ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦੀ 21 ਸਾਲਾ ਲੜਕੀ ਸਾਜ਼ੀਆ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿੱਚ ਆਪਣੀ ਮਾਸੀ ਦੇ ਘਰ ਆਈ ਹੋਈ ਸੀ। ਅੱਜ (ਸੋਮਵਾਰ) ਨੂੰ ਸਵੇਰੇ ਅਚਾਨਕ ਬੱਚਿਆਂ ਦੇ ਨਾਲ ਖੇਡਦੇ ਹੋਏ ਇਹ ਲੜਕੀ ਘਰ ਦੇ ਨਜ਼ਦੀਕ ਖੁੱਲ੍ਹੇ ਪਏ ਇੱਕ ਪੁਰਾਣੇ ਖੂਹ ਵਿੱਚ ਅਚਾਨਕ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।
ਲੜਕੀ ਦੀ ਮਾਸੀ ਅਜੂਬਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਸਾਜ਼ੀਆ ਪਿੰਡ ਜੋਗਾ ਵਿਖੇ ਆਈ ਸੀ ਅਤੇ ਉਹ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਉਹ ਪਿੰਡ ਵਿੱਚ ਕੰਮ ਕਰਨ ਲਈ ਚਲੀ ਗਈ ਅਤੇ ਲੜਕੀ ਬੱਚਿਆਂ ਦੇ ਨਾਲ ਖੇਡ ਰਹੀ ਸੀ। ਅਚਾਨਕ ਖੇਡਦੇ ਸਮੇਂ ਘਰ ਦੇ ਨਜ਼ਦੀਕ ਪੁਰਾਣੇ ਇੱਕ ਖੂਹ ਵਿੱਚ ਡਿੱਗ ਪਈ ਹੈ। ਉਸ ਨੇ ਆਈਲੇਟਸ ਕੀਤੀ ਹੋਈ ਸੀ, ਬੈਂਡ ਵੀ ਘੱਟ ਆਏ ਸੀ ਜਿਸ ਕਰਕੇ ਥੋੜਾ ਪ੍ਰੇਸ਼ਾਨ ਵੀ ਸੀ, ਪਰ ਇਹ ਨਹੀ ਪਤਾ ਕਿ ਉਹ ਖੂਹ ਵਿੱਚ ਕਿਵੇਂ ਡਿੱਗੀ ਹੈ।
ਦੂਜੇ ਪਾਸੇ ਐਨਡੀਆਰਐਫ ਦੀ ਟੀਮ ਵੱਲੋਂ ਭਾਰੀ ਮਸ਼ੱਕਤ ਤੋਂ ਬਾਅਦ ਸਾਜ਼ੀਆਂ ਨੂੰ ਖੂਹ ਦੇ ਵਿੱਚੋਂ ਬਾਹਰ ਕੱਢਿਆ ਗਿਆ। ਜਿਸ ਦੀ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ। ਸਾਜ਼ੀਆ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਐਨਡੀਆਰਐਫ ਦੀ ਟੀਮ ਦੇ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਜਦੋਂ ਹੀ ਉਨ੍ਹਾਂ ਨੂੰ ਇਸ ਘਟਨਾ ਦੇ ਬਾਰੇ ਪਤਾ ਲੱਗਿਆ ਤਾਂ ਐਨਡੀਆਰਐਫ ਦੀ ਟੀਮ 11 ਵਜੇ ਦੇ ਕਰੀਬ ਇਸ ਥਾਂ 'ਤੇ ਪਹੁੰਚ ਗਈ ਸੀ ਅਤੇ ਉਨ੍ਹਾਂ ਵੱਲੋਂ ਰੈਸਕਿਊ ਸ਼ੁਰੂ ਕੀਤਾ ਗਿਆ। ਪਹਿਲਾਂ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ 120 ਫੁੱਟ ਦੇ ਕਰੀਬ ਡੂੰਘੇ ਖੂਹ ਵਿੱਚ 20 ਫੁੱਟ ਪਾਣੀ ਅਤੇ ਥੱਲੇ ਗਾਰ ਹੋਣ ਦੇ ਕਾਰਨ ਲਾਸ਼ ਨੂੰ ਕੱਢਣ ਵਿੱਚ ਮੁਸ਼ਕਿਲ ਆਈ ਪਰ ਭਾਰੀ ਮਸ਼ੱਕਤ ਤੋਂ ਬਾਅਦ ਉਨ੍ਹਾਂ ਵੱਲੋਂ ਸਾਜ਼ੀਆਂ ਦੀ ਦੇਹ ਨੂੰ ਕੱਢ ਲਿਆ ਗਿਆ ਅਤੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ।