ਬਰਨਾਲਾ, 17 ਅਗਸਤ (ਧਰਮਪਾਲ ਸਿੰਘ, ਬਲਜੀਤ ਕੌਰ): ਸਾਹਿਤ ਸਰਬਰ ਬਰਨਾਲਾ ਵਲੋਂ ਸਥਾਨਕ ਚਿੰਟੂ ਪਾਰਕ ਵਿਖੇ ਲੇਖਕ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਦੀ ਸੱਤਵੀਂ ਪੁਸਤਕ ‘ਵਿੱਦਿਆ ਦੇ ਧਾਮ’ ਦਾ ਰੀਲੀਜ਼ ਸਮਾਗਮ ਕੀਤਾ ਗਿਆ। ਪੁਸਤਕ ਨੂੰ ਰੀਲੀਜ ਕਰਨ ਦੀ ਰਸਮ ਭਾਰਤੀ ਸਹਿਤ ਅਕੈਡਮੀ ਦਿੱਲੀ ਦੇ ਗਰਵਨਰ ਕੌਂਸਲ ਮੈਂਬਰ ਤੇ ਪੰਜਾਬੀ ਦੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਤੇ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਸਾਂਝੇ ਤੌਰ ’ਤੇ ਅਦਾ ਕੀਤੀ। ਇਸ ਮੌਕੇ ਬੂਟਾ ਸਿੰਘ ਚੌਹਾਨ ਨੇ ਬੋਲਦਿਆਂ ਕਿਹਾ ਕਿ ਯਾਦਵਿੰਦਰ ਸਿੰਘ ਭੁੱਲਰ ਵਾਰਤਕ ਵੀ ਲਿਖਦਾ ਹੈ, ਗੀਤ ਤੇ ਨਾਵਲ ਵੀ ਲਿਖਦਾ ਹੈ। ਉਸ ਦੀ ਸ਼ੁਰੂਆਤ ਭਾਵੇਂ ਵਾਰਤਕ ਲਿਖਣ ਤੋਂ ਹੋਈ ਫਿਰ ਉਹ ਗੀਤ ਲਿਖਣ ਲੱਗਿਆ ਤੇ ਉਸ ਦੇ ਗੀਤ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਗਾਏ ਹਨ। ਜਲੰਧਰ ਦੂਰਦਰਸ਼ਨ ’ਤੇ ਉਸ ਦੇ ਲਿਖੇ ਕਈ ਪੰਜਾਬੀ ਨਾਟਕ ਟੈਲੀਕਾਸ਼ਟ ਹੋ ਚੁੱਕੇ ਹਨ। ਉਸ ਦੁਆਰਾ ਲਿਖਿਆ ਤੇ ਨਿਰਮਾਣ ਕੀਤੀਆਂ ਟੈਲੀਫਿਲਮਾਂ ਵੀ ਰੀਲੀਜ਼ ਹੋਈਆਂ ਹਨ। ਇਸ ਮੌਕੇ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਯਾਦਵਿੰਦਰ ਸਿੰਘ ਭੁੱਲਰ ਨੇ ਯਾਤਰਾ ਸ੍ਰੀ ਹੇਮਕੁੰਡ ਸਾਹਿਬ ਤੇ ਯਾਤਰਾ ਸ੍ਰੀ ਹਜੂਰ ਸਾਹਿਬ ਦੋ ਸਫ਼ਰਨਾਮੇ ਲਿਖੇ ਹਨ। ‘ਚੁੱਪਾਂ ਤਿੜਕ ਪਈਆਂ’ ਉਸ ਦਾ ਗੀਤ ਸੰਗ੍ਰਹਿ ਹੈ। ‘ਬਾਲ ਵੰਡਣ ਖੁਸ਼ਬੋਆਂ’ ਉਸ ਦੀ ਬਾਲ ਪੁਸਤਕ ਹੈ। ‘ਜਿੰਦ ਦੇਸ ਦੇ ਲੇਖੇ’ ਉਸ ਦਾ ਇੱਕ ਇਤਿਹਾਸਕ ਦਸਤਾਵੇਜ ਹੈ। ਨਾਵਲ ‘ਮਨਹੁ ਕੁਸੁਧਾ ਕਾਲੀਆ’ ਉਸ ਦਾ ਚਰਚਿਤ ਨਾਵਲ ਹੈ। ਉਸ ਦੀ ਸੱਤਵੀਂ ਪੁਸਤਕ ‘ਵਿੱਦਿਆ ਦਾ ਧਾਮ’ ਵੀ ਇੱਕ ਵਿੱਦਿਅਕ ਅਦਾਰਿਆਂ ’ਤੇ ਲਿਖੇ ਲੇਖ ਇੱਕ ਸਾਂਭਣ ਯੋਗ ਦਸਤਾਵੇਜ ਹੈ। ਸਾਇਰ ਤਰਸੇਮ ਨੇ ਕਿਹਾ ਕਿ ਯਾਦਵਿੰਦਰ ਸਿੰਘ ਭੁੱਲਰ ਲੇਖਕ ਤੇ ਪੱਤਰਕਾਰਤਾ ਦੇ ਖੇਤਰ ’ਚ ਜਾਣਿਆ ਪਹਿਚਾਣਿਆ ਨਾਮ ਹੈ। ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਲੇਖਕ ਭੁੱਲਰ ਨੇ ਬਰਨਾਲਾ ਇਲਾਕੇ ’ਚ ਪੱਤਰਕਾਰੀ ਮਿਆਰ ਨੂੰ ਉੱਚਾ ਚੁੱਕਿਆ ਹੈ। ਇਸ ਮੌਕੇ ਲੇਖਕ ਯਾਦਵਿੰਦਰ ਸਿੰਘ ਭੁੱਲਰ ਨੇ ਆਏ ਹੋਏ ਇਸ ਸਮਾਗਮ ’ਚ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਸਾਹਿਤ ਲਿਖਣਾ ਸੌਂਕ ਨਹੀਂ ਸਗੋਂ ਮੇਰੇ ਜੀਵਨ ਦੀ ਲੋੜ ਹੈ ਤੇ ਸਮੇਂ ਸਮੇਂ ਸਿਰ ਮੇਰੀਆਂ ਪੁਸਤਕਾਂ ਛਪਦੀਆਂ ਰਹੀਆਂ ਹਨ ਤੇ ਮੈਂ ਅੱਗੇ ਤੋਂ ਵੀ ਨਿਰੰਤਰ ਲਿਖਣਾ ਜਾਰੀ ਰੱਖਾਂਗਾ। ਇਸ ਮੌਕੇ ਭਾਰਤੀ ਸਹਿਤ ਅਕੈਡਮੀ ਦਿੱਲੀ ਦੇ ਗਰਵਨਰ ਕੌਂਸਲ ਮੈਂਬਰ ਤੇ ਪੰਜਾਬੀ ਦੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਤੇ ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਸ਼ਾਇਰ ਤਰਸੇਮ ਤੇ ਕਹਾਣੀਕਾਰ ਪਵਨ ਪਰਿੰਦਾ, ਗਾਇਕ ਤੇ ਲੇਖਕ ਡਾ. ਅਮਨਦੀਪ ਸਿੰਘ ਟੱਲੇਵਾਲੀਆ, ਕਹਾਣੀਕਾਰ ਦਰਸ਼ਨ ਸਿੰਘ ਗੁਰੂ, ਇਕਬਾਲ ਕੌਰ ਉਦਾਸੀ, ਰਘਵੀਰ ਸਿੰਘ ਕੱਟੂ, ਪਾਲ ਸਿੰਘ ਲਹਿਰੀ, ਮਾਲਵਿੰਦਰ ਸ਼ਾਇਰ, ਲਛਮਣ ਦਾਸ ਮੁਸਾਫਿਰ, ਹਾਣੀ ਮੈਗਜੀਨ ਦੇ ਸੰਪਾਦਕ ਗੋਰਾ ਸੰਧੁ, ਬੀਆਰ ਗ੍ਰਾਫਿਕਸ ਤੋਂ ਗੁਰਵਿੰਦਰ ਰੁਪਾਲ, ਨਵਦੀਪ ਸੇਖਾ, ਪਾਲ ਸਿੰਘ ਲਹਿਰੀ, ਮੇਜਰ ਸਿੰਘ ਸਹੌਰ ਆਦਿ ਲੇਖਕ ਹਾਜ਼ਰ ਸਨ।