-ਆਪਣੀ ਇੱਛਾ ਅਨੁਸਾਰ ਬਾਲ ਭਲਾਈ ਕਮੇਟੀ ਨੂੰ ਸੌਂਪਿਆ ਜਾ ਸਕਦਾ ਹੈ ਬੱਚਾ
ਬਰਨਾਲਾ, 8 ਜੁਲਾਈ (ਧਰਮਪਾਲ ਸਿੰਘ, ਬਲਜੀਤ ਕੌਰ): ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਨੇ ਦੱਸਿਆ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜੁਵੇਨਾਇਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ ਐਕਟ 2015 ਦੀ ਧਾਰਾ 35 ਸਬੰਧੀ ਬੱਚਿਆਂ ਨੂੰ ਸਰੰਡਰ ਕਰਨ ਵਾਸਤੇ ਮਾਪੇ ਆਪਣੀ ਇੱਛਾ ਅਨੁਸਾਰ ਬਾਲ ਭਲਾਈ ਕਮੇਟੀ ਕੋਲ ਹਾਜ਼ਰ ਹੋ ਕੇ ਸਰੰਡਰ ਡੀਡ ਰਾਹੀਂ ਬੱਚਾ ਬਾਲ ਭਲਾਈ ਕਮੇਟੀ ਨੂੰ ਸੌਂਪ ਸਕਦੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਨਵ-ਜਨਮੇਂ ਬੱਚਿਆਂ ਨੂੰ ਨਾਲਿਆਂ, ਝਾੜੀਆਂ, ਖਾਲੀ ਪਲਾਟਾਂ ਵਿੱਚ ਸੁੱਟਣ ਦੀਆਂ ਘਟਨਾਵਾਂ ਸੁਣਨ ਤੇ ਪੜ੍ਹਨ ਵਿਚ ਆਉਂਦੀਆਂ ਹਨ। ਅਜਿਹਾ ਅਕਸਰ ਉਨ੍ਹਾਂ ਮਾਪਿਆਂ ਵਲੋਂ ਕੀਤਾ ਜਾਂਦਾ ਹੈ ਜਿਨ੍ਹਾਂ ਦੇ ਅਣਚਾਹੀ ਸੰਤਾਨ ਪੈਦਾ ਹੋਵੇ ਜਾਂ ਉਹ ਬੱਚਿਆਂ ਨੂੰ ਪਾਲਣ ਤੋਂ ਅਸਮਰੱਥ ਹੋਣ। ਪੁਲਿਸ ਵੱਲੋਂ ਕਈ ਵਾਰ ਅਜਿਹੇ ਬੱਚਿਆਂ ਦੇ ਮਾਪਿਆਂ ਦੀ ਪਛਾਣ ਕਰਕੇ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਆਰਥਿਕ ਮਜਬੂਰੀ ਕਰਕੇ ਵੀ ਉਨ੍ਹਾਂ ਵੱਲੋਂ ਆਪਣੇ ਅਣਚਾਹੇ ਬੱਚੇ ਨੂੰ ਨਕਾਰ ਦਿੱਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਅਜਿਹੇ ਮਾਮਲਿਆਂ ਵਿਚ ਕਮਿਸ਼ਨ ਵੱਲੋਂ ਜੁਵੇਨਾਇਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡਰਨ ਐਕਟ 2015 ਦੀ ਧਾਰਾ 35 ਸਬੰਧੀ ਬੱਚਿਆਂ ਨੂੰ ਸਰੰਡਰ ਕਰਨ ਵਾਸਤੇ ਮਾਪੇ ਆਪਣੀ ਇੱਛਾ ਅਨੁਸਾਰ ਬਾਲ ਭਲਾਈ ਕਮੇਟੀ ਪਾਸ ਹਾਜ਼ਰ ਹੋ ਕੇ ਸਰੰਡਰ ਡੀਡ ਰਾਹੀਂ ਬੱਚਾ ਬਾਲ ਭਲਾਈ ਕਮੇਟੀ ਨੂੰ ਸੌਂਪ ਸਕਦੇ ਹਨ। ਜ਼ਿਲ੍ਹੇ ਨਾਲ ਸਬੰਧਤ ਬਾਲ ਭਲਾਈ ਕਮੇਟੀ ਵੱਲੋਂ ਮਾਪਿਆਂ ਨੂੰ ਦੋ ਮਹੀਨਿਆਂ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਬੱਚੇ ਨੂੰ ਸਰੰਡਰ ਕਰਨ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰ ਸਕਦੇ ਹਨ।ਜੇਕਰ ਮਾਪਿਆਂ ਵੱਲੋਂ ਆਪਣਾ ਫ਼ੈਸਲਾ ਬਦਲਿਆ ਜਾਂਦਾ ਹੈ ਤਾਂ ਉਹ ਆਪਣਾ ਬੱਚਾ ਵਾਪਸ ਲਿਜਾ ਸਕਦੇ ਹਨ ਨਹੀਂ ਤਾਂ ਉਨ੍ਹਾਂ ਦੇ ਬੱਚੇ ਨੂੰ ਅਡਾਪਸ਼ਨ ਲਈ ਸਪੈਸ਼ਲਾਈਜ਼ਡ ਅਡਾਪਸ਼ਨ ਏਜੰਸੀ ਨੂੰ ਸੌਂਪਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੇ ਬੱਚਿਆਂ ਲਈ ਪੰਘੂੜਾ (ਸਿਵਲ ਹਸਪਤਾਲ ਬਰਨਾਲਾ ਨੇੜੇ) ਲਾਇਆ ਗਿਆ ਹੈ ਜਿਸ ਵਿੱਚ ਬੱਚੇ ਨੂੰ ਰੱਖਿਆ ਜਾ ਸਕਦਾ ਹੈ ਤੇ ਇਸ ਸਬੰਧੀ ਸੂਚਨਾ ਬਿਲਕੁਲ ਗੁਪਤ ਰੱਖੀ ਜਾਵੇਗੀ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਗੁਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਵੀ ਨਵੇਂ ਸਿਵਲ ਹਸਪਤਾਲ ਦੇ ਬਾਹਰ ਪ੍ਰਸ਼ਾਸਨ ਵੱਲੋਂ ਅਜਿਹਾ ਹੀ ਇੱਕ ਪੰਘੂੜਾ ਲਗਾਇਆ ਗਿਆ ਹੈ ਜਿਸ ਵਿਚ ਮਾਪੇ ਆਪਣੇ ਬੱਚੇ ਰੱਖ ਸਕਦੇ ਹਨ ਅਤੇ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਤਹਿਸੀਲ ਕੰਪਲੈਕਸ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਬਾਲ ਭਲਾਈ ਕਮੇਟੀ ਦਾ ਦਫ਼ਤਰ ਵੀ ਬਣਿਆ ਹੋਇਆ ਹੈ, ਜਿੱਥੇ ਕਿ ਮਾਂ ਪਿਓ ਆਪਣੀ ਇੱਛਾ ਅਨੁਸਾਰ ਬੱਚਾ ਸੋਂਪ ਸਕਦੇ ਹਨ।