‘ਵਿਸ਼ਵ ਵਾਤਾਵਰਣ ਦਿਵਸ’ ਹਰ ਸਾਲ 5 ਜੂਨ ਨੂੰ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ, ਪੂਰੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਅਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲੱਗਾ ਅਤੇ ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਅਤੇ ਮਾੜੇ ਪ੍ਰਭਾਵ ਮਨੱਖਾਂ ਅਤੇ ਜੀਵ-ਜੰਤੂਆਂ ਉੱਪਰ ਪੈਣ ਲੱਗੇ। ਵਾਤਾਵਰਣ ਵਿਗਿਆਨੀਆਂ ਨੇ ਵੀ ਓਜ਼ੋਨ ਪਰਤ ਵਿੱਚ ਛੇਕ ਹੋਣ, ਗਲੇਸ਼ੀਅਰਾਂ ਦੇ ਲਗਾਤਾਰ ਪਿਘਲਣ ਅਤੇ ਆਲਮੀ ਤਪਸ਼ ਦੇ ਵੱਧਣ ਬਾਰੇ ਸ਼ੰਕੇ ਜ਼ਾਹਿਰ ਕੀਤੇ। ਪ੍ਰਦੂਸ਼ਣ ਕਾਰਨ ਕੈਂਸਰ ਵਰਗੀਆਂ ਨਾ-ਮੁਰਾਦ ਬਿਮਾਰੀਆਂ ਨੇ ਦੁਨੀਆ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ। ਇਸ ਕਰਕੇ ਵਤਾਵਰਣ ਪ੍ਰੇਮੀ ਚਿੰਤਕਾਂ ਦਾ ਧਿਆਨ ਇੱਧਰ ਖਿੱਚਿਆ ਗਿਆ। ਪ੍ਰਦੂਸ਼ਣ ਦੇ ਪੈ ਰਹੇ ਮਾੜੇ ਪ੍ਰਭਾਵਾਂ ਕਾਰਨ ਸੰਯੁਕਤ ਰਾਸ਼ਟਰ ਸੰਸਥਾ ਨੇ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨਾ ਸ਼ੁਰੂ ਕੀਤਾ ਤਾਂ ਕਿ ਇਸ ਗੰਭੀਰ ਮਸਲੇ ਨੂੰ ਸਮਝ ਕੇ ਇਸ ਦੇ ਹੱਲ ਲੱਭੇ ਜਾਣ।
‘ਵਿਸ਼ਵ ਵਾਤਾਵਰਣ ਦਿਵਸ’ ਦੀ ਸਥਾਪਨਾ 1972 ਵਿੱਚ ‘ਸੰਯੁਕਤ ਰਾਸ਼ਟਰ’ ਵਿੱਚ ‘ਸਟਾਕਹੋਮ ਕਾਨਫਰੰਸ’ ਵਿੱਚ ਕੀਤੀ ਗਈ ਸੀ ਅਤੇ ਫਿਰ ਇੱਕ ਸਾਲ ਬਾਅਦ 1973 ਵਿੱਚ "Only One Earth" ਥੀਮ ਦੇ ਨਾਲ ਪਹਿਲਾ ‘ਵਿਸ਼ਵ ਵਾਤਾਵਰਨ ਦਿਵਸ’ ਆਯੋਜਿਤ ਕੀਤਾ ਗਿਆ। ਵਿਸ਼ਵ ਵਾਤਾਵਰਨ ਦਿਵਸ ਦਾ ਮੁੱਖ ਉਦੇਸ਼ ਲੋਕਾਂ ਨੂੰ ਕੁਦਰਤ ਨਾਲ ਜੋੜਨਾ, ਇਸਦੀ ਸਾਂਭ-ਸੰਭਾਲ ਕਰਨਾ ਅਤੇ ਧਰਤੀ ਦੀ ਸੁਰੱਖਿਆ ਕਰਨ ਲਈ ਉਹਨਾਂ ਦੀ ਭੂਮਿਕਾ ਨੂੰ ਸਮਝਾਉਣ ਹੈ। ਇਹ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਫ਼ ਹਵਾ, ਸਾਫ਼ ਪਾਣੀ, ਹਰੇ-ਭਰੇ ਜੰਗਲ ਅਤੇ ਵਿਕਾਸ ਸਿਰਫ਼ ਸਰਕਾਰਾਂ ਦੀ ਜ਼ਿੰਮੇਵਾਰੀ ਹੀ ਨਹੀਂ, ਸਗੋਂ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਵਾਤਾਵਰਣ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ। ਜੇਕਰ ਅਸੀਂ ਵਾਤਾਵਰਣ ਨੂੰ ਨਸ਼ਟ ਕਰਦੇ ਹਾਂ, ਤਾਂ ਅਸੀਂ ਆਪਣੀ ਭਵਿੱਖੀ ਪੀੜ੍ਹੀਆਂ ਲਈ ਸੰਕਟ ਖੜ੍ਹਾ ਦੇਵਾਂਗੇ। ਅਸੀਂ ਦੇਖ ਰਹੇ ਹਾਂ ਕਿ ਅੱਜ ਗਲੋਬਲ ਵਾਰਮਿੰਗ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨਾਲ ਧਰੁਵਾਂ ਤੋਂ ਬਰਫ਼ ਪਿਘਲ ਰਹੀ ਹੈ। ਜੇਕਰ ਅਸੀਂ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸੰਮੁਦਰਾਂ ਦੇ ਪਾਣੀ ਦਾ ਪੱਧਰ ਇੰਨ੍ਹਾਂ ਵੱਧ ਜਾਵੇਗਾ ਕਿ ਸਮੁੰਦਰੀ ਕੰਢਿਆਂ ਉੱਪਰ ਵੱਸੇ ਸ਼ਹਿਰ ਇਸ ਵਿੱਚ ਡੁੱਬ ਜਾਣਗੇ। ਅੱਜ ਅਸੀਂ ਇਹ ਵੀ ਦੇਖ ਰਹੇਂ ਹਾਂ ਕਿ ਓਜ਼ੋਨ ਪਰਤ ਵਿੱਚ ਛੇਕ ਹੋ ਚੁੱਕਿਆ ਹੈ ਜਿਸ ਨਾਲ ਪਰਾਂਵੈਂਗਨੀ ਕਿਰਨਾਂ ਧਰਤੀ ‘ਤੇ ਕੈਂਸਰ ਵਰਗੇ ਰੋਗ ਫੈਲਾ ਰਹੀਆਂ ਹਨ। ਗਰੀਨ ਹਾਊਸ ਪ੍ਰਭਾਵ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ। ਪੈਟ੍ਰੋਲੀਅਮ ਦੀ ਵੱਧ ਵਰਤੋਂ, ਫੈਕਟਰੀਆਂ ਵਿੱਚੋਂ ਨਿਕਲ ਰਿਹਾ ਧੂੰਆਂ, ਫਰਿੱਜ਼ ਅਤੇ ਏਅਰ ਕੰਡੀਸ਼ਨਰ ਦੀ ਵਰਤੋਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਤੇਜ਼ੀ ਨਾਲ ਵੱਧ ਰਹੇ ਉਦਯੋਗੀਕਰਨ ਨਾਲ ਸਾਡੇ ਵਾਤਾਵਰਨ ਵਿੱਚ ਕਾਰਬਨਡਾਈਆਕਸਾਈਡ ਗੈਸ ਵਿੱਚ ਵਾਧਾ ਹੋ ਰਿਹਾ ਹੈ।
ਵਾਤਾਵਰਣ ਬਾਰੇ ਖਾਸ ਤੌਰ ‘ਤੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਹਾਲਾਤ ਬਹੁਤੇ ਵਧੀਆ ਨਜ਼ਰ ਨਹੀਂ ਆ ਰਹੇ। ਦੇਸ਼ ਦੀਆਂ ਲਗਭਗ ਸਾਰੀਆਂ ਨਦੀਆਂ ਅਤੇ ਦਰਿਆਵਾਂ ਦਾ ਪਾਣੀ ਅਤੇ ਹੋਰ ਕੁਦਰਤੀ ਸੋਮਿਆਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਫੈਕਟਰੀਆਂ ਤੇ ਸ਼ਹਿਰਾਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ। ਦੇਸ਼ ਵਿੱਚ ਜੋ ਰਸਾਇਣਾਂ ਤੇ ਕੀਟ-ਨਾਸ਼ਕ ਦਵਾਈਆਂ ਦੀ ਧੱੜਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ, ਉਹਨਾਂ ਨੇ ਸਾਡੇ ਖਾਣ ਵਾਲੇ ਪਦਾਰਥਾਂ ਨੂੰ ਵੀ ਜ਼ਹਿਰੀਲੇ ਬਣਾ ਦਿਤਾ ਹੈ ਅਤੇ ਇਹ ਜ਼ਹਿਰ ਹੌਲੀ-ਹੌਲੀ ਧਰਤੀ ਹੇਠਲੇ ਪਾਣੀ ਤੱਕ ਵੀ ਪਹੁੰਚ ਗਿਆ ਹੈ।
ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਇਸੇ ਹੀ ਪਵਿੱਤਰ ਧਰਤੀ ‘ਤੇ ਰਚੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਲੋਕ- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ ਵਿੱਚ ਮਨੁੱਖ ਨੂੰ ਕੁਦਰਤ ਨਾਲ ਜੋੜਿਆ ਗਿਆ ਹੈ। ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਜਲ ਸਰੋਤਾਂ ਦੀ ਹਾਲਤ ਬੜੀ ਤਰਸਯੋਗ ਹੈ। ਜਿਸ ਦੇ ਬਹੁਤ ਸਾਰੇ ਦਰਿਆ, ਨਦੀਆਂ, ਨਾਲੇ, ਟੋਭੇ ਅਤੇ ਡਰੇਨਾਂ ਜ਼ਹਿਰਾਂ ਅਤੇ ਗੰਦਗੀ ਨਾਲ ਭਰ ਚੁੱਕੀਆਂ ਹਨ। ਇਹ ਸਭ ਮਨੁੱਖੀ ਲਾਲਚ ਦਾ ਨਤੀਜਾ ਹੈ। ਪੈਸੇ ਇਕੱਠੇ ਕਰਨ ਦੀ ਦੌੜ ਨੇ ਹਵਾ, ਪਾਣੀ ਅਤੇ ਧਰਤੀ ਨੂੰ ਜ਼ਹਿਰੀਲੀ ਬਣਾ ਦਿਤਾ ਹੈ। ਪਾਣੀ ਦੇ ਪ੍ਰਦੂਸ਼ਣ ਕਾਰਨ ਬਹੁਤ ਸਾਰੇ ਜੀਵ-ਜੰਤੂ ਮਰ ਰਹੇ ਹਨ ਜਾਂ ਮਰ ਗਏ ਹਨ। ਕਈ ਜਲਗਾਹਾਂ ਵਿਚਲੀਆਂ ਪ੍ਰਜਾਤੀਆਂ ਹੀ ਖਤਮ ਹੋ ਗਈਆਂ ਹਨ ਤੇ ਹੁਣ ਪ੍ਰਦੂਸ਼ਿਤ ਪਾਣੀ ਕਾਰਨ ਲੋਕ ਕੈਂਸਰ ਅਤੇ ਕਾਲੇ ਪੀਲੀਏ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਅੱਜ ਲੋੜ ਹੈ ਵਾਤਾਵਰਣ ਦੇ ਪ੍ਰਤੀ ਸੁਹਿਰਦ ਹੋਣ ਦੀ। ਆਓ, ਅਸੀਂ ਵੀ ਆਪਣੀ ਧਰਤੀ ਨੂੰ ਬਚਾਉਣ ਲਈ ਥੋੜ੍ਹੀ-ਥੋੜ੍ਹੀ ਕੋਸ਼ਿਸ਼ ਕਰੀਏ – ਜਿਵੇਂ ਕਿ ਵੱਧ ਤੋਂ ਵੱਧ ਰੁੱਖ ਲਗਾਈਏ, ਪਾਣੀ ਦੀ ਬੱਚਤ ਕਰੀਏ, ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰੀਏ ਅਤੇ ਜੈਵਿਕ ਖਾਦਾਂ ਦੀ ਵਰਤੋਂ ਕਰੀਏ ਆਦਿ। ਵਾਤਾਵਰਨ ਦੀ ਸੰਭਾਲ ਸਿਰਫ ਇੱਕ ਦਿਨ ਦੀ ਗੱਲ ਨਹੀਂ, ਇਹ ਇੱਕ ਲਗਾਤਾਰ ਯਤਨ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਧਰਤੀ ਨੂੰ ਸੁਰੱਖਿਅਤ ਬਣਾਉਣ ਲਈ ਕਦਮ ਚੁੱਕਣੇ ਪੈਣਗੇ। ਚਲੋ, ਇਸ ਵਾਤਾਵਰਨ ਦਿਵਸ ‘ਤੇ ਇਹ ਸੰਕਲਪ ਕਰੀਏ ਕਿ ਅਸੀਂ ਹਰਿਆ-ਭਰਿਆ ਭਵਿੱਖ ਬਣਾਉਣ ਲਈ ਜ਼ਿੰਮੇਵਾਰ ਨਾਗਰਿਕ ਬਣਕੇ ਵਾਤਾਵਰਨ ਦੀ ਸੰਭਾਲ ਕਰਾਂਗੇ।
ਹਰਦਵਿੰਦਰ ਸਿੰਘ
9914484844