ਮਹਿਲ ਕਲਾਂ 1 ਜੁਲਾਈ (ਧਰਮਪਾਲ ਸਿੰਘ): ਪਿੰਡ ਮੂੰਮ ਵਿਖੇ ਬੀਤੀ ਰਾਤ ਦੀ ਅਚਾਨਕ ਕਮਰੇ ਵਿੱਚ ਅੱਗ ਨਾਲ ਸੜ ਜਾਣ ਕਰਕੇ ਪਤੀ ਪਤਨੀ ਦੀ ਦਰਦਨਾਕ ਮੌਤ ਹੋ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰੂਪ ਸਿੰਘ 49 ਸਾਲ ਪੁੱਤਰ ਲਾਭ ਸਿੰਘ ਅਤੇ ਉਸ ਦੀ ਪਤਨੀ ਅੰਗਰੇਜ ਕੌਰ ਆਪਣੇ ਘਰ ਕਮਰੇ ’ਚ ਸੌਂ ਰਹੇ ਸਨ ਤਾਂ ਅਚਾਨਕ ਕਮਰੇ ’ਚ ਅੱਗ ਲੱਗ ਜਾਣ ਕਰਕੇ ਦੋਵਾਂ ਦੀ ਸੜਨ ਨਾਲ ਦਰਦਨਾਕ ਮੌਤ ਹੋ ਗਈ। ਇਹ ਪਤਾ ਲੱਗਿਆ ਹੈ ਕਿ ਜਗਰੂਪ ਸਿੰਘ ਦੀ ਤਾਂ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਅੰਗਰੇਜ ਕੌਰ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ ਜਿੱਥੋਂ ਅੱਗੇ ਫਰੀਦਕੋਟ ਰੈਫਰ ਕਰ ਦਿੱਤਾ ਪ੍ਰੰਤੂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਇਹ ਘਟਨਾ ਦੇਰ ਰਾਤ ਵਾਪਰੀ ਜਦੋਂ ਮਿ੍ਰਤਕ ਜਗਰੂਪ ਸਿੰਘ ਦਾ ਗੁਆਂਢੀ ਰਾਤ ਨੂੰ ਮੀਂਹ ਪੈਣ ਕਾਰਨ ਉੱਠਿਆ ਅਤੇ ਉਸ ਨੇ ਜਗਰੂਪ ਸਿੰਘ ਦੇ ਮਕਾਨ ਵਿਚਲੇ ਕਮਰੇ ਵਿੱਚੋਂ ਵੱਡੇ ਪੱਧਰ ਤੇ ਧੂੰਆਂ ਨਿੱਕਲਦਾ ਵੇਖਿਆ। ਇਸ ਪਿੱਛੋਂ ਉਸ ਨੇ ਆਸੇ ਪਾਸੇ ਦੇ ਲੋਕਾਂ ਨੂੰ ਜਗਾਇਆ। ਦੇਖਣ ਵਾਲਿਆਂ ਨੇ ਦੱਸਿਆ ਕਿ ਜਦੋਂ ਤੱਕ ਪਤਾ ਲੱਗਿਆ ਉਦੋਂ ਤੱਕ ਜਗਰੂਪ ਸਿੰਘ ਦੀ ਤਾਂ ਮੌਤ ਹੋ ਚੁੱਕੀ ਸੀ ਤੇ ਜਦੋਂ ਕਿ ਉਸਦੀ ਪਤਨੀ ਅੰਗਰੇਜ਼ ਕੌਰ ਕਾਫ਼ੀ ਝੁਲਸੀ ਹੋਈ ਹਾਲਤ ਵਿੱਚ ਸੀ ਜਿਸ ਨੂੰ ਲੋਕਾਂ ਨੇ ਚੁੱਕ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਜਿੱਥੋਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਪਰ ਜ਼ਖਮਾਂ ਦੀ ਤਾਬ ਨਾ ਝਲਦੀ ਉਹ ਵੀ ਰਸਤੇ ਵਿੱਚ ਹੀ ਦਮ ਤੋੜ ਗਈ।
ਜਗਰੂਪ ਸਿੰਘ ਅਤੇ ਅੰਗਰੇਜ ਕੌਰ ਦਾ ਇੱਕ ਸੱਤ ਕੁ ਸਾਲ ਦਾ ਬੇਟਾ ਵੀ ਹੈ ਜੋ ਬੀਤੀ ਰਾਤ ਕਿਸੇ ਗੁਆਂਢੀ ਦੇ ਘਰ ਸੁੱਤਾ ਹੋਣ ਕਾਰਨ ਇਸ ਹਾਦਸੇ ਤੋਂ ਬਚ ਗਿਆ। ਇਸ ਹਾਦਸੇ ਕਾਰਨ ਪਿੰਡ ਵਿੱਚ ਬੇਹੱਦ ਗਮਗੀਨ ਮਾਹੌਲ ਹੈ।