ਪਾਕਿਸਤਾਨ ਦੇ ਡਰੋਨ ਅਟੈਕ ‘ਚ ਜ਼ਖਮੀ ਫਿਰੋਜ਼ਪੁਰ ਦੇ ਸ਼ਖਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਲਖਵਿੰਦਰ ਸਿੰਘ (55) ਵਾਸੀ ਖਾਈ ਫੇਮੇ, ਫਿਰੋਜ਼ਪੁਰ ਵਜੋਂ ਹੋਈ ਹੈ। 2 ਮਹੀਨੇ ਪਹਿਲਾਂ ਮ੍ਰਿਤਕ ਦੀ ਪਤਨੀ ਦੀ ਮੌਤ ਹੋ ਗਈ ਸੀ। 9 ਮਈ ਦੀ ਰਾਤ ਉਨ੍ਹਾਂ ਦੇ ਘਰ ‘ਤੇ ਪਾਕਿਸਤਾਨੀ ਡਰੋਨ ਨਾਲ ਹਮਲਾ ਹੋਇਆ ਸੀ, ਜਿਸ ਨਾਲ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ ਸਨ।
ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਡਾਕਟਰਾਂ ਅਨੁਸਾਰ ਪਿੰਡ ਖਾਈ ਫੇਮੇ ਦੀ ਰਹਿਣ ਵਾਲੀ ਸੁਖਵਿੰਦਰ ਕੌਰ 100 ਫ਼ੀਸਦੀ ਜਲ ਚੁੱਕੀ ਸੀ, ਜਿਸ ਨੂੰ ਬਚਾਇਆ ਨਹੀਂ ਜਾ ਸਕਿਆ। ਉੱਥੇ ਹੀ ਉਨ੍ਹਾਂ ਦੇ ਪਤੀ ਲਖਵਿੰਦਰ ਸਿੰਘ 70 ਫ਼ੀਸਦੀ ਤੱਕ ਸੜ੍ਹ ਚੁੱਕੇ ਸਨ, ਜਿਨ੍ਹਾਂ ਨੇ ਕੱਲ੍ਹ ਰਾਤ ਦਮ ਤੋੜ ਦਿੱਤਾ। ਲਖਵਿੰਦਰ ਸਿੰਘ ਦਾ ਅੰਤਿਮ ਸਸਕਾਰ ਅੱਜ ਫਿਰੋਜ਼ਪੁਰ ਵਿਖੇ ਕੀਤਾ ਜਾਵੇਗਾ।
22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ‘ਚ ਭਾਰਤ ਦੇ 7 ਮਈ ਨੂੰ ਆਪ੍ਰੇਸ਼ਨ ਸਿੰਦੂਰ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਵੱਲੋਂ ਬਾਰਡਰ ‘ਤੇ ਗੋਲੀਬਾਰੀ, ਡਰੋਨ ਤੇ ਮਿਸਾਇਲ ਹਮਲੇ ਕੀਤੇ ਗਏ। ਇਸ ਦੌਰਾਨ ਬਾਰਡਰ ਨਾਲ ਲੱਗਦੇ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਦੇ ਇੱਕ ਘਰ ‘ਤੇ ਪਾਕਿਸਤਾਨੀ ਡਰੋਨ ਹਮਲਾ ਹੋਇਆ ਸੀ। ਇਹ ਘਰ ਲਖਵਿੰਦਰ ਸਿੰਘ ਦਾ ਸੀ। ਡਰੋਨ ਡਿੱਗਣ ਨਾਲ ਘਰ ਦੀ ਛੱਤ ‘ਚ ਛੇਦ ਹੋ ਗਿਆ ਤੇ ਕਾਰ ਨੂੰ ਅੱਗ ਲੱਗ ਗਈ। ਇਸ ਡਰੋਨ ਹਮਲੇ ‘ਚ ਲਖਵਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਤੇ ਪੁੱਤਰ ਜਸਵੰਤ ਸਿੰਘ ਬੁਰੀ ਤਰ੍ਹਾਂ ਝੁਲਸ ਗਏ ਸਨ।
ਇਸ ਡਰੋਨ ਅਟੈਕ ਦੇ ਅਗਲੇ ਦਿਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਹਸਪਤਾਲ ਦਾ ਦੌਰਾ ਕੀਤਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਫਿਰੋਜ਼ਪੁਰ ਦਾ ਦੌਰਾਨ ਕੀਤਾ ਤੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਤੇ ਐਲਾਨ ਕੀਤਾ ਕਿ ਇਲਾਜ਼ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਖਮੀ ਪਰਿਵਾਰ 5 ਲੱਖ ਰੁਪਏ ਮਦਦ ਰਾਸ਼ੀ ਵਜੋਂ ਦੇਣ ਦੀ ਘੋਸ਼ਣਾ ਕੀਤੀ ਸੀ।