-ਬਿਮਾਰ ਪਤੀ ਦੀ ਸੇਵਾ ਸੰਭਾਲ ਸਮੇਂ ਖੁੱਸਿਆ ਰੁਜ਼ਗਾਰ ਵਸੀਲਾ 'ਖੋਖਾ' ਵਾਪਿਸ ਦਿਵਾਉਣ ਦੀ ਕੀਤੀ ਮੰਗ
ਬਰਨਾਲਾ, 8 ਜੁਲਾਈ (ਧਰਮਪਾਲ ਸਿੰਘ): ਬਿਮਾਰ ਪਤੀ ਦੇ ਇਲਾਜ ਤੇ ਉਪਰੋਂ ਤਿੰਨ ਧੀਆਂ ਦੇ ਪਾਲਣ ਪੋਸ਼ਣ ਦਾ ਜ਼ਿੰਮਾ ਉਠਾ ਰਹੀ ਇੱਕ ਪੰਜਾਬ ਦੀ ਪ੍ਰਵਾਸੀ ਨੂੰਹ ਨਾਲ ਉਦੋਂ ਹੋਰ ਜੱਗੋਂ ਤੇਰ੍ਹਵੀਂ ਹੋ ਗਈ ਜਦ ਉਸ ਨੇ ਬੜੀ ਮੁਸ਼ਕਿਲ ਨਾਲ ਤਿਆਰ ਕਰਵਾਇਆ ਤੇ ਇੱਕੋ ਇੱਕ ਰੁਜ਼ਗਾਰ ਵਸੀਲਾ ਸੜਕ ਕਿਨਾਰੇ ਲੱਗਾ ਚਾਹ ਦਾ ਖੋਖਾ ਵੀ ਇੱਕ ਵਿਅਕਤੀ ਨੇ ਮਜ਼ਬੂਰੀ ਦਾ ਫ਼ਾਇਦਾ ਉਠਾਉਂਦਿਆਂ ਧੋਖੇ ਨਾਲ ਕਬਜ਼ਾਅ ਲਿਆ। ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ। ਪੀੜਤਾ ਨੇ ਜ਼ਿਲ੍ਹਾ ਪੁਲੀਸ ਮੁਖੀ ਬਰਨਾਲਾ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸ਼ਿਕਾਇਤ ਪੱਤਰ ਭੇਜ ਕੇ ਉਸ ਦਾ ਧੋਖੇ ਨਾਲ ਹਥਿਆਇਆ ਰੁਜ਼ਗਾਰ ਸਾਧਨ 'ਖੋਖਾ' ਵਾਪਿਸ ਦਿਵਾਉਣ ਦੀ ਗੁਹਾਰ ਲਗਾਈ। ਪੀੜਤਾ ਨੀਲਮ ਰਾਏ (36) ਪਤਨੀ ਦਰਸ਼ਨ ਸਿੰਘ (45) ਵਾਸੀ ਪਿੰਡ ਮੂਲੋਵਾਲ (ਨੇੜੇ ਧੂਰੀ) ਨੇ ਆਪਣੀ ਵਿਥਿਆ ਬਿਆਨ ਕਰਦੇ ਦੱਸਿਆ ਕਿ ਉਸ ਦਾ ਪੇਕਾ ਪਰਿਵਾਰ ਭਾਵੇਂ ਯੂਪੀ ਨਾਲ ਸਬੰਧਿਤ ਹੈ ਪਰ ਉਸ ਦਾ ਵਿਆਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੂਲੋਵਾਲ ਵਾਸੀ ਬੇਜ਼ਮੀਨੇ ਜੱਟ ਪਰਿਵਾਰ ਦੇ ਦਰਸ਼ਨ ਸਿੰਘ ਪੁੱਤਰ ਭਜਨ ਨਾਲ ਹੋਇਆ। ਉਨ੍ਹਾਂ ਦੇ ਤਿੰਨ ਧੀਆਂ ਕ੍ਰਮਵਾਰ ਸੰਦੀਪ ਕੌਰ (15), ਹਰਪ੍ਰੀਤ ਕੌਰ (12) ਤੇ ਖੁਸ਼ਪ੍ਰੀਤ ਕੌਰ (5) ਹਨ। ਪਿੰਡ ਤੋਂ ਗੁਜ਼ਾਰੇ ਲਾਇਕ ਕੰਮ ਦੀ ਭਾਲ ਹਿਤ ਬਰਨਾਲਾ ਵਿਖੇ ਆਏ ਜਿੱਥੇ ਸੰਨ 2022 'ਚ ਵਿਆਜ਼ 'ਤੇ ਪੈਸੇ ਫੜ ਧੜ ਕੇ 60 ਹਜ਼ਾਰ ਰੁਪਏ ਦੀ ਲਾਗਤ ਨਾਲ ਇੱਕ ਟੀਨ ਦਾ ਖੋਖਾ ਤਿਆਰ ਕਰਵਾਇਆ ਤੇ ਸਥਾਨਕ ਕਪਿਲ ਪੈਲੇਸ ਸਾਹਮਣੇ ਚਾਹ ਵਗੈਰਾ ਵੇਚ ਪਰਿਵਾਰ ਦੀ ਪੇਟ ਪਾਲਣਾ ਆਰੰਭ ਕੀਤੀ। ਅਚਾਨਕ ਪਤੀ ਬਿਮਾਰ ਰਹਿਣ ਲੱਗਿਆ, ਡਾਕਟਰਾਂ ਦਿਲ ਦੇ ਗੰਭੀਰ ਰੋਗ ਦੀ ਸ਼ਨਾਖਤ ਕੀਤੀ। ਦੁੱਖਾਂ ਦਾ ਪਰਬਤ ਹੋਰ ਭਾਰਾ ਹੋ ਗਿਆ, ਇਲਾਜ਼ ਖ਼ਰਚ ਵਿਤੋਂ ਬਾਹਰਾ ਹੋਣ ਦੇ ਬਾਵਜੂਦ ਉਸ ਦਾ ਮੁਢਲਾ ਸਰਕਾਰੀ ਇਲਾਜ ਆਰੰਭਿਆ। ਨੀਲਮ ਰਾਏ ਨੇ ਦੱਸਿਆ ਕਿ ਮਰੀਜ਼ ਪਤੀ ਦੇ ਇਲਾਜ ਦੌਰਾਨ ਖੋਖਾ ਬੰਦ ਰਹਿਣ ਲੱਗਾ। ਕੰਮ ਕਰਦਿਆਂ ਜਾਣਕਾਰ ਬਣੇ ਇੱਕ ਨਿੱਕੀ ਸੁੱਕ ਦੇ ਸੇਲਜ਼ਮੈਨ ਨੇ 2500 ਪ੍ਰਤੀ ਮਹੀਨਾ 'ਤੇ ਕਿਰਾਏ ਦਾ ਤੇ ਦਰਸ਼ਨ ਸਿੰਘ ਦੇ ਕੁਝ ਠੀਕ ਹੋਣ ਪਿੱਛੋਂ ਖੋਖਾ ਖਾਲੀ ਕਰਕੇ ਵਾਪਸੀ ਦਾ ਭਰੋਸਾ ਦਿਵਾ ਅੱਗੇ ਕਿਸੇ ਵਿਅਕਤੀ ਨੂੰ ਦਿਵਾ ਦਿੱਤਾ। ਜਿਸ ਨੇ ਨਾਂ ਕਿਰਾਇਆ ਦਿੱਤਾ ਨਾ ਖ਼ਾਲੀ ਕਰਕੇ ਵਾਪਸ ਦੇ ਰਿਹਾ ਹੈ ਬਲਕਿ ਗ਼ਰੀਬ ਔਰਤ ਜਾਣ ਧਮਕਾ ਵੀ ਰਿਹਾ ਹੈ। ਪੀੜਤਾ ਨੇ ਅੱਖਾਂ ਨਮ ਕਰਦਿਆਂ ਕਿਹਾ ਅੱਜ ਉਸ ਨੂੰ ਆਪਣੇ ਪਤੀ ਦੇ ਨਿਊਨਤਮ ਇਲਾਜ ਤੇ ਬੇਟੀਆਂ ਦੀ ਪਰਵਰਿਸ਼ ਲਈ ਉਸ ਖੋਖੇ ਦੀ ਅਤਿਅੰਤ ਜ਼ਰੂਰਤ ਹੈ। ਕਿਹਾ ਕਿ ਉਨ੍ਹਾਂ ਦਾ ਪਹਿਲਾਂ ਹੀ ਬਿਮਾਰੀ ਤੇ ਗ਼ੁਰਬਤ ਦਾ ਸਤਾਇਆ ਪਰਿਵਾਰ ਤਿੰਨ ਧੀਆਂ ਨੂੰ ਲੈਕੇ ਡੇਰਿਆਂ 'ਚ ਰੁਲਣ ਲਈ ਮਜ਼ਬੂਰ ਹੈ। ਧੀਆਂ ਦੀ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਪੀੜਤਾ ਨੇ ਕੁੱਝ ਇਨਸਾਫ਼ ਪਸੰਦਾਂ ਦੇ ਸਹਿਯੋਗ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਐੱਸਐੱਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਭੇਜ ਕੇ ਆਪਣਾ ਇੱਕੋ ਇੱਕ ਰੁਜ਼ਗਾਰ ਵਸੀਲਾ 'ਖੋਖਾ' ਵਾਪਿਸ ਦਿਵਾਉਣ ਦੀ ਗੁਹਾਰ ਲਾਈ ਤਾਂ ਕਿ ਆਪਣੀਆਂ ਧੀਆਂ ਦੀ ਪੇਟ ਪਾਲਣਾ ਤੇ ਪਤੀ ਦੀ ਦੇਖਭਾਲ ਕਰ ਸਕੇ। ਉਸ ਨੇ ਸਮੂਹ ਇਨਸਾਫ਼ ਪਸੰਦ, ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਤੋਂ ਵੀ ਸਹਾਇਤਾ ਦੀ ਅਪੀਲ ਕੀਤੀ।