ਪੰਜਾਬੀ ਮਨੋਰੰਜਨ ਜਗਤ ਨੂੰ ਕਾਫੀ ਸ਼ਾਨਦਾਰ ਗੀਤ ਦੇ ਚੁੱਕੇ ਗਾਇਕ ਬੱਬਲ ਰਾਏ ਇਸ ਸਮੇਂ ਆਪਣੇ ਵਿਆਹ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ। ਜੀ ਹਾਂ...ਦਰਅਸਲ, ਸੋਸ਼ਲ ਮੀਡੀਆ ਉਤੇ ਗਾਇਕ ਦੇ ਵਿਆਹ ਦੀਆਂ ਕਾਫੀ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ, ਹਾਲਾਂਕਿ ਗਾਇਕ ਨੇ ਇਸ ਸੰਬੰਧੀ ਕੋਈ ਵੀ ਫੋਟੋ ਹਾਲੇ ਤੱਕ ਸਾਂਝੀ ਨਹੀਂ ਕੀਤੀ ਹੈ।
ਜੇਕਰ ਗਾਇਕ ਦੀ ਪਤਨੀ ਦੀ ਗੱਲ ਕਰੀਏ ਤਾਂ ਗਾਇਕ ਦਾ ਵਿਆਹ ਆਰੂਸ਼ੀ ਸ਼ਰਮਾ ਨਾਲ ਹੋਇਆ ਹੈ, ਜੋ ਖੁਦ ਵੀ ਇੱਕ ਮਾਡਲ ਅਤੇ ਅਦਾਕਾਰਾ ਹੈ। ਰਿਪੋਰਟਾਂ ਅਨੁਸਾਰ ਦੋਵੇਂ ਸਿਤਾਰੇ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਆਰੂਸ਼ੀ ਸ਼ਰਮਾ 'ਕਾਕਾ ਜੀ', 'ਹਾਈ ਐਂਡ ਯਾਰੀਆਂ', 'ਡਾਕੂਆਂ ਦਾ ਮੁੰਡਾ 2' ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਆਰੂਸ਼ੀ ਸ਼ਰਮਾ ਮੂਲ ਰੂਪ ਵਿੱਚ ਹਿਮਾਚਲ ਪ੍ਰਦੇਸ਼ ਨਾਲ ਸੰਬੰਧਤ ਹੈ।
ਇਸ ਦੌਰਾਨ ਜੇਕਰ ਗਾਇਕ ਬੱਬਲ ਰਾਏ ਬਾਰੇ ਗੱਲ ਕਰੀਏ ਤਾਂ ਬੱਬਲ ਰਾਏ ਦਾ ਜਨਮ 3 ਮਾਰਚ 1985 ਨੂੰ ਲੁਧਿਆਣਾ ਦੇ ਸਮਰਾਲਾ ਵਿੱਚ ਹੋਇਆ ਹੈ। ਪੰਜਾਬੀ ਗਾਇਕ ਬੱਬਲ ਰਾਏ ਦੇ ਪਿਤਾ ਦਾ ਨਾਂਅ ਸਰਦਾਰ ਮਨਜੀਤ ਸਿੰਘ ਰਾਏ ਜੋ ਕਿ ਥੀਏਟਰ ਕਲਾਕਾਰ ਸਨ। ਉਨ੍ਹਾਂ ਦੀ ਮਾਤਾ ਦਾ ਨਾਂਅ ਨਿਰਮਲ ਕੌਰ।
ਬੱਬਲ ਦਾ ਪੈਦਾਇਸ਼ੀ ਨਾਂਅ ਸਿਮਰਨਜੀਤ ਸਿੰਘ ਸੀ। ਬੱਬਲ ਨੇ ਸਭ ਤੋਂ ਪਹਿਲਾਂ ਆਪਣਾ ਇੱਕ ਗੀਤ ਯੂਟਿਊਬ 'ਤੇ ਪਾਇਆ ਸੀ, ਜਿਸ ਤੋਂ ਉਸ ਨੂੰ ਕਾਫ਼ੀ ਉਤਸ਼ਾਹ ਮਿਲਿਆ। ਇਸ ਤੋਂ ਬਾਅਦ ਬੱਬਲ ਰਾਏ ਦਾ ਗਾਇਕੀ ਸਫ਼ਰ ਸ਼ੁਰੂ ਹੋ ਗਿਆ। ਬੱਬਲ ਰਾਏ ਦੇ ਗੀਤ 'ਸੋਹਣੀ', 'ਫਿਰ ਰੰਗੀਲੇ', 'ਟੌਰ', 'ਤੇਰਾ ਨਾਮ', 'ਕੁੜੀ ਤੂੰ ਪਟਾਕਾ', 'ਦਿਉਰ ਭਰਜਾਈ', 'ਖੂਹ ਤੇ ਟਿੰਡਾਂ' ਆਦਿ ਕਾਫੀ ਮਸ਼ਹੂਰ ਹਨ। ਇਸ ਤੋਂ ਇਲਾਵਾ ਗਾਇਕ ਨੇ 'ਸਿੰਘ ਵਰਸਿਜ਼ ਕੌਰ', 'ਮਿਸਟਰ ਐਂਡ ਮਿਸਿਜ਼ 420', 'ਓਹ ਮਾਈ ਪਿਉ', 'ਦਿਲਦਾਰੀਆਂ' ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜੌਹਰ ਵੀ ਦਿਖਾਇਆ।