ਯੁੱਧਵੀਰ ਮਾਣਕ ਪੰਜਾਬੀ ਸੰਗੀਤ ਇੰਡਸਟਰੀ ਦਾ ਉਹ ਅਨਮੋਲ ਹੀਰਾ ਹੈ ਜਿਸਨੇ ਛੋਟੀ ਉਮਰੇ ਬਹੁਤ ਵੱਡਾ ਮੁਕਾਮ ਹਾਸਿਲ ਕੀਤਾ। ਵਿਰਸਾਤ ਵਿੱਚ ਮਿਲੀ ਗਾਇਕੀ ਨੂੰ ਚੋਰੀ ਚੋਰੀ ਹੰਢਾਉਣ ਵਾਲਾ ਯੁੱਧਵੀਰ ਪੰਜਾਬੀ ਗਾਇਕੀ ਦਾ ਸਮੁੱਚਾ ਮਾਣਕ ਹੋ ਨਿਬੜਿਆ।ਭਾਵੇਂ ਸ਼ੌਹਰਤ ਉਸਨੂੰ ਬਚਪਨ ਤੋਂ ਹੀ ਪ੍ਰਾਪਤ ਹੋ ਗਈ ਸੀ ਪਰ ਫਿਰ ਵੀ ਉਸਨੇ ਸਾਲ 2000ਦੇ ਦਹਾਕੇ ਵਿੱਚ ਆਈ ਆਪਣੀ ਐਲਬਮ '''''ਬਿੱਲੋ ਮੇਰਾ ਦਿਲ ਲੈ ਗਈ"""" ਦੇ ਵਿਚਲੇ ਗੀਤ '''ਕਾਤਿਲ ਕੋਕਾ""" ਦੇ ਰਾਹੀਂ ਆਪਣੇ ਨਾਂ ਦੀ ਵੱਖਰੀ ਪਹਿਚਾਣ ਬਣਾਈ। ਉਸ ਤੋਂ ਉਪਰੰਤ ਯੁੱਧਵੀਰ ਨੇ ਤੇਰਾ ਦਿਲ ਮੇਰਾ ਦਿਲ,ਤਿੱਖੀ ਤੱਕਣੀ, ਦਿਲ ਧੜਕੇ, ਜਿਗਰੇ ਪੰਜਾਬੀਆਂ ਦੇ ਅਤੇ ਇੱਕ ਧਾਰਮਿਕ ਐਲਬਮ ਕੌਮ ਸਿੰਘਾਂ ਸਰਦਾਰਾਂ ਦੀ ਦੇ ਜਰੀਏ ਆਪਣੇ ਫਨ ਦਾ ਜਬਰਦਸਤ ਮੁਹਜਾਰਾ ਕੀਤਾ।ਯੁੱਧਵੀਰ ਨੇ ਭਾਵੇਂ ਗਿਣਤੀ ਦੀਆਂ ਹੀ ਕੁਝ ਕੈਸਟਾਂ ਮਾਰਕਿਟ ਵਿੱਚ ਦਿੱਤੀਆਂ ਪਰ ਫਿਰ ਵੀ ਉਸਨੇ ਆਪਣੇ ਦੋਗਾਣੇ, ਸਿੰਗਲ ਟਰੈਕ ਅਤੇ ਆਪਣੀ ਆਵਾਜ਼ ਸਦਕੇ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਆਪਣੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਇਆ । ਜਿਵੇਂ ਕਿਹਾ ਜਾਂਦਾ ਹੈ ਕਿ:-''ਬਾਪ ਪਰ ਪੁਤ ਨਸਲ ਪਰ ਘੋੜਾ ਬਹੁਤਾ ਨੀ ਤਾ ਥੋੜਾ ਥੋੜਾ" ਇਸ ਕਹਾਵਤ ਨੂੰ ਯੁੱਧਵੀਰ ਨੇ ਸੱਚ ਕਰ ਦਿਖਾਇਆ ਕਿ ਮਾਣਕ ਸਾਬ ਦਾ ਖੂਨ ਦਾ ਰਿਸਤਾ ਹੋਣ ਕਰਕੇ ਯੁੱਧਵੀਰ ਦੀ ਆਵਾਜ਼ ਮਾਣਕ ਜੀ ਦੀ ਆਵਾਜ਼ ਦਾ ਸੁਮੇਲ ਹੈ।ਕਿਉਂਕਿ ਯੁੱਧਵੀਰ ਦੀ ਰਿਕਾਰਡਿੰਗ ਜਾ ਫਿਰ ਖੁੱਲ੍ਹੇ ਅਖਾੜਿਆਂ ਵਿਚ ਕੀਤੇ ਪ੍ਰਦਰਸ਼ਨ ਦੀ ਆਵਾਜ਼ ਜਦ ਦੂਰ ਕਿਤੇ ਸੁਣਨ ਵਾਲੇ ਰਾਹੀਆਂ ਦੇ ਕੰਨੀ ਪੈਂਦੀ ਹੈ ਤਾਂ ਮਾਣਕ ਦਾ ਭੁੱਲੇਖਾ ਪਾਉਂਦੀ। ਮਾਣਕ ਸਾਬ ਦੇ ਦਰਸਾਏ ਮਾਰਗ ਤੇ ਚੱਲਦਿਆਂ ਯੁੱਧਵੀਰ ਇੰਨਾਂ ਸਫਲ ਹੋ ਗਿਆ ਕਿ ਲੋਕ ਮਹਿਸੂਸ ਕਰਨ ਲੱਗ ਪਏ ਕਿ ਯੁੱਧਵੀਰ ਦੇ ਰੂਪ ਵਿੱਚ ਮੁੜ ਮਾਣਕ ਮਿਲ ਗਿਆ। ਪਰ ਕੁਦਰਤ ਦੇ ਰੰਗਾਂ ਨੂੰ ਕੌਣ ਜਾਣਦਾ ਹੈ,ਬਾਪੂ ਦੇਵ ਥਰੀਕੇ ਦੀ ਲਿਖੀ ਲਿਖਤ "ਹੋਣੀ ਪੁੱਛਕੇ ਵਰਤਦੀ ਨਾ,ਮਾੜਾ ਵਕਤ ਨੀਂ ਪੁੱਛ ਕੇ ਆਉਂਦਾ'' ਉਦੋ ਸੱਚ ਬਣ ਸਾਬਿਤ ਹੋਈ ਜਦੋਂ 31 ਮਾਰਚ 2011 ਦੀ ਕੁਹਲਣੀ ਰਾਤ ਨੂੰ ਯੁੱਧਵੀਰ ਬਰੇਨ ਹੈਮਰ ਦੀ ਭਿਆਨਕ ਬੀਮਾਰੀ ਦੇ ਕਾਰਨ ਆਪਣੀ ਯਾਦਦਾਸ਼ਤ ਗੁਵਾ ਬੈਠਾ।ਮਾਣਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਣ ਟੁੱਟਾ।ਪੁੱਤ ਦੇ ਰੋਗ ਤੋਂ ਚਿੰਤਤ ਮਾਣਕ ਸਾਬ ਆਪ ਨਿਢਾਲ ਹੋ ਗਏ। ਆਪਣੇ ਗੀਤਾਂ ਵਿੱਚ ਰਿਸ਼ਤਿਆਂ ਦੀ ਮਹਿਕ ਖਿਡਾਉਣ ਵਾਲਾ/ਦੁਖੜੇ ਵੰਡਾਉਣ ਵਾਲਾ ਮਾਂ-ਬੋਲੀ ਪੰਜਾਬੀ ਗਾਇਕੀ ਦਾ ਇਹ ਸਰਵਣ ਗਾਇਕ ਆਪਣੇ ਲੱਖਾਂ ਕਰੌੜਾ ਪ੍ਰਸੰਸ਼ਕਾ ਨੂੰ 30 ਨਵੰਬਰ 2011 ਨੂੰ ਬੇਵਕਤੀ ਵਿਛੋੜੇ ਦਾ ਦਰਦ ਦੇ ਕੇ ਸਦਾ ਲਈ ਇਸ ਸੰਸਾਰ ਤੋਂ ਅਲਵਿਦਾ ਆਖ ਗਿਆ। ਮਾਣਕ ਪ੍ਰੇਮੀ, ਹਮਦਰਦ, ਕਲਾਕਾਰ ਭਰਾਵਾਂ ਅਤੇ ਉਸ ਸਮੇਂ ਦੀ ਪੰਜਾਬ ਸਰਕਾਰ ਨੇ ਇਸ ਔਖੀ ਘੜੀ ਵਿਚ ਮਦਦ ਕਰਕੇ ਮਨੁੱਖਤਾ ਦੇ ਫ਼ਰਜ਼ ਨੂੰ ਪਛਾਣਿਆ। ਬਾਪੂ ਦੇਵ ਦੀਆਂ ਲਿਖੀਆਂ ਤੁਕਾਂ '' ਰਹੀਏ ਡਰਕੇ ਰੱਬ ਕੋਲੋਂ ਜਿਹੜਾ ਥਲ ਤੋਂ ਜਲ ਕਰ ਦੇਵੇ, ਸੁੱਕੇ ਹੋਏ ਪੱਤਿਆਂ ਨੂੰ ਪਲ ਵਿੱਚ ਲਾ ਦਿੰਦਾ ਹੈ ਮੇਵੇ " ਇੱਕ ਵਾਰੀ ਫਿਰ ਕੁਦਰਤ ਦਾ ਕ੍ਰਿਸ਼ਮਾ ਬਣ ਕੇ ਸਾਡੇ ਸਾਹਮਣੇ ਆਈਆਂ ਜਦੋਂ ਯੁੱਧਵੀਰ ਦੀ ਵਿਗੜੀ ਸਿਹਤ ਨੇ ਸੁਧਾਰ ਕਰਨਾ ਅਰੰਭਿਆ। ਅੱਜ ਹੋਰ ਕੱਲ੍ਹ ਹੋਰ ਕਰਦਿਆਂ ਦਿਨੋ-ਦਿਨ ਯੁੱਧਵੀਰ ਪੌਂ ਬਾਰਾਂ ਹੋਣ ਲੱਗਾ।ਕੀਤੀਆਂ ਲੱਖਾਂ ਦੁਆਵਾਂ ਸਦਕੇ ਮਾਹਿਰ ਡਾਕਟਰਾਂ ਦੀ ਰਿਪੋਰਟ ਅਨੁਸਾਰ ਯੁੱਧਵੀਰ ਹੁਣ 100% (ਪ੍ਰਤੀਸ਼ਤ) ਠੀਕ-ਠਾਕ ਤੇ ਤੰਦਰੁਸਤ ਹੈ। ਪਿੱਛੇ ਜਿਹੇ ਆਏ ਉਸ ਦੇ ਧਾਰਮਿਕ ਗੀਤ ''ਪੀਰ ਦੇਖਣ ਦੀ ਆਸ" ਰਾਹੀਂ ਲੋਕਾਂ ਦੇ ਮਨਾਂ ਵਿਚ ਫਿਰ ਤੋਂ ਆਸ ਦੀ ਕਿਰਨ ਜਾਗੀ ਹੈ। ਸਾਡੀ ਵਾਹਿਗੁਰੂ ਅੱਗੇ ਇਹੀ ਹੀ ਅਰਦਾਸ ਹੈ ਕਿ ਵਾਹਿਗੁਰੂ ਜੀ ਯੁੱਧਵੀਰ ਤੇ ਅਜਿਹੀ ਕ੍ਰਿਪਾ ਕਰਨ ਕਿ ਉਹ ਸੰਗੀਤਕ ਪ੍ਰੇਮੀਆਂ ਦੀ ਆਸਾਂ ਦੀ ਤੇ ਖ਼ਰਾ ਉਤਰਦਾ ਹੋਇਆ ਇੱਕ ਵਾਰੀ ਫਿਰ ਗਾਇਕੀ ਦੇ ਮੈਦਾਨ ਵਿੱਚ ਮਾਣਕ ਮਾਣਕ ਕਰਾਂ ਦੇ ।
====================
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880