ਤਪਾ ਮੰਡੀ, 29 ਜੂਨ (ਪ੍ਰਵੀਨ ਗਰਗ) - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅੱਜ ਇਕ ਸ਼ਿਕਾਇਤ ਦੇ ਸਬੰਧ 'ਚ ਤਪਾ ਵਿਖੇ ਪੁੱਜੇ। ਜਿੱਥੇ ਉਹਨਾਂ ਨਾਲ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਰੁਪਿੰਦਰ ਸਿੰਘ ਸੀਤਲ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਅੱਜ ਤਪਾ ਵਿਖੇ ਪ੍ਰੀਤਮ ਸਿੰਘ ਵਾਸੀ ਤਪਾ ਵਲੋਂ ਕਮਿਸ਼ਨ ਕੋਲ ਆਪਣੇ ਨਾਲ ਵਧੀਕੀ ਹੋਣ ਦੇ ਸਬੰਧ ਵਿਚ ਕੀਤੀ ਸ਼ਿਕਾਇਤ ਕਿ ਕੁਝ ਲੋਕਾਂ ਨੇ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਗਾਲੀ ਗਲੋਚ ਕੀਤਾ, ਗੈਰ ਕਾਨੂੰਨੀ ਕਲੋਨੀ ਕੱਟ ਕੇ ਉਹਨਾਂ ਦੀ ਗਲੀ ਦੇ ਰਸਤੇ ਨਾਲ ਛੇੜਖਾਨੀ ਕਰਨ ਅਤੇ ਹੋਰ ਸ਼ਿਕਾਇਤ ਸਬੰਧੀ ਪੜਤਾਲ ਅਤੇ ਸੁਣਵਾਈ ਕਰਨ ਲਈ ਪੁੱਜੇ ਹਨ। ਇਸ ਮੌਕੇ ਚੇਅਰਮੈਨ ਗੜ੍ਹੀ ਨੇ ਮੌਕਾ ਦੇਖਿਆ ਅਤੇ ਦੋਵਾਂ ਧਿਰਾਂ ਦੀ ਗੱਲਬਾਤ ਵੀ ਸੁਣੀ ਉਪਰੰਤ ਸਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤ ਕਰਤਾ ਸਮੇਤ ਦੋਵੇਂ ਧਿਰਾਂ ਨੂੰ ਬਿਠਾ ਕੇ 72 ਘੰਟਿਆਂ ਵਿਚ ਇਸ ਮਸਲੇ ਦੇ ਹੱਲ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਨਾਲ ਹੀ ਕਿਹਾ ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਜਾਵੇ ਉਸ ਵਿਰੁੱਧ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਉਨ੍ਹਾਂ ਪ੍ਰਸ਼ਾਸਨ ਦੇ ਸੰਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਛੜੇ ਵਰਗ ਦੇ ਲੋਕਾਂ ਨੂੰ ਹੇਠਾਂ ਹੀ ਇਨਸਾਫ ਦੇਣ, ਨਾ ਕਿ ਉਹ ਚੰਡੀਗੜ੍ਹ ਕਮਿਸ਼ਨ ਦੀ ਪੌੜੀਆਂ ਚੜਨ ਲਈ ਮਜਬੂਰ ਹੋਣ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸੂਬੇ ਅੰਦਰ ਗਰੀਬ ਅਤੇ ਦਲਿਤ ਵਰਗ ਦੇ ਪਰਿਵਾਰਾਂ ਨਾਲ ਹੋ ਰਹੇ ਧੱਕੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਬਲਕਿ ਪੀੜਤ ਪਰਿਵਾਰਾਂ ਨੂੰ ਹਰ ਹੀਲੇ ਇਨਸਾਫ ਦਵਾਇਆ ਜਾਵੇਗਾ। ਇਸ ਮੌਕੇ ਐਸ.ਪੀ ਰਾਜੇਸ਼ ਛਿੱਬਰ, ਡੀ.ਐਸ.ਪੀ ਗੁਰਬਿੰਦਰ ਸਿੰਘ ਤਪਾ, ਨਾਇਬ ਤਹਿਸੀਲਦਾਰ ਓਂਕਾਰ ਸਿੰਘ ਤਪਾ, ਜਿਲ੍ਹਾ ਭਲਾਈ ਅਫਸਰ ਗੁਰਿੰਦਰਜੀਤ ਸਿੰਘ ਬਰਨਾਲਾ, ਡੀ.ਪੀ.ਆਰ.ਓ ਮੈਡਮ ਮੇਘਾ ਮਾਨ, ਥਾਣਾ ਮੁਖੀ ਤਪਾ ਸ਼ਰੀਫ ਖਾਨ,ਥਾਣਾ ਮੁਖੀ ਗੁਰਵਿੰਦਰ ਸਿੰਘ ਭਦੌੜ, ਸਿਟੀ ਇਨਚਾਰਜ ਬਲਜੀਤ ਸਿੰਘ ਢਿੱਲੋ, ਪਟਵਾਰੀ ਯਸ਼ਦੀਪ ਸਿੰਘ, ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਸਹਾਇਕ ਥਾਣੇਦਾਰ ਬਲਜੀਤ ਸਿੰਘ,ਸਹਾਇਕ ਥਾਣੇਦਾਰ ਨਿਰਮਲ ਸਿੰਘ, ਤੋਂ ਇਲਾਵਾ ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਬਸਪਾ ਆਗੂ ਦਰਸ਼ਨ ਸਿੰਘ ਤਪਾ, ਭਗਵੰਤ ਸਿੰਘ ਚੱਠਾ ਆਦਿ ਵੱਡੀ ਗਿਣਤੀ 'ਚ ਪਤਵੰਤੇ ਮੌਜੂਦ ਸਨ।