ਰੂੜੇਕੇ ਕਲਾਂ, 15 ਜੁਲਾਈ (ਧਰਮਪਾਲ ਸਿੰਘ)- ਜ਼ਿਲ੍ਹੇ ਦੇ ਪਿੰਡ ਧੌਲਾ ਤੇ ਕਾਹਨੇ-ਕੇ ਦੇ ਵਿਚਕਾਰ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੀਆਂ ਫਸ਼ਲਾਂ ਵਿਚ ਪਾਣੀ ਭਰ ਗਿਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਰਕੇ ਰਜਵਾਹੇ ਵਿਚ ਪਾਣੀ ਜ਼ਿਆਦਾ ਵਧ ਗਿਆ ਸੀ ਅਤੇ ਮੀਂਹ ਕਾਰਨ ਕਿਸਾਨਾਂ ਨੇ ਰਜਵਾਹੇ ਦੇ ਮੋਘੇ ਪਾਣੀ ਦੀ ਲੋੜ ਨਾ ਹੋਣ ਕਰਕੇ ਬੰਦ ਕਰ ਦਿੱਤੇ ਸਨ। ਜਿਸ ਕਰਕੇ ਰਜਵਾਹੇ ਵਿਚ ਪਾਣੀ ਜਿਆਦਾ ਹੋ ਗਿਆ। ਜਿੱਥੋ ਰਜਵਾਹੇ ਦੀ ਪਟੜੀ ਕਮਜੌਰ ਸੀ ਉੱਥੇ ਪਿਛਲੀ ਰਾਤ ਥੋੜਾ ਪਾਣੀ ਟੁੱਟ ਗਿਆ। ਜਿਸ ਤੋਂ ਪਾੜ ਵੱਧਦਾ ਗਿਆ ਤੇ ਦਿਨ ਚੜਦੇ ਹੀ ਰਜਵਾਹੇ ਵਿਚ ਵੱਡਾ ਪਾੜ ਪੈ ਗਿਆ। ਕਿਸਾਨਾਂ ਦੀਆਂ ਫਸਲਾਂ ਵਿਚ ਪਾਣੀ ਭਰ ਗਿਆ। ਮੌਕੇ ‘ਤੇ ਇਕੱਤਰ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਪਾਣੀ ਵਾਲਾ ਰਜਵਾਹਾ ਕਿਸਾਨਾਂ ਦੇ ਖੇਤਾਂ ਵਿਚ ਟੁੱਟਿਆ ਸੀ। ਸਬੰਧਿਤ ਵਿਭਾਗ ਦੇ ਅਧਿਕਾਰੀਆਂ ਵਲੋਂ ਗੌਰ ਨਾ ਕਰਨ ਕਰਕੇ ਹਰ ਸਾਲ ਰਜਵਾਹਾ ਟੁੱਟ ਜਾਂਦਾ ਹੈ। ਜਿਸ ਕਰਕੇ ਕਿਸਾਨਾਂ ਦੀਆਂ ਫਸ਼ਲਾਂ ਦਾ ਨੁਕਸਾਨ ਹੋ ਜਾਂਦਾ ਹੈ। ਜਿਹੜੇ ਕਿਸਾਨਾਂ ਨੇ ਆਪਣੀਆਂ ਜਮੀਨਾਂ ਵਿਚ ਸ਼ਬਜੀਆਂ ਦੀ ਕਾਸ਼ਤ ਕੀਤੀ ਸੀ। ਵੱਡੀ ਮਾਤਰਾਂ ਵਿਚ ਰਜਵਾਹੇ ਦਾ ਪਾਣੀ ਕਿਸਾਨਾਂ ਦੇ ਖੇਤਾਂ ਵਿਚ ਭਰਨ ਕਰਕੇ ਸ਼ਬਜੀਆਂ ਦੀਆਂ ਫਸ਼ਲਾਂ ਬਿਲਕੁੱਲ ਖ਼ਤਮ ਹੋ ਜਾਣਗੀਆਂ ਅਤੇ ਦੂਜੀਆਂ ਫਸਲਾਂ ਦਾ ਵੀ ਨੁਕਸਾਨ ਹੋਵੇਗਾ। ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਨੇ ਪਿੰਡਾਂ ਦੇ ਘਰਾਂ ਵਿਚੋਂ ਬੋਰੀਆਂ ਇਕੱਠੀਆਂ ਕਰਕੇ ਮਿੱਟੀ ਦੀਆਂ ਭਰ ਕੇ ਨੌਜਵਾਨਾਂ ਨੇ ਰਜਵਾਹੇ ਵਿੱਚ ਪਏ ਪਾੜ ਨੂੰ ਬੰਦ ਕੀਤਾ। ਇਕੱਤਰ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੁਆਵਜੇ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਕਿਸਾਨਾਂ ਦੀਆਂ ਫਸਲਾਂ ਨੂੰ ਨਹਿਰੀ ਪਾਣੀ ਦੀ ਲੋੜ ਹੁੰਦੀ ਹੈ ਤਾਂ ਇਸ ਰਜਵਾਹੇ ਦੇ ਸਾਰੇ ਹੀ ਮੋਘਿਆਂ ਵਿਚ ਪੂਰਾ ਪਾਣੀ ਨਹੀਂ ਪੈਦਾ ਹੈ। ਜਿਸ ਕਰਕੇ ਕਿਸਾਨਾਂ ਨੂੰ ਖੇਤਾਂ ਦੀ ਸਿੰਚਾਈ ਲਈ ਪੂਰਾ ਨਹਿਰੀ ਪਾਣੀ ਨਹੀਂ ਮਿਲਦਾ ਹੈ। ਜਦੋ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਲੋੜ ਨਹੀਂ ਹੁੰਦੀ ਹੈ ਤਾਂ ਰਜਵਾਹਾਂ ਟੁੱਟ ਕੇ ਪਾਣੀ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਕਰ ਦਿੰਦਾ ਹੈ।