-ਸਮੁੱਚੇ ਐਨ ਐਚ ਐਮ ਮੁਲਾਜ਼ਮ 15 ਜੂਨ ਨੂੰ ਲੁਧਿਆਣਾ ਵਿਖੇ ਕਰਨਗੇ ਸੂਬਾ ਪੱਧਰੀ ਰੋਸ ਰੈਲੀ
ਬਰਨਾਲਾ, 13 ਜੂਨ (ਧਰਮਪਾਲ ਸਿੰਘ, ਬਲਜੀਤ ਕੌਰ): ਪਿਛਲੇ ਲੰਮੇ ਸਮੇਂ ਤੋਂ ਸਿਹਤ ਵਿਭਾਗ ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਐਨ.ਐਚ.ਐਮ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਹੱਕੀ ਮੰਗਾਂ ਖਾਤਰ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਸਮੁੱਚੇ ਪੰਜਾਬ ਚ ਸਮੂਹ ਐਨ ਐਚ ਐਮ ਕਰਮਚਾਰੀਆਂ ਵੱਲੋਂ ਕੀਤੀ ਗਈ ਇੱਕ ਰੋਜ਼ਾ ਹੜਤਾਲ ਕਾਰਨ ਸਿਹਤ ਸੇਵਾਵਾਂ ਬੂਰੀ ਤਰ੍ਹਾ ਨਾਲ ਪ੍ਰਭਾਵਿਤ ਰਹੀਆਂ। ਇਸ ਸਬੰਧੀ ਗੱਲ ਕਰਦਿਆਂ ਸੂਬਾ ਪ੍ਰਧਾਨ ਡਾਕਟਰ ਵਾਹਿਦ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਕੌਮੀ ਸਿਹਤ ਮਿਸ਼ਨ (ਐਨਐਚਐਮ) ਤਹਿਤ ਕੰਮ ਕਰਦੇ ਸਮੂਹ ਕੱਚੇ ਮੁਲਾਜਮਾਂ ਨੂੰ ਸਰਕਾਰ ਬਨਣ ‘ਤੇ ਰੈਗੂਲਰ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਸਰਕਾਰ ਬਣਿਆ ਤਿੰਨ ਸਾਲ ਦਾ ਸਮਾਂ ਪੂਰਾ ਹੋ ਗਿਆ ਹੈ ਲੇਕਿਨ ਐਨਐਚਐਮ ਤਹਿਤ ਕੰਮ ਕਰਨ ਵਾਲਾ ਸਿਹਤ ਵਿਭਾਗ ਦਾ ਇੱਕ ਵੀ ਕਰਮਚਾਰੀ ਰੈਗੂਲਰ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਹੀ ਕਿਸੇ ਕਰਮਚਾਰੀ ਦੀ ਤਨਖ਼ਾਹ ਚ ਕੋਈ ਸਨਮਾਨਜਨਕ ਵਾਧਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਐਨ ਐਚ ਐਮ ਮੁਲਾਜਮ ਆਪਣੀ ਅਸਾਮੀ ਦੇ ਹਿਸਾਬ ਨਾਲ ਯੋਗਤਾ ਪੂਰੀ ਕਰਦੇ ਹਨ ਤੇ ਐਨਐਚਐਮ ਦੀਆਂ ਭਰਤੀਆਂ ਯੋਗ ਪ੍ਰਕਿਰਆ ਰਾਹੀਂ ਹੋਈਆਂ ਹਨ, ਲੇਕਿਨ ਫਿਰ ਵੀ ਕੱਚੇ ਸਿਹਤ ਮੁਲਾਜ਼ਮਾਂ ਦੀ ਠੇਕਾ ਪ੍ਰਥਾ ਤਹਿਤ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਆਰਥਿਕ, ਮਾਨਸਿਕ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਬੀਤੇ ਤਿੰਨ ਸਾਲਾ ਚ ਯੂਨੀਅਨ ਨਾਲ ਲਗਪਗ 31 ਮੀਟਿੰਗਾ ਕਰਨ ਤੋਂ ਬਾਅਦ ਵੀ ਯੂਨੀਅਨ ਦੀ ਇੱਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਅਤੇ ਲਾਰੇ ਲੱਪੇ ਲਗਾ ਸਮਾ ਲੰਘਿਆਂ ਜਾ ਰਿਹਾ ਹੈ।ਜਿਸ ਦੇ ਸਿੱਟੇ ਵਜੋਂ ਐਨ ਐਚ ਐਮ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਇੱਕ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਅਤੇ 15 ਜੂਨ ਨੂੰ ਲੁਧਿਆਣਾ ਵਿਖੇ ਇੱਕ ਵੱਡੀ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਰੋਸ ਰੈਲੀ ਦੋਰਾਨ ਪੰਜਾਬ ਸਰਕਾਰ ਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਪ੍ਰਤੀ ਮਤਰੇਈ ਮਾਂ ਵਾਲੇ ਰੱਵਈਏ ਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਰੈਲੀ ਤੋਂ ਲੁਧਿਆਣਾ ਸਹਿਰ ਦੀਆਂ ਗਲੀਆਂ ਵਿੱਚ ਮਾਰਚ ਕੀਤਾ ਜਾਵੇਗਾ ।
ਜਨਰਲ ਸੈਕਟਰੀ ਗੁਲਸ਼ਨ ਸਰਮਾ ਤੇ ਅਮਰਜੀਤ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਚੋਣ ਵਾਅਦਿਆਂ ਤੋਂ ਭੱਜਦੀ ਵਿਖਾਈ ਦੇ ਰਹੀ ਹੈ ਜਿਸ ਕਾਰਨ ਸਿਹਤ ਵਿਭਾਗ ਵਿੱਚ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਸੇਵਾਵਾਂ ਨਿਭਾ ਰਹੇ ਲੱਗਭੱਗ 10 ਹਜ਼ਾਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਆਉਣ ਵਾਲੇ ਦਿਨਾਂ ਵਿੱਚ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹੋਏ ਹਨ।ਉਨ੍ਹਾਂ ਕਿਹਾ ਕਿ ਸਿਹਤ ਮੁਲਾਜ਼ਮਾਂ ਦੇ ਹੜਤਾਲ ‘ਤੇ ਜਾਣ ਕਾਰਨ ਲੋਕਾਂ ਦੀ ਹੋਣ ਵਾਲੀ ਖੱਜਲ ਖੁਆਰੀ ਲਈ ਸੂਬਾ ਸਰਕਾਰ ਜਿੰਮੇਵਾਰ ਹੋਵੇਗੀ ਕਿਉਂਕਿ ਹੱਕੀ ਮੰਗਾਂ ਖਾਤਰ ਹੜਤਾਲ ‘ਤੇ ਜਾਣਾ ਸਿਹਤ ਮੁਲਾਜਮਾਂ ਦੀ ਮਜਬੂਰੀ ਹੈ। ਸੰਘਰਸ਼ ਸਬੰਧੀ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਰੋਪੜ,ਸੰਦੀਪ ਕੌਰ ਬਰਨਾਲਾ ਤੇ ਡਾਕਟਰ ਸ਼ਿਵਰਾਜ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਲੰਘੇ ਸ਼ੈਸ਼ਨਾਂ ਦੌਰਾਨ ਵੀ ਸੂਬੇ ਦੇ ਕੱਚੇ ਮੁਲਾਜ਼ਮਾਂ ਦੇ ਮਸਲੇ ‘ਤੇ ਪੰਜਾਬ ਸਰਕਾਰ ਨੇ ਸੰਜੀਦਗੀ ਨਾਲ ਚਰਚਾ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਆਮ ਲੋਕਾਂ ਨਾਲ ਚੰਗੀਆਂ ਸਿਹਤ ਸਹੂਲਤਾਂ ਦੇਣ ਦੇਣ ਵੱਡੇ ਵੱਡੇ ਵਾਅਦੇ ਕਰਦੀ ਹੈ, ਉੱਥੇ ਹੀ ਸਿਹਤ ਵਿਭਾਗ ਜਿਹੇ ਅਹਿਮ ਵਿਭਾਗ ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦਾ ਪੰਜਾਬ ਸਰਕਾਰ ਦੁਆਰਾ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੂਬਾ ਸਲਾਹਕਾਰ ਅਵਤਾਰ ਸਿੰਘ ਮਾਨਸਾ, ਗੁਰਪ੍ਰੀਤ ਭੁੱਲਰ ਤੇ ਡਾਕਟਰ ਸੁਨੀਲ ਤਰਗੋਤਰਾ ਨੇ ਸਾਂਝੀ ਅਵਾਜ਼ ਚ ਕਿਹਾ ਕਿ ਨੈਸਨਲ ਹੈਲਥ ਮਿਸ਼ਨ ਦੇ ਸਮੁੱਚੇ ਕਰਮਚਾਰੀਆਂ ਦੁਬਾਰਾ ਲੁਧਿਆਣਾ ਜ਼ਿਮਨੀ ਚੋਣਾ ਦੋਰਾਨ ਪੰਜਾਬ ਸਰਕਾਰ ਦਾ ਹਰ ਮੋੜ ਤੇ ਘੇਰਾਓ ਕੀਤਾ ਜਾਵੇਗਾ। ਸੂਬਾ ਆਗੂ ਡਾਕਟਰ ਪ੍ਰਭਜੋਤ ਜੱਬਲ ਤੇ ਅਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਇਸ ਇੱਕ ਰੋਜ਼ਾ ਹੜਤਾਲ ਤੋਂ ਬਾਅਦ ਵੀ ਜਾਇਜ਼ ਮੰਗਾਂ ਨੂੰ ਜਲਦੀ ਸਰਕਾਰ ਨੇ ਨਾ ਮੰਨਿਆ ਤਾਂ ਜਲਦੀ ਹੀ ਯੂਨੀਅਨ ਵੱਲੋਂ ਇਸ ਤੋਂ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਇਸ ਮੌਕੇ ਜਗਦੇਵ ਮਾਨਸਾ,ਦਿਨੇਸ ਗਰਗ ਪਟਿਆਲਾ, ਨੀਤੂ ਹੁਸ਼ਿਆਰਪੁਰ, ਦੀਪੀਕਾ ਪਠਾਨਕੋਟ,ਰੰਧਾਵਾ ਸੰਗਰੂਰ, ਕਿਰਨਜੀਤ ਮੋਹਾਲੀ,ਜਸਵੀਰ ਸਿੰਘ ਤਰਨਤਾਰਨ , ਡਾਕਟਰ ਰਾਜ ਨਵਾ ਸਹਿਰ, ਡਾਕਟਰ ਸਿਮਰ ਮੋਗਾ, ਰਣਜੀਤ ਕੌਰ ਬਠਿੰਡਾ, ਜਸ਼ਨ ਫਤਿਹਗੜ੍ਹ ਸਾਹਿਬ ਅਤੇ ਹੋਰ ਕਰਮਚਾਰੀ ਮੌਜੂਦ ਸਨ।