Durga Rangila Punjabi Singer - ਦੁਰਗਾ ਰੰਗੀਲਾ ਪੰਜਾਬੀ ਸੰਗੀਤ ਇੰਡਸਟਰੀ ਦਾ ਇੱਕ ਅਜਿਹਾ ਨਾਮਵਰ ਹਸਤਾਖ਼ਰ ਹੈ ਜਿਸਨੇ ਗਾਇਕੀ ਦੇ ਇਤਿਹਾਸਕ ਪੰਨਿਆਂ ਤੇ ਆਪਣੀ ਗਰਜਵੀਂ ਤੇ ਜੋਸ਼ੀਲੀ ਅਵਾਜ਼ ਦੇ ਜਿਹੇ ਦਸਖ਼ਤ ਕੀਤੇ ਹਨ ਜੋਂ ਲੰਮੇ ਅਰਸੇ ਤੋਂ ਅਮਿੱਟ ਪੈੜਾਂ ਛੱਡਦੇ ਆ ਰਹੇ ਹਨ।ਹਿੱਕ ਦੇ ਜ਼ੋਰ ਤੇ ਉੱਚੇ ਅਲਾਪ ਚ ਗਾਉਣ ਵਾਲਾ ਦੁਰਗਾ ਰੰਗੀਲਾ ਇੱਕ ਭਾਰਤੀ ਪੰਜਾਬੀ ਲੋਕ ਗਾਇਕ ਹੈ। ਪੰਜਾਬ ਦੀ ਕਰਮਾਂ ਵਾਲੀ ਤੇ ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ ਦੇ ਬਾਸ਼ਿੰਦੇ ਦੁਰਗੇ ਰੰਗੀਲੇ ਦਾ ਜਨਮ ਰੋਪੜ ਜ਼ਿਲ੍ਹੇ ਦੇ ਪਿੰਡ ਝੱਲੀਆਂ ਕਲਾਂ ਵਿਖੇ ਮੁਸਿਲਮ ਧਰਮ ਵਿੱਚ ਹੋਇਆ। ਘਰ ਚੋਂ ਸੰਗੀਤ ਦੀ ਗੂੜਤੀ ਪ੍ਰਾਪਤ ਕਰਨ ਵਾਲੇ ਦੁਰਗਾ ਦਾਸ ਦੇ ਪਿਤਾ ਸ੍ਰੀ ਸਾਧੂ ਦਾਸ ਵੀ ਆਪਣੇ ਸਮੇਂ ਦੇ ਪ੍ਰਸਿੱਧ ਭੱਠ ਗਵੱਈਏ ਸਨ। ਸਕੂਲ ਚ ਮੁੱਢਲੇ ਦਿਨਾਂ ਦੀ ਪੜ੍ਹਾਈ ਕਰਦਿਆਂ ਜਦੋਂ ਦੁਰਗਾ ਦਾਸ ਨੇ ਇੱਕ ਸਮਾਗਮ ਦੌਰਾਨ ਗੀਤ ਗਾਇਆ ਤਾਂ ਸਮਾਗਮ ਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਰਹਿ ਚੁੱਕੇ ਗਿਆਨੀ ਜ਼ੈਲ ਸਿੰਘ ਜੀ ਨੇ ਖੁਸ਼ ਹੋ ਕੇ ਉਸ ਨੂੰ ਰੰਗੀਲੇ ਭਾਵ ਕਿ ਦੁਰਗੇ ਰੰਗੀਲੇ ਦੇ ਖ਼ਿਤਾਬ ਨਾਲ ਨਿਵਾਜਿਆ।
ਦੁਰਗਾ ਦਾਸ ਤੋਂ ਬਣੇ ਦੁਰਗਾ ਰੰਗੀਲਾ ਨੇ 14 ਸਾਲ ਪੰਡਿਤ ਰਾਮ ਲਾਲ ਪੂਪਨਿਆਂ ਵਾਲੇ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ । ਪਹਿਲਾਂ ਪਹਿਲ ਦੁਰਗਾ ਰੰਗੀਲੇ ਨੇ ਧਾਰਮਿਕ ਰੰਗ ਢਾਡੀ ਗਾਇਨ ਅਤੇ ਸ਼ਬਦ ਕੀਰਤਨ ਰਾਹੀਂ ਆਪਣੀ ਕਲਾਂ ਨੂੰ ਨਿਹਾਰਿਆ। ਜਦੋਂ ਦੁਰਗੇ ਰੰਗੀਲੇ ਨੇ ਗੌਤਮ ਕੁਰਾਲੀ ਵਾਲੇ ਦੇ ਲਿਖੇ ਗੀਤ "ਜੀ ਵੇ ਸੋਹਣਿਆਂ ਜੀ'' ਕੈਸਿਟ ਰਾਹੀਂ ਬਤੌਰ ਗਾਇਕ ਵਜੋਂ ਸੰਗੀਤ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਤਾਂ ਉਸ ਨੇ ਆਪਣੀ ਆਵਾਜ਼ ਤੇ ਨਾਂ ਦੀ ਇੱਕ ਵੱਖਰੀ ਛਾਂਪ ਛੱਡੀ। ਸਮੇਂ ਦੇ ਠਹਿਰਾਓ ਨਾਲ ਉਸ ਨੇ ਮੁੜ ਸੰਗੀਤ ਦੇ ਖੇਤਰ ਵਿਚ ''ਗਾਗਰ ਪਿਆਰ ਵਾਲੀ" ਨਾਮੀ ਕੈਸਿਟ ਮਾਰਕੀਟ ਵਿੱਚ ਪੇਸ਼ ਕੀਤੀ ਜਿਸ ਦੇ ਟਾਈਟਲ ਗੀਤ ਅਤੇ ਹੋਰ ਵਿਚਲੇ ਗੀਤ:- ਜਿਵੇਂ ਕਿ ''ਪਿਆਰ ਦੀ ਬੁਣਤੀ", ''ਕਦੇ ਹੱਸ ਕੇ ਬੋਲ ਵੇ ਸੱਜਣਾਂ" ਵਰਗੇ ਗੀਤਾਂ ਨੇ ਦੁਰਗੇ ਰੰਗੀਲੇ ਨੂੰ ਇੱਕ ਜਾਣੇ ਪਛਾਣੇ ਕਲਾਕਾਰ ਦਾ ਦਰਜਾ ਦਿਵਾ ਉਸਦੇ ਹੌਸਲੇ ਨੂੰ ਬੁਲੰਦ ਕੀਤਾ। ਦਿਨੋਂ ਦਿਨ ਮਿਲੀ ਰਹੀ ਸੰਗੀਤਕ ਪਹਿਚਾਣ ਨੂੰ ਹੋਰ ਉਭਾਰਨ ਲਈ ਸਾਲ 1991-92 ਚ ਜਦੋਂ ਦੁਰਗੇ ਰੰਗੀਲੇ ਨੇ ਸੰਗੀਤਕ ਸਮਰਾਟ ਜਨਾਬ ਚਰਨਜੀਤ ਆਹੂਜਾ ਦੇ ਸੰਗੀਤ ਨਾਲ ਸ਼ਿੰਗਾਰੀ ਕੈਸਿਟ '' ਨੂਰ ਤੇਰੇ ਨੈਣਾਂ ਦਾ'' ਜਦੋਂ ਮਾਰਕੀਟ ਵਿੱਚ ਦਿੱਤੀ ਤਾਂ ਉਸਦੇ ਸਿਰਮੌਰ ਕਲਮਾਂ ਦੇ ਲਿਖੇ ਗੀਤ ''ਖੁਫੀਆ ਜਸ਼ਨ ਮਨਾਏ ਨੇ, ਮੜ੍ਹੀ ਤੇ ਦੀਵਾ ਧਰ ਜਾਵੀਂ ਅਤੇ ਪਿੰਡ ਪੇਕਿਆਂ ਦੇ ਕੁੜੀਆਂ ਕੁਆਰੀਆਂ" ਨੇ ਦੁਰਗੇ ਰੰਗੀਲੇ ਨੂੰ ਰਾਤੋਂ ਰਾਤ ਸਟਾਰ ਕਲਾਕਾਰ ਬਣਾ ਦਿੱਤਾ ਅਤੇ ਦੁਰਗਾ ਰੰਗੀਲਾ ਆਪਣੇ ਸਮਕਾਲੀ ਗਵੱਈਆਂ ਦੀ ਕਤਾਰ ਦਾ ਇੱਕ ਜਾਣਿਆ ਪਹਿਚਾਣਿਆ ਪ੍ਰਸਿੱਧ ਗਾਇਕ ਕਹਾਉਣ ਲੱਗਾ। ਆਪਣੀ ਇਸ ਸ਼ੋਹਰਤ ਤੋਂ ਬਾਅਦ ਦੁਰਗਾ ਰੰਗੀਲਾ ਇੱਕ ਤੋਂ ਇੱਕ ਕੈਸਿਟਾਂ ਸਰੋਤਿਆਂ ਦੀ ਝੋਲੀ ਪਾਉਂਦਾ ਗਿਆ ਜੋਂ ਆਪਣੀ ਮਕਬੂਲਤਾਂ ਦੇ ਨਾਲ ਉਸ ਨੂੰ ਗਾਇਕੀ ਦੀਆਂ ਸਿਖਰਾਂ ਤੇ ਲੈ ਗਈਆਂ ਜਿਵੇਂ ਕਿ:- ਈਦ ਵਾਲਾ ਚੰਨ, ਤੇਰਾ ਇਸ਼ਕ ਸੋਹਣਿਆਂ ਵੇ, ਚਿਰਾਗ ਮੁਹੱਬਤਾਂ ਦਾ,ਪੱਗ ਸ਼ਗਨਾਂ ਦੀ, ਮਾਹੀਆ ਵਿੱਚ ਪ੍ਰਦੇਸਾਂ ਦੇ, ਸ਼ਹਿਰ ਤੇਰੇ ਦੀਆਂ ਗਲੀਆਂ,ਨਾ ਜਾਇਓ ਪ੍ਰਦੇਸ਼, ਵਿਆਹ ਤੇਰੇ ਦੀ ਤਿਆਰੀ, ਕੁੜੀਏ ਪੰਜਾਬ ਦੇਈਏ,ਕਾਲੀ ਗਾਨੀ ਮਿੱਤਰਾਂ ਦੀ, ਪਿੱਠ ਤੇ ਵਾਰ, ਮਿੱਤਰਾਂ ਦਾ ਦਿਲ ਕੁੜੀਏ,ਕਰਿਓ ਨਾ ਪਿਆਰ ਮਿੱਤਰੋਂ, ਨਾ ਲਾਓ ਨਾ ਲਾਓ, ਯਾਰੀਆਂ ਕੱਚੀਆਂ ਅਤੇ ਮੈਨੂੰ ਪਾਰ ਲਾਂਦੇ ਵੇ ਵਰਗੀਆਂ ਅਨੇਕਾਂ ਹੋਰ ਕੈਸਿਟਾਂ। ਦੁਰਗੇ ਰੰਗੀਲੇ ਨੇ ਸੱਭਿਆਚਾਰਕ ਅਤੇ ਲੋਕ ਰੰਗ ਕੈਸਿਟਾਂ ਤੋਂ ਇਲਾਵਾ ਕੁਝ ਧਾਰਮਿਕ ਤੇ ਮਾਤਾ ਦੀਆਂ ਭੇਟਾਂ ਦੀਆਂ ਕੈਸਟਾਂ ਨੂੰ ਵੀ ਰਿਕਾਰਡ ਕਰਵਾਇਆ ਜੋਂ ਉਸਦੀ ਸੁਰੀਲੀ ਤੇ ਦਮਦਾਰ ਆਵਾਜ਼ ਦੀ ਗਵਾਹੀ ਭਰਦੀਆਂ ਹਨ।ਗੁਲਦਾਸਤਾ ਕੈਸਿਟਾਂ ਅਤੇ ਸਿੰਗਲ ਟ੍ਰੈਕ ਗੀਤਾਂ ਵਿਚ ਵੀ ਦੁਰਗੇ ਰੰਗੀਲੇ ਨੇ ਆਪਣੀ ਗਾਇਕੀ ਨੂੰ ਬਰਕਰਾਰ ਰੱਖਿਆ ਹੈ। ਹਰ ਪੱਖ ਤੋਂ ਆਪਣੀ ਗਾਇਕੀ ਦਾ ਝੰਡੇ ਝੂਲਾਉਣ ਵਾਲੇ ਦੁਰਗੇ ਰੰਗੀਲੇ ਨੇ ਸ਼ਹੀਦ ਉਧਮ ਸਿੰਘ ਫਿਲਮ ਵਿਚ ਕਵਾਲੀ ਗਾ ਕੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ।
ਆਪਣੀ ਗਾਇਕੀ ਦੀਆਂ ਮੰਜ਼ਿਲਾਂ ਨੂੰ ਸਰ ਕਰਨ ਵਾਲੇ ਦੁਰਗੇ ਰੰਗੀਲੇ ਨੇ ਪੰਜਾਬੀਅਤ ਦੀ ਹਾਮੀ ਭਰਨ ਵਾਲੀਆਂ ਕਲਮਾਂ ਜਿਵੇਂ ਕਿ :- ਗੌਤਮ ਕੁਰਾਲੀ ਵਾਲਾ, ਸੁੱਖੀ ਬੁੰਗੇ ਵਾਲਾ, ਜੱਸੀ ਤੁਗਲ,ਰੰਮੀ ਗੋਹ ਵਾਲਾ, ਨਾਹਰ ਖੇੜੀ ਵਾਲਾ, ਬਲਕਾਰ ਖੇੜਕੀ,ਬਿੰਦਾ ਰਾਏਵਾਲਾ,ਨੇਕ ਮਟਰਾਂ ਵਾਲਾ, ਬਹਾਦਰ ਕਾਕਰੋ,ਤਪਿੰਦਰ ਭੈਰੋਂ ਮੁੰਨਾ, ਦਵਿੰਦਰ ਖੰਨੇ ਵਾਲਾ, ਭੱਟੀ ਭੱੜੀਵਾਲਾ ਵਾਲਾ, ਜਸਵੀਰ ਗੁਣਾਚੌਰੀਆ,ਲਾਭ ਚਤਾਵਲੀ ਵਾਲਾ, ਰਾਜ਼ੀ ਸਰਾਣੇ ਵਾਲਾ,ਲਾਲ ਅਠੋਲੀ ਵਾਲ਼ਾ, ਸਰਵਣ ਸਿਵੀਆ, ਸੱਤਾ ਕੋਟਲੀ ਵਾਲਾ, ਵਿਜੈ ਧੰਮੀ ਰਾਈਆਂ ਵਾਲਾ,ਰਵਿੰਦਰ ਰੁੜਕੀ ਹੀਰਨ ,ਸਫੀ ਜਲਵੇੜਾ,ਮਨਜੀਤ ਕੌਰ ਕੰਗ, ਜਸਦੀਪ ਬੱਦਨ, ਅਮਰਜੀਤ ਚੀਮਾ, ਗੁਰਭੇਜ, ਗੁਰਵਿੰਦਰ ਜੋਹਲ, ਲੱਖਾ ਸਿੱਧਵਾਂ, ਅਤੇ ਰਾਮਾ ਜੈਨ ਪੁਰੀ ਵਾਲਾ, ਦਵਿੰਦਰ ਬੈਨੀਪਾਲ ਵਰਗਿਆਂ ਦੇ ਲਿਖੇ ਗੀਤਾਂ ਨੂੰ ਗਾ ਕੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ। ਕੈਸਿਟਾਂ/ਸੀਡੀਜ਼ ਤੇ ਅੱਜ ਇੰਟਰਨੈੱਟ ਦੇ ਸਿੰਗਲ ਟ੍ਰੈਕ ਯੁੱਗ ਦੇ ਵਿੱਚ ਵੀ ਆਪਣੀ ਸ਼ੇਰਾਂ ਵਾਂਗ ਗਰਜਵੀਂ ਤੇ ਜੋਸ਼ੀਲੀ ਅਵਾਜ਼ ਦੇ ਨਾਲ ਦੁਰਗਾ ਰੰਗੀਲਾ ਪਿਛਲੇ 35-36 ਸਾਲਾਂ ਤੋਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਧਾਂਕ ਜਮਾਈ ਬੈਠਾ ਹੈ। ਦੇਸ਼ ਵਿਦੇਸ਼ਾਂ ਤੋਂ ਅਨੇਕਾਂ ਮਾਨ ਸਨਮਾਨ ਪ੍ਰਾਪਤ ਕਰਨ ਵਾਲਾ ਪੰਜਾਬੀ ਸੰਗੀਤ ਜਗਤ ਦਾ ਇਹ ਬੱਬਰ ਸ਼ੇਰ ਗਵੱਈਆਂ ਇਸੇ ਤਰ੍ਹਾਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਹੋਇਆ ਲੋਕ ਦਿਲਾਂ ਤੇ ਰਾਜ ਕਰਦਾ ਰਹੇ।
================
ਸਰੂਪ ਸਿੰਘ, ਚੌਧਰੀ ਮਾਜਰਾ(ਨਾਭਾ)
99886-27880