ਲੁਧਿਆਣਾ, 07 ਜੂਨ: ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ) ਦੇ ਮੁਲਾਜ਼ਮਾਂ ਦੀ ਇਕ ਹੰਗਾਮੀ ਮੀਟਿੰਗ ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਪੰਜਾਬ ਦੇ 19 ਜ਼ਿਲਿਆਂ ਤੋਂ ਲਗਭਗ 80 ਮੁਲਾਜ਼ਮ ਆਗੂਆਂ ਨੇ ਭਾਗ ਲਿਆ।
ਮੀਟਿੰਗ ਵਿੱਚ ਮੌਜੂਦ ਡਾ. ਸੁਨੀਲ ਤਰਗੋਤਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਲੁਧਿਆਣਾ ਜ਼ਿਮਨੀ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਸੰਘਰਸ਼ ਦੀ ਰਣਨੀਤੀ ਤੈਅ ਕਰਨੀ ਸੀ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਐਨ.ਐਚ.ਐਮ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਜੋ ਆਗਾਮੀ ਦਿਨਾਂ ਵਿੱਚ ਸੰਘਰਸ਼ ਦੀ ਅਗਵਾਈ ਕਰੇਗੀ। ਡਾ. ਤਰਗੋਤਰਾ ਨੇ ਕਿਹਾ ਕਿ ਐਨ.ਐਚ.ਐਮ ਦੇ ਲਗਭਗ 50 ਤੋਂ ਵੱਧ ਕੈਟੇਗਰੀਆਂ ਦੇ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਪਰ ਹਰ ਸਰਕਾਰ ਨੇ ਸਿਰਫ਼ ਇਹਨਾਂ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ। ਮੌਜੂਦਾ ਸਰਕਾਰ, ਜਿਸਦੇ ਕਈ ਕੈਬਨਟ ਮੰਤਰੀ ਅਤੇ ਵਿਧਾਇਕ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਦੀਆਂ ਰੈਲੀਆਂ ਵਿੱਚ ਸ਼ਾਮਲ ਹੋ ਕੇ ਪੱਕੇ ਕਰਨ ਦੇ ਵਾਅਦੇ ਕਰਦੇ ਰਹੇ, ਹੁਣ ਉਹੀ ਸਰਕਾਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਨਾਂ ਤਾਂ ਮੁਲਾਜ਼ਮਾਂ ਨੂੰ ਪੱਕਾ ਕਰ ਪਾਈ ਹੈ ਅਤੇ ਨਾਂ ਹੀ ਉਨ੍ਹਾਂ ਦੀਆਂ ਤਨਖਾਵਾਂ ਵਿੱਚ ਕੋਈ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਐਨ.ਐਚ.ਐਮ ਮੁਲਾਜ਼ਮਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ ਪਰ ਹੁਣ ਇਹ ਧੱਕੇਸ਼ਾਹੀ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਐਲਾਨ ਕੀਤਾ ਗਿਆ ਕਿ ਮਿਤੀ 13 ਜੂਨ 2025 (ਸ਼ੁੱਕਰਵਾਰ) ਨੂੰ ਸਮੂਹ ਐਨ.ਐਚ.ਐਮ ਮੁਲਾਜ਼ਮ ਆਪਣੇ-ਆਪਣੇ ਜ਼ਿਲਿਆਂ ਅਤੇ ਬਲਾਕਾਂ ਉੱਤੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਨਗੇ ਅਤੇ ਇਸ ਦਿਨ ਹਰ ਕਿਸਮ ਦਾ ਆਨਲਾਈਨ ਜਾਂ ਆਫਲਾਈਨ ਕੰਮ ਠੱਪ ਰੱਖਿਆ ਜਾਵੇਗਾ। ਇਸ ਤੋਂ ਇਲਾਵਾ, ਮਿਤੀ 15 ਜੂਨ 2025 (ਐਤਵਾਰ) ਨੂੰ ਲੁਧਿਆਣਾ ਵਿਖੇ 9000 ਤੋਂ ਵੱਧ ਐਨ.ਐਚ.ਐਮ ਮੁਲਾਜ਼ਮ ਇਕੱਤਰ ਹੋ ਕੇ ਇੱਕ ਵੱਡੀ ਰੈਲੀ ਕਰਦੇ ਹੋਏ ਸਰਕਾਰ ਵਿਰੁੱਧ ਨਾਰਾਜ਼ਗੀ ਜ਼ਾਹਰ ਕਰਨਗੇ ਅਤੇ ਆਮ ਲੋਕਾਂ ਨੂੰ ਸਰਕਾਰ ਦੀਆਂ ਨਾਕਾਮ ਨੀਤੀਆਂ ਬਾਰੇ ਜਾਗਰੂਕ ਕਰਨਗੇ।
ਡਾ. ਤਰਗੋਤਰਾ ਨੇ ਅੰਤ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਚੱਲਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਉੱਤੇ ਹੋਵੇਗੀ।
ਇਸ ਮੀਟਿੰਗ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਪ੍ਰਮੁੱਖ ਆਗੂ ਜਿਵੇਂ ਕਿ ਅਵਤਾਰ ਸਿੰਘ ਮਾਨਸਾ, ਸੁਖਜੀਤ ਕੰਬੋਜ, ਡਾ. ਐਚ.ਐਸ. ਮੱਲ੍ਹੀ, ਹਰਨੀਤ ਕੌਰ, ਅਮਨਦੀਪ ਕੌਰ, ਮਮਤਾ, ਪਰਵਿੰਦਰ, ਡਾ. ਜਸਪਿੰਦਰ ਕੌਰ ਰੋਪੜ, ਗੌਰਵ ਸ਼ਰਮਾ, ਵਿਕਾਸ ਜੋਇਲ, ਸੂਰਜ ਪ੍ਰਕਾਸ਼, ਗੁਰਚਰਨ ਸਿੰਘ ਗੁਰਦਾਸਪੁਰ, ਗੁਰਪ੍ਰੀਤ ਭੁੱਲਰ ਮੁਕਤਸਰ ਸਾਹਿਬ, ਹਰਪਾਲ ਸੋਢੀ ਫਤਿਹਗੜ੍ਹ ਸਾਹਿਬ, ਦੀਪਸ਼ਿਖਾ ਕਸ਼ਪ ਮੋਹਾਲੀ, ਪ੍ਰਿਤਪਾਲ ਸਿੰਘ ਲੁਧਿਆਣਾ, ਰਜੇਸ਼ ਕੁਮਾਰ ਫਾਜ਼ਿਲਕਾ, ਸੁਰਿੰਦਰ ਕੰਬੋਜ, ਨਰਿੰਦਰ ਸਿੰਘ ਫਿਰੋਜ਼ਪੁਰ, ਰਮਨਵੀਰ ਕੌਰ ਬਠਿੰਡਾ, ਗੁਰਵਿੰਦਰ ਸਿੰਘ ਮੋਗਾ, ਅਵਤਾਰ ਸਿੰਘ ਅੰਮ੍ਰਿਤਸਰ, ਰਵਿੰਦਰ ਕੌਰ ਤਰਨਤਾਰਨ, ਡਾ. ਸੁਨੀਲ ਨਵਾਂਸ਼ਹਿਰ, ਡਾ. ਜਤਿੰਦਰ ਸਿੰਘ ਮਲੇਰਕੋਟਲਾ, ਰਜਿੰਦਰ ਸਿੰਘ ਸੰਗਰੂਰ, ਡਾ. ਵਿਪਿਨ ਜਲੰਧਰ ਆਦਿ ਹਾਜ਼ਰ ਰਹੇ।