ਪੰਜਾਬ ਦੇ ਲੁਧਿਆਣਾ ‘ਚ ਮੋਟਰਸਾਈਕਲ ‘ਤੇ ਸਵਾਰ ਦੋ ਵਿਅਕਤੀਆਂ ਨੇ ਇੱਕ ਮਹਿਲਾ ਦੀ ਲਾਸ਼ ਬੋਰੀ ‘ਚ ਪਾ ਕੇ ਫਿਰੋਜ਼ਪੁਰ ਰੋਡ ਦੇ ਡਿਵਾਈਡਰ ‘ਤੇ ਸੁੱਟ ਦਿੱਤੀ। ਉੱਥੇ ਮੌਜੂਦ ਸਥਾਨਕ ਲੋਕਾਂ ਨੇ ਜਦੋਂ ਪੁੱਛਿਆ ਕਿ ਇਹ ਕਿ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਖ਼ਰਾਬ ਅੰਬ ਹਨ, ਜਿਸ ਨੂੰ ਉਹ ਸੁੱਟਣ ਆਏ ਹਨ। ਸਥਾਨਕ ਲੋਕਾਂ ਨੇ ਜਦੋਂ ਪੁਲਿਸ ਨੂੰ ਬੁਲਾ ਕੇ ਬੋਰੀ ਦੀ ਜਾਂਚ ਕਰਵਾਈ ਤਾਂ ਮਹਿਲਾ ਦੀ ਲਾਸ਼ ਬੋਰੀ ‘ਚੋਂ ਮਿਲੀ।
ਲੋਕਾਂ ਨੇ ਲਾਸ਼ ਸੁੱਟਦੇ ਹੋਏ ਉਨ੍ਹਾਂ ਦੀ ਵੀਡੀਓ ਵੀ ਬਣਾ ਲਈ। ਲੋਕਾਂ ਨੇ ਤੁਰੰਤ ਆਰਤੀ ਚੌਕ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਦੀ ਸੂਚਨਾ ਦਿੱਤੀ। ਪੁਲਿਸ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਕ ਲਾਸ਼ ਦੇ ਨੱਕ ‘ਚੋਂ ਖੂਨ ਨਿਕਲ ਰਿਹਾ ਸੀ। ਪੁਲਿਸ ਮਹਿਲਾ ਦੀ ਪਹਿਚਾਣ ਕਰਵਾ ਰਹੀ ਹੈ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਦੇ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਦੋ ਵਿਅਕਤੀ ਇੱਕ ਨੀਲੇ ਰੰਗ ਦੇ ਮੋਟਰਸਾਈਕਲ ‘ਤੇ ਆਏ ਸਨ। ਇੱਕ ਨੇ ਸਕਿਓਰਟੀ ਗਾਰਡ ਦੀ ਨੀਲੀ ਵਰਦੀ ਪਾਈ ਹੋਈ ਸੀ, ਜਿਸ ਦੀ ਉਮਰ 55 ਸਾਲ ਦੇ ਕਰੀਬ ਲੱਗ ਰਹੀ ਸੀ। ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀ। ਜਦੋਂ ਅਮਰਜੀਤ ਨੇ ਪੁੱਛਿਆ ਕਿ ਇਸ ਨੂੰ ਸੁੱਟ ਕੇ ਕਿਉਂ ਜਾ ਰਹੇ ਹੋ ਤਾਂ ਉਹ ਅੱਗੇ ਚਲੇ ਗਏ।
ਅਮਰਜੀਤ ਨੇ ਜਦੋਂ ਫ਼ਿਰ ਪੁੱਛਿਆ ਕਿ ਇਹ ਕੀ ਹੈ ਤਾਂ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਦੱਸਿਆ ਕਿ ਇਹ ਅੰਬ ਹੈ। ਇਸ ਤੋਂ ਬਾਅਦ ਅਮਰਜੀਤ ਨੇ ਉਨ੍ਹਾਂ ਦਾ ਵਿਰੋਧ ਕੀਤਾ ਕਿ ਇਸ ਨੂੰ ਇੱਥੇ ਨਾ ਸੁੱਟੋ, ਉਹ ਮੋਟਰਸਾਈਕਲ ਸਟਾਰਟ ਕਰਨ ਲੱਗੇ ਤਾਂ ਅਮਰਜੀਤ ਨੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਬੋਰੀ ਚੁੱਕ ਵੀ ਲਈ, ਪਰ ਇਸ ਤੋਂ ਬਾਅਦ ਉਹ ਬੋਰੀ ਦੋਬਾਰਾ ਉੱਥੇ ਹੀ ਸੁੱਟ ਕੇ ਫ਼ਰਾਰ ਹੋ ਗਏ।
ਮੌਕੇ ਦੀ ਜਾਂਚ ਕਰਨ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲ ਆਈ ਕਿ ਬੋਰੀ ‘ਚ ਇੱਕ ਲਾਸ਼ ਪਈ ਹੈ। ਉਨ੍ਹਾਂ ਨੇ ਮੌਕੇ ‘ਤੇ ਆ ਕੇ ਦੇਖਿਆ ਤਾਂ ਡਬਲ ਬੋਰੀ ‘ਚ ਪੂਰੀ ਤਰ੍ਹਾਂ ਮੋੜ ਕੇ ਲਾਸ਼ ਪਾਈ ਹੋਈ ਸੀ। ਉਨ੍ਹਾਂ ਕਿਹਾ ਕਿ ਸਬੂਤ ਵਜੋਂ ਉਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮੁਲਜ਼ਮ ਮੋਟਰਸਾਈਕਲ ਤੋਂ ਲਾਸ਼ ਵਾਲੀ ਬੋਰੀ ਸੁੱਟ ਕੇ ਜਾ ਰਹੇ ਹਨ। ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਤੇ ਨੰਬਰ ਪਲੇਟ ਦੀ ਜਾਂਚ ਕਰਕੇ ਮੁਲਜ਼ਮਾਂ ਦਾ ਐਡਰੈੱਸ ਕੱਢਿਆ ਜਾਵੇਗਾ।