ਬਰਨਾਲਾ, 12 ਜੂਨ (ਧਰਮਪਾਲ ਸਿੰਘ): ਪਿਛਲੇ ਦਿਨੀਂ ਨਸ਼ੇ ਦੀ ਓਵਰਡੋਜ਼ ਕਰਕੇ ਭੇਦ ਭਰੇ ਢੰਗ ਨਾਲ ਮਰਨ ਵਾਲੇ ਧਨੌਲਾ ਖੁਰਦ ਦੇ ਨੌਜਵਾਨ ਬਲਜਿੰਦਰ ਸਿੰਘ ਦੇ ਮਾਮਲੇ ਵਿੱਚ ਪੁਲਿਸ ਨੇ ਕਈ ਜਣਿਆਂ ਨੂੰ ਗਿ੍ਰਫ਼ਤਾਰ ਕਰਕੇ ਦੱਸਿਆ ਕਿ ਮੁਲਾਜ਼ਮਾਂ ਨੇ ਮਿ੍ਰਤਕ ਨੂੰ ਜ਼ਿਆਦਾ ਨਸ਼ੇ ਦਾ ਸੇਵਨ ਕਰਵਾਉਣ ਪਿੱਛੋਂ ਉਸ ਦੀ ਮਾਰਕੁੱਟ ਵੀ ਕੀਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ (ਸਿਟੀ) ਸਤਵੀਰ ਸਿੰਘ ਬੈਂਸ ਨੇ ਦੱਸਿਆ ਕਿ 8 ਜੂਨ 2025 ਨੂੰ ਇੱਕ ਨੌਜਵਾਨ ਦੀ ਮਿ੍ਰਤਕ ਦੇਹ (ਡੈਡ ਬਾਡੀ) ਧਨੌਲਾ ਖੁਰਦ ਬਰਨਾਲਾ-ਮਾਨਸਾ ਰੋਡ ਤੇ ਪਈ ਮਿਲੀ ਸੀ, ਜਿਸਦੀ ਪਹਿਚਾਣ ਬਲਜਿੰਦਰ ਸਿੰਘ ਉਰਫ ਗਾਂਧੀ ਪੁੱਤਰ ਸਤਪਾਲ ਸਿੰਘ ਵਾਸੀ ਧਨੌਲਾ ਖੁਰਦ ਵਜੋ ਹੋਈ ਹੈ। ਉਨਾਂ ਦੱਸਿਆ ਕਿ ਮਿ੍ਰਤਕ ਦੇ ਪਿਤਾ ਸਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਪੁਲਿਸ ਨੇ ਬਲਜਿੰਦਰ ਸਿੰਘ ਉਰਫ ਗੇਂਦਾ ਵਾਸੀ ਧਨੌਲਾ ਖੁਰਦ, ਗੁਰਦੀਪ ਸਿੰਘ ਉਰਫ ਲੱਡੂ ਵਾਸੀ ਹੰਡਿਆਇਆ, ਅਜੇ ਸ਼ਰਮਾ ਵਾਸੀ ਸੇਖਾ ਰੋਡ ਬਰਨਾਲਾ, ਜੈਲੋ ਕੌਰ ਵਾਸੀ ਰਾਮ ਬਾਗ ਦੀ ਬੈਕ ਸਾਈਡ ਬਰਨਾਲਾ, ਗੁਰਦੀਪ ਸਿੰਘ ਕੋਠੇ ਡੁੱਲਟ ਅਤੇ ਪ੍ਰੀਤ ਸਿੰਘ ਉਰਫ ਭੂੰਡੀ ਵਾਸੀ ਬਰਨਾਲਾ ਦੇ ਖਿਲਾਫ਼ ਪਰਚਾ ਦਰਜ਼ ਕਰਕੇ ਜਾਂਚ ਕੀਤੀ ਸੀ, ਜਿਸ ਵਿੱਚ ਮਿ੍ਰਤਕ ਬਲਜਿੰਦਰ ਸਿੰਘ ਉਰਫ ਗਾਂਧੀ ਜਿਸਦੇ ਸਾਥੀ ਬਲਜਿੰਦਰ ਸਿੰਘ ਉਰਫ ਗੇਂਦਾ ਅਤੇ ਗੁਰਦੀਪ ਸਿੰਘ ਉਰਫ ਲੱਡੂ ਆਦਿ ਨੇ ਅਜੇ ਸ਼ਰਮਾ ਅਤੇ ਜੈਲੋ ਕੌਰ ਤੋਂ ਨਸ਼ਾ ਲਿਆ ਕੇ ਬਲਜਿੰਦਰ ਸਿੰਘ ਉਰਫ ਗਾਧੀ ਨੂੰ ਜਿਆਦਾ ਮਾਤਰਾ ਵਿੱਚ ਨਸ਼ਾ ਖਵਾਇਆ ਹੈ | ਜਿਸ ਨਾਲ ਉਸਦੀ ਮੌਤ ਹੋਈ ਹੈ। ਉਨਾਂ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ ਤੋ ਪਤਾ ਲੱਗਾ ਹੈ ਕਿ ਜੋ ਉਸਦੇ ਸੱਟਾਂ ਲੱਗੀਆਂ ਸਨ ਅਤੇ ਪਰਿਵਾਰਕ ਮੈਬਰਾਂ ਨੇ ਵੀ ਇਹ ਜਾਹਰ ਕੀਤਾ ਸੀ ਕਿ ਹੋ ਸਕਦਾ ਕਿ ਮਿ੍ਰਤਕ ਦੀ ਪਹਿਲਾਂ ਕੁੱਟਮਾਰ ਕੀਤੀ ਗਈ ਹੋਵੇ। ਉਨਾਂ ਦੱਸਿਆ ਕਿ ਪੁਲਿਸ ਨੇ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਅਜੇ ਸਰਮਾ ਅਤੇ ਜੈਲੋ ਕੌਰ ਨੂੰ ਗਿ੍ਰਫਤਾਰ ਕਰ ਲਿਆ ਹੈ। ਬਾਕੀ ਰਹਿੰਦੇ ਕਥਿਤ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।