-ਸਿੱਖਿਆ ਵਿਭਾਗ ਵਲੋਂ ਦੋ ਰੋਜ਼ਾ ਪ੍ਰੋਗਰਾਮ, ਵਿਦਿਆਰਥੀਆਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਨ 'ਤੇ ਜ਼ੋਰ
ਬਰਨਾਲਾ, 16 ਜੁਲਾਈ (ਧਰਮਪਾਲ ਸਿੰਘ): ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਇੱਥੇ ਸਕੂਲ ਆਫ਼ ਐਮੀਨੈਂਸ ਵਿੱਚ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀ ਸੁਨੀਤਇੰਦਰ ਸਿੰਘ ਦੇ ਨਿਰਦੇਸ਼ਾਂ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਅਤੇ ਡਾਇਟ ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ ਦੀ ਅਗਵਾਈ ਹੇਠ ਦੋ ਰੋਜ਼ਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਜ਼ਿਲ੍ਹਾ ਨੋਡਲ ਅਫ਼ਸਰ ਰਣਜੀਤ ਸਿੰਘ ਜੰਡੂ ਅਤੇ ਜ਼ਿਲ੍ਹਾ ਰੀਸੋਰਸ ਕੋਆਰਡੀਨਟਰ ਕਮਲਦੀਪ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਅਧਿਆਪਕਾਂ ਦੇ ਇਸ ਦੋ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਡਾਇਟ ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ, ਮਨੋਰੋਗ ਮਾਹਿਰ ਡਾਕਟਰ ਗਗਨਦੀਪ ਸੇਖੋਂ, ਥਾਣਾ ਸਿਟੀ-1 ਬਰਨਾਲਾ ਦੇ ਐਸ.ਐਚ.ਓ ਇੰਸਪੈਕਟਰ ਲਖਵਿੰਦਰ ਸਿੰਘ, ਸੀਨੀਅਰ ਪੱਤਰਕਾਰ ਹਰਿੰਦਰਪਾਲ ਨਿੱਕਾ, ਏਐਸਆਈ ਅਵਤਾਰ ਸਿੰਘ, ਸਿਹਤ ਵਿਭਾਗ ਤੋਂ ਮੀਡੀਆ ਕੋਆਰਡੀਨੇਟਰ ਕੁਲਦੀਪ ਸਿੰਘ ਮਾਨ ਤੇ ਹਰਜੀਤ ਸਿੰਘ ਬਾਗ਼ੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨ ਦੇ ਉਪਰਾਲਿਆਂ ਬਾਰੇ ਗੱਲਬਾਤ ਕੀਤੀ ਗਈ। ਇਸ ਮੌਕੇ ਡਾਕਟਰ ਗਗਨਦੀਪ ਸੇਖੋਂ, ਕੁਲਦੀਪ ਸਿੰਘ ਮਾਨ ਤੇ ਹਰਜੀਤ ਬਾਗ਼ੀ ਨੇ ਨੌਜਵਾਨਾਂ ਵਿੱਚ ਵੱਖ ਵੱਖ ਤਰ੍ਹਾਂ ਦੇ ਨਸ਼ਿਆਂ, ਨੌਜਵਾਨਾਂ ਵਿਚ ਨਸ਼ਿਆਂ ਦੀ ਵਰਤੋਂ ਬਾਰੇ ਗਲਤ ਧਾਰਨਾਵਾਂ, ਨਸ਼ੇ ਦੇ ਸੇਵਨ ਨਾਲ ਉਨ੍ਹਾਂ ਦੇ ਪਰਿਵਾਰ, ਆਰਥਿਕਤਾ, ਸਰੀਰਕ, ਮਾਨਸਿਕ ਤੇ ਸਮਾਜਿਕ ਪ੍ਰਭਾਵ ਬਾਰੇ ਚਰਚਾ ਕੀਤੀ ਅਤੇ ਨਸ਼ਿਆਂ ਵਿਰੁੱਧ ਚੁੱਕੇ ਜਾ ਸਕਦੇ ਕਦਮਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਪੱਤਰਕਾਰ ਹਰਿੰਦਰਪਾਲ ਨਿੱਕਾ, ਐਸ.ਐਚ.ਓ ਲਖਵਿੰਦਰ ਸਿੰਘ ਅਤੇ ਏਐਸਆਈ ਅਵਤਾਰ ਸਿੰਘ ਨੇ ਨਸ਼ੇ ਦੇ ਸੇਵਨ ਨਾਲ ਸਬੰਧਤ ਜ਼ਮੀਨੀ ਹਕੀਕਤਾਂ, ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਧਿਆਪਕਾਂ ਦੀ ਬਣਦੀ ਜ਼ਿੰਮੇਵਾਰੀ, ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਾੜੇ ਸਮਾਜਿਕ ਅਨਸਰਾਂ ਵਿਰੁੱਧ ਕਾਰਵਾਈ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਸਬੰਧੀ ਗੱਲਬਾਤ ਕੀਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਸ ਪ੍ਰੋਗਰਾਮ ਦਾ ਨਾਮ ਨਸ਼ਾ ਮੁਕਤ ਪੰਜਾਬ ਰੱਖਿਆ ਗਿਆ ਹੈ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਰਣਜੀਤ ਸਿੰਘ ਜੰਡੂ, ਡੀਆਰਸੀ ਕਮਲਦੀਪ ਅਤੇ ਬੀਆਰਸੀ ਦੀ ਟੀਮ ਵੱਲੋਂ ਸਕੂਲਾਂ ਦੇ ਨੋਡਲ ਇੰਚਾਰਜਾਂ ਨੂੰ ਇਹ ਦੋ ਦਿਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਨੋਡਲ ਅਧਿਆਪਕ ਇਹ ਟ੍ਰੇਨਿੰਗ ਵਿਭਾਗ ਵੱਲੋਂ ਦਿੱਤੇ ਗਏ ਸ਼ਡਿਊਲ ਮੁਤਾਬਿਕ ਵਿਦਿਆਰਥੀਆਂ ਨੂੰ ਦੇਣਗੇ।