ਕੀਤਾ । ਐਚ. ਐਮ. ਵੀ.ਕੰਪਨੀ ਵਿੱਚ ਤੂੰਬੀ ਉੱਤੇ ਗਾਉਣ ਵਾਲਾ ਲਾਲ ਚੰਦ ਯਮਲਾ ਜੱਟ ਸਭ ਤੋਂ ਪਹਿਲਾ ਕਲਾਕਾਰ ਸੀ । ਕੰਪਨੀ ਜਿਵੇਂ ਜਿਵੇਂ ਉਸਦੇ ਗੀਤ ਰਿਕਾਰਡ ਕਰਦੀ ਗਈ, ਉਹ ਦਿਨੋਂ-ਦਿਨ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਦੇ ਗਏ । ਦਿਨਾਂ ਵਿੱਚ ਹੀ ਉਸਦੀ ਪ੍ਰਸਿੱਧੀ ਦੇਸ਼ ਭਰ ਵਿੱਚ ਫੈਲ ਗਈ । ਉਸਦੇ ਬਹੁ-ਪ੍ਰਚੱਲਿਤ ਗੀਤਾਂ ਵਿੱਚ:-ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ,
ਸਤਿਗੁਰ ਨਾਨਕ ਆ ਜਾ,ਜੰਗਲ ਦੇ ਵਿੱਚ ਖੂਹਾਂ ਲੁਆਦੇ ,ਮੈਂ ਤੇਰੀ ਤੂੰ ਮੇਰਾ, ਤੇਰੇ ਨੀ ਕਰਾਰਾਂ ਮੈਨੂੰ ਪੱਟਿਆ,ਕਣਕਾਂ ਜੰਮੀਆਂ ਗਿੱਠ-ਗਿੱਠ ਲੰਮੀਆਂ, ਜਵਾਨੀ ਮੇਰੀ ਰਾਂਗਲੀ ਲੈ ਦੇ ਚਰਖ਼ਾ ਸ਼ੀਸ਼ਿਆਂ ਵਾਲਾ, ਫੁੱਲਾ ਮਹਿਕ ਨੂੰ ਸੰਭਾਲ ਸੰਭਲ-ਸੰਭਲ ਕੇ ਚੱਲ ਮੁਟਿਆਰੇ, ਚਿੱਟਾ ਹੋ ਗਿਆ ਲਹੂ ਭਰਾਵੋ, ਜੱਗ ਦਿਆ ਚਾਨਣਾ ਮੁੱਖ ਨਾ ਲੁਕਾ ਵੇ,ਇੱਛਰਾ ,ਆਰ ਟਾਂਗਾ-ਪਾਰ ਟਾਂਗਾ, ਰਾਣੀ ਜਿਨ੍ਹਾਂ ਕੀਤੀ ਨਾ ਕਮਾਈ ਉਨ੍ਹੇ ਰੱਜ ਕੇ ਕੀ ਖਾਣਾ, ਅਰਜ਼ ਮੇਰੀ ਦਾਤਿਆ, ਜਾਨ ਦੁੱਖ ਵਿਚ ਪਾ ਲਈ, ਲੱਕ ਸੋਨੇ ਦੀ ਜ਼ੰਜੀਰੀ, ਜਵਾਨੀ ਮੇਰੀ ਰੰਗਲੀ, ਖੇਡ ਦੇ ਦਿਨ ਚਾਰ, ਓਨੇ ਲਵੇਂਗਾ ਨਜ਼ਾਰੇ ਜਿੰਨਾ ਰੁਕ ਜਾਵੇਗਾ, ਮੇਰੇ ਦਿਲ ਦਾ ਬੋਝਾ ਖ਼ਾਲੀ ਸੀ ਵਰਗੇ ਅਨੇਕਾਂ ਹੋਰ ਗੀਤ ਯਮਲਾ ਜੱਟ ਨੇ ਆਪਣੇ ਲਿਖੇ ਹੋਏ ਗੀਤ ਅਤੇ ਲੋਕ-ਗਾਥਾਵਾਂ ਨੂੰ ਹੀ ਗਾਇਆ।ਲਾਲ ਚੰਦ ਅਨਪੜ੍ਹ ਹੋਣ ਕਾਰਨ ਗੀਤ ਆਪਣੇ ਸ਼ਾਗਿਰਦ ਤੋਂ ਲਿਖਵਾ ਲੈਂਦਾ ਤੇ ਉਨ੍ਹਾਂ ਨੂੰ ਜ਼ੁਬਾਨੀਯਾਦ ਕਰ ਲੈਂਦਾ। ਯਮਲਾ ਜੱਟ ਜੀ ਨੇ ਆਪਣੇ ਸਮੇਂ ਦੀ ਪ੍ਰਸਿੱਧ ਗਾਇਕਾ ਮਹਿੰਦਰਜੀਤ ਕੌਰ ਸੇਖੋਂ ਨਾਲ ਕੁਝ ਕੁਝ ਦੋਗਾਣੇ ਵੀ ਰਿਕਾਰਡ ਕਰਵਾਏ ਜਿਨ੍ਹਾਂ ਵਿਚ:- ਜਗਤੇ ਨੂੰ ਛੱਡ ਕੇ ਤੂੰ ਭਗਤੇ ਕਰ ਲੈ,ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਵਰਗੇ ਹੋਰ ਵੀ । ਕਲਾਕਾਰੀ ਤੇ ਗੀਤਕਾਰੀ ਇਹ ਟਾਵੇਂ ਟਾਂਵੇ ਵਿਅਕਤੀ ਦੇ ਹਿੱਸੇ ਹੀ ਆਉਂਦੀਆਂ ਹਨ। ਯਮਲਾ ਜੱਟ ਇਨ੍ਹਾਂ ਦੋਵੇਂ ਗੁਣਾਂ ਦਾ ਧਨੀ ਰਿਹਾ ਜਿਸ ਦੇ ਸਿਰ ਉਸ ਨੇ ਆਪਣੀ ਕਲਾ ਦੇ ਜੌਹਰ ਵਿਖਾਉਣ ਕੈਨੇਡਾ, ਇੰਗਲੈਂਡ ਆਦਿ ਦੇਸ਼ਾਂ ਵਿੱਚ ਵੀ ਗਾ ਕੇ ਸੰਸਾਰ ਭਰ ਚ ਪ੍ਰਸਿੱਧੀ ਹਾਸਿਲ ਕਰਦਿਆਂ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੁਰਸਕਾਰ ਵੀ ਪ੍ਰਾਪਤ ਕੀਤੇ। ਉਸ ਨੇ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਡਾ. ਰਜਿੰਦਰ ਪ੍ਰਸਾਦ, ਗਿਆਨੀ ਜੈਲ ਸਿੰਘ, ਪੰਡਤ ਜਵਾਹਰ ਲਾਲ ਨਹਿਰੂ ਤੇ ਵੈਂਕਟੇਰਮਨ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਹੱਥੋਂ ਪ੍ਰਸ਼ੰਸਾ ਪੱਤਰ ਹਾਸਿਲ ਕੀਤੇ। ਲਾਲ ਚੰਦ ਯਮਲਾ ਜੱਟ ਇੱਕ ਦਾਨਿਸ਼ਵਰ ਵੱਡਾ ਮਨੁੱਖ ਸੀ।ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਉਸ ਨੇ ਸੰਗੀਤ ਦੀਆਂ ਖੁੱਲ੍ਹੀਆਂਫਿਜਾਵਾਂ ਵਿਚ ਜੀਅ ਭਰ ਕੇ ਗਾ ਕੇ ਮਾਂ-ਬੋਲੀ ਪੰਜਾਬੀ ਨੂੰ ਘਰ ਘਰ ਤਕ ਪਹੁੰਚਾਇਆ। ਉਸ ਨੇ ਆਪਣੇ ਗੀਤਾਂ ਅਤੇ ਵਿਚਾਰਾਂ ਦੇ ਨਾਲ ਲੋਕਾਂ ਦੇ ਰਿਸ਼ਤੇ-ਨਾਤੇ ਹੋਰ ਗੂੜ੍ਹੇ ਕੀਤੇ ਹਨ। ਇਸ ਰਸੀਲੀ ਆਵਾਜ਼ ਦੀ ਚਾਰੇ ਪਾਸੇ ਐਸੀ ਧੁੰਮ ਪੈਂਦੀ ਸੀ ਕਿ ਜਿੱਥੇ ਵੀ ਅਖਾੜਾ ਲੱਗਣਾ ਹੁੰਦਾ ਲੋਕ ਸੁਣਨ ਲਈ ਉਤਾਵਲੇ ਹੁੰਦੇ ਤੇ ਵਹੀਰਾਂ ਘੱਤ ਕੇ ਅਖਾੜਾ ਵੇਖਣ ਲਈ ਪਹੁੰਚਦੇ ਜਾਂਦੇ। ਉਸ ਦੇ ਮੂੰਹੋਂ ਨਿਕਲੀ ਹਰ ਗੱਲ ਫ਼ਿਜ਼ਾ ’ਚ ਮਹਿਕ ਖਿਲਾਰਦੀ ਸੀ ਇਸ ਲਈ ਸੁਣਨ ਵਾਲੇ ਸਰੋਤੇ ਪੂਰਾ ਧਿਆਨ ਲਾ ਕੇ ਸੁਣਦੇ ਸਨ। ਯਮਲਾ ਜੱਟ ਦੇ ਲਿਖੇ ਤੇ ਗਾਏ ਗੀਤ ਸਦੀਵੀ ਹਨ। ਜਿੰਨੀ ਕਦਰ ਉਨ੍ਹਾਂ ਦੇ ਗੀਤਾਂ ਦੀ ਪੁਰਾਣੇ ਜ਼ਮਾਨੇ ’ਚ ਸੀ ਲੋਕ ਅੱਜ ਵੀ ਉਸ ਦੇ ਗੀਤਾਂ ਨੂੰ ਤਰਜੀਹ ਦਿੰਦੇ ਹਨ। ਜਿਸ ਕਰਕੇ ਉਹ ਅੱਜ ਵੀ ਸੰਗੀਤ ਦੇ ਖੇਤਰ ਵਿਚ ਧਰੂ ਤਾਰੇ ਵਾਂਗ ਚਮਕਦਾ ਆ ਰਿਹਾ ਹੈ। ਪੰਜਾਬ ਦੇ ਇਸ ਮਹਾਨ ਕਲਾਕਾਰ ਦੇ ਅਨੇਕਾਂ ਹੀ ਸ਼ਗਿਰਦ ਹੋਏ ਜਿਨ੍ਹਾਂ ਨੇ ਉਸਤਾਦ ਜੀ ਦੇ ਪੂਰਨਿਆਂ ਤੇ ਖ਼ਰਾ ਉਤਰਦਿਆਂ ਸੰਗੀਤ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਕੇ ਆਪਣੇ ਨਾਂ ਦੀ ਇੱਕ ਜਿਹੀ ਵੱਖਰੀ ਛਾਪ ਛੱਡੀ ਕਿ ਉਨ੍ਹਾਂ ਦਾ ਨਾਂ ਗਾਇਕੀ ਦੇ ਪੰਨਿਆਂ ਤੇ ਸੁਨਿਹਰੀ ਹਰਫ਼ਾਂ ਵਿਚ ਲਿਖਿਆ ਪਿਆ ਹੈ ਜਿਵੇਂ ਕਿ:- ਨਰਿੰਦਰ ਬੀਬਾ, ਜਗਤ ਸਿੰਘ ਜੱਗਾ,ਅਮਰਜੀਤ ਸਿੰਘ ਗੁਰਦਾਸਪੁਰੀ ਆਦਿ। ਯਮਲੇ ਜੱਟ ਨੂੰ ਜ਼ਿੰਦਗੀ ’ਚ ਦੁੱਖ ਉਨ੍ਹਾਂ ਦੇ ਗੱਭਰੂ ਪੁੱਤ ਜਸਵਿੰਦਰ ਯਮਲੇ ਦੇ ਜਹਾਨੋਂ ਤੁਰ ਜਾਣ ਨਾਲ ਹੋਇਆ । ਯਮਲੇ ਜੱਟ ਇਕ ਦਿਨ ਘਰ ਪੈਰ ਤਿਲਕਣ ਕਾਰਨ ਡਿੱਗ ਪਏ, ਉਨ੍ਹਾਂ ਦੇ ਚੂਲ੍ਹੇ ’ਤੇ ਜ਼ਿਆਦਾ ਸੱਟ ਲੱਗ ਗਈ, ਜੋ ਛੇਤੀ ਠੀਕ ਨਾ ਹੋ ਸਕੀ। ਸਿੱਟੇ ਵਜੋਂ ਉਸ ਦੀ ਸਿਹਤ ਦਿਨੋਂ-ਦਿਨ ਮਾੜੀ ਹੁੰਦੀ ਗਈ। ਉਸ ਸਮੇਂ ਪੰਜਾਬ ਦੇ ਰਾਜਪਾਲ ਸੁਰਿੰਦਰ ਨਾਥ ਨੇ ਉਸ ਦੇ ਘਰ ਜਾ ਕੇ ਹਾਲ-ਚਾਲ ਵੀ ਪੁੱਛਿਆ ਤੇ ਆਰਥਿਕ ਸਹਾਇਤਾ ਵੀ ਭੇਂਟ ਕੀਤੀ। ਉਨ੍ਹਾਂ ਨੇ 19-20 ਅਕਤੂਬਰ 1991 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਲੱਗਣ ਵਾਲੇ ਪ੍ਰੋ: ਮੋਹਨ ਸਿੰਘ ਮੇਲੇ ਵਿੱਚ ਸੱਟ ਦੀ ਪ੍ਰਵਾਹ ਨਾ ਕਰਦਿਆਂ ਰਾਤ ਨੂੰ 8.00-9.00 ਵਜੇ ਹਾਜ਼ਰੀ ਭਰੀ। ਇਸ ਮੇਲੇ ਵਿੱਚ ਉਸ ਵੇਲੇ ਸਟੇਜ ਉੱਪਰ ਪੰਜਾਬ ਦੇ ਪ੍ਰਸਿੱਧ ਗਾਇਕ ਕੁਲਦੀਪ ਮਾਣਕ, ਮੁਹੰਮਦ ਸਦੀਕ, ਗੁਰਦਾਸ ਮਾਨ, ਹੰਸ ਰਾਜ ਹੰਸ, ਪ੍ਰੋ: ਗੁਰਭਜਨ ਗਿੱਲ, ਪ੍ਰਗਟ ਸਿੰਘ ਗਰੇਵਾਲ, ਜਨਮੇਜਾ ਸਿੰਘ ਜੌਹਲ, ਹਰਭਜਨ ਬਟਾਲਵੀ ਅਤੇ ਹੋਰ ਵੀ ਬਹੁਤ ਸਾਰੀਆਂ ਸ਼ਖ਼ਸੀਅਤਾਂ ਮੌਜੂਦ ਸਨ। ਜਗਦੇਵ ਸਿੰਘ ਜੱਸੋਵਾਲ ਅਤੇ ਉਨ੍ਹਾਂ ਦੇ ਸ਼ਾਗਿਰਦ ਉਸਤਾਦ ਲਾਲ ਚੰਦ ਯਮਲਾ ਨੂੰ ਕੁਰਸੀ ਉੱਪਰ ਬਿਠਾ ਬਿਠਾਇਆ।ਉਨ੍ਹਾਂ ਨੇ ਜਦੋਂ ਗਾਇਆ ਤਾਂ ਪੰਜਾਬੀ ਭਵਨ ਦਾ ਵਿਹੜਾ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਜੋ ਤਾੜੀਆਂ ਦੀ ਗੂੰਜ ਨਾਲ ਵਾਰ-ਵਾਰ ਗੂੰਜ ਉੱਠਿਆ।ਇਹ ਉਨ੍ਹਾਂ ਦੀ ਆਖਰੀ ਭਰਵੀਂ ਸਟੇਜ ਸੀ ਜਿਸ ਨੂੰ ਉਸਤਾਦ ਉਨ੍ਹਾਂ ਨੇ ਲੁੱਟ।ਜ਼ਿਆਦਾ ਸੱਟ ਲੱਗੀ ਹੋਣ ਕਾਰਨ ਜੋ ਛੇਤੀ ਠੀਕ ਨਾ ਹੋ ਸਕੀ। ਅਤੇ ਕੁਝ ਕੁ ਮਹੀਨਿਆਂ ਬਾਅਦ ਤੂੰਬੀ ਦਾ ਇਹ ਬਾਦਸ਼ਾਹ ਗਾਇਕ ਆਪਣੀ ਸਾਫ਼-ਸੁਥਰੀ ਤੇ ਰਵਾਇਤੀ ਲੋਕ ਗਾਇਕੀ ਪੰਜਾਬੀ ਸਭਿਆਚਾਰ ਨੂੰ ਦੇਣ ਵਾਲਾ ਪੰਜਾਬ ਦਾ ਇਹ ਮਹਾਨ ਕਲਾਕਾਰ 20 ਦਸੰਬਰ 1991 ਦੀ ਰਾਤ ਮੋਹਨ ਦੇਵੀ ਓਸਵਾਲ ਹਸਪਤਾਲ ਲੁਧਿਆਣਾ ਵਿਖੇ ਸਭ ਨੂੰ ਵਿਛੋੜਾ ਦੇ ਗਿਆ ਤੇ ਆਪਣੇ ਪਿੱਛੇ ਛੱਡ ਗਿਆ ਸੈਂਕੜੇ ਕਲਾ ਮੁਰੀਦ ਤੇ ਪੰਜ ਪੁੱਤਰ ਕਰਤਾਰ ਚੰਦ, ਜਸਵਿੰਦਰ ਯਮਲਾ (ਹੁਣ ਮਰਹੂਮ), ਸਵਰਗੀ ਜਸਦੇਵ ਯਮਲਾ (ਹੁਣ ਮਰਹੂਮ) , ਜਗਦੀਸ਼ ਯਮਲਾ (ਹੁਣ ਮਰਹੂਮ) ਤੇ ਜਗਵਿੰਦਰ ਕੁਮਾਰ । ਸੰਤੋਸ਼ ਰਾਣੀ ਤੇ ਸਰੂਪ ਰਾਣੀ ਦੋ ਧੀਆਂ। ਆਪਣੇ ਪਿਤਾ ਦੀ ਸੰਗੀਤ ਪ੍ਰੰਪਰਾ ਨੂੰ ਜਸਦੇਵ ਯਮਲਾ ਤੇ ਅਤੇ ਸੁਪਤਨੀ ਸਰਬਜੀਤ ਕੌਰ ਅਤੇ ਕਰਤਾਰ ਚੰਦ ਦਾ ਸਪੁੱਤਰ ਸੁਰੇਸ਼ ਯਮਲਾ ਅੱਗੇ ਤੋਰ ਰਹੇ ਹਨ। ਆਪਣੀ ਤੂੰਬੀ ਦੀ ਟੁਣਕਾਰ ਨਾਲ ਸਾਫ਼-ਸੁਥਰੇ ਤੇ ਸਮਾਜਿਕ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲਾ ਤੂੰਬੀ ਦਾ ਇਹ ਬਾਦਸ਼ਾਹ ਤੇ ਰਵਾਇਤੀ ਲੋਕ ਗਾਇਕੀ ਦਾ ਇਹ ਮਹਾਨ ਯੁੱਗ ਗਾਇਕ ਭਾਵੇਂ ਅੱਜ ਸਾਡੇ ਵਿਚਕਾਰ ਤਾਂ ਨਹੀਂ ਰਿਹਾ ਪਰ ਉਨ੍ਹਾਂ ਦੀ ਅਮਲੋਕ ਲਿਖਤ ਤੇ ਮਿੱਠੀ ਆਵਾਜ਼ ਹਮੇਸ਼ਾਂ ਹੀ ਉਨ੍ਹਾਂ ਨੂੰ ਸੰਗੀਤ ਦੇ ਖੇਤਰ ਵਿਚ ਅਮਰ ਰੱਖੇਦੀ ਰਹੇਗੀ।
=====================
ਸਰੂਪ ਸਿੰਘ,ਚੌਧਰੀ ਮਾਜਰਾ (ਨਾਭਾ)
99886-27880