ਪੰਜਾਬੀ ਸੰਗੀਤ ਜਗਤ ਵਿਚ ਬੀਡੀਸੀ ਪੰਜਾਬੀ ਦੇ ਸੰਪਾਦਕ ਤੇ ਗੀਤਕਾਰ ਬਿੱਟੂ ਖੰਗੂੜਾ ਜੀ ਨੇ ਹਾਲ ਹੀ ਵਿੱਚ ਆਪਣਾ ਪਲੇਠਾ ਗੀਤ 'ਲੰਡਨ ਦੀ ਜੁਗਨੀ' ਸਰੋਤਿਆ ਦੀ ਝੋਲੀ ਪਾਇਆ । ਜਿਸ ਨੂੰ ਇੱਕ ਸ਼ਾਨਦਾਰ ਸਮਾਰੋਹ ਵਿੱਚ ਲੋਕ ਅਰਪਣ ਕੀਤਾ ਗਿਆ। ਇਹ ਗੀਤ ਪ੍ਰਵਾਸੀਆਂ, ਖਾਸ ਕਰਕੇ ਵਿਦੇਸ਼ਾਂ ਵਿੱਚ ਪੜ੍ਹਨ ਵਾਲੀਆਂ ਪੰਜਾਬੀ ਕੁੜੀਆਂ ਦੇ ਦਰਦ ਅਤੇ ਸੰਘਰਸ਼ਾਂ ਦੀ ਭਾਵੁਕ ਪੇਸ਼ਕਾਰੀ ਨੂੰ ਬਿਆਨਦਾ ਹੈ ।
ਇਸ ਗੀਤ ਦੇ ਬਿੱਟੂ ਖੰਗੂੜਾ ਜੀ ਖੁਦ ਪ੍ਰੋਡਿਊਸਰ ਅਤੇ ਡਾਇਰੈਕਟਰ ਹਨ । ਇਸ ਦੇ ਸਿੱਧੇ-ਸਾਦੇ ਬੋਲ ਪੰਜਾਬੀ ਸੱਭਿਆਚਾਰ ਦੀ ਖੂਬਸੂਰਤੀ ਨੂੰ ਪੇਸ਼ ਕਰਦੇ ਹਨ। 'ਲੰਡਨ ਦੀ ਜੁਗਨੀ' ਇੱਕ ਅਜਿਹੀ ਪੰਜਾਬੀ ਕੁੜੀ ਦੀ ਕਹਾਣੀ ਹੈ ਜੋ ਸਟੂਡੈਂਟ ਵੀਜ਼ੇ 'ਤੇ ਯੂਕੇ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਉਂਦੀ ਹੈ। ਗੀਤ ਵਿੱਚ ਉਸਦੇ ਸੁਪਨਿਆਂ ਅਤੇ ਕਠੋਰ ਹਕੀਕਤ ਦੇ ਟਕਰਾਅ, ਰੋਜ਼ਾਨਾ ਦੀਆਂ ਮੁਸ਼ਕਲਾਂ, ਘਰ ਤੋਂ ਦੂਰ ਰਹਿਣ ਦਾ ਦਰਦ, ਮਾਨਸਿਕ ਤਣਾਅ ਅਤੇ ਭਾਵੁਕ ਹੇਰਵੇ ਨੂੰ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ।
ਦਿਲ ਨੂੰ ਛੂਹ ਲੈਣ ਵਾਲੇ ਗੀਤ ਨੂੰ ਚਰਚਿਤ ਲੋਕ ਗਾਇਕਾ ਸੂਫੀ ਹੁਸੈਨ ਸਿਸਟਰਜ਼ ਨੇ ਆਪਣੀ ਮਨਮੋਹਕ ਅਤੇ ਸੁਰੀਲੀ ਆਵਾਜ਼ ਦੇ ਚਾਰ ਚੰਨ ਲਾਏ ਹਨ । 'ਬਾਬਾ ਸਾਈਟਰਸ' ਮਿਊਜ਼ਿਕ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਸੰਗੀਤ ਗੀਤ ਦੇ ਭਾਵਾਂ ਨੂੰ ਹੋਰ ਵੀ ਡੂੰਘਾਈ ਦਿੰਦਾ ਹੈ। ਇਸ ਗੀਤ ਦੇ ਫਿਲਮਾਂਕਣ ਵਿੱਚ ਮਾਣਮੱਤੀ ਅਦਾਕਾਰਾ ਜੋਤੀ ਸ਼ਰਮਾ ਨੇ ਮੁੱਖ ਭੂਮਿਕਾ ਨਿਭਾ ਕੇ ਕਿਰਦਾਰ ਨਾਲ ਪੂਰਾ ਪੂਰਾ ਇਨਸਾਫ ਕੀਤਾ ਹੈ। ਗੀਤ ਦੇ ਡੀ.ਓ.ਪੀ. 'ਜੇ ਪਾਲ' ਹਨ ਅਤੇ ਮੇਕਅਪ 'ਰੂਪੀ' ਨੇ ਕੀਤਾ ਹੈ।
ਇਸ ਗੀਤ ਦੀ ਘੁੰਡ ਚੁਕਾਈ ਦੇ ਸਮਾਗਮ ਦੇ ਮੁੱਖ ਮਹਿਮਾਨ ਵਜੋ ਈਲਿੰਗ ਦੀ ਡਿਪਟੀ ਮੇਅਰ, ਕੌਂਸਲਰ ਫਦੂਮਾ ਮੁਹੰਮਦ ਨੇ ਨਿਭਾਈ। ਇਹ ਗੀਤ ਵਿਦੇਸ਼ਾਂ ਵਿੱਚ ਰਹਿਣ ਵਾਲੀਆਂ ਉਨ੍ਹਾਂ ਸਾਰੀਆਂ ਪੰਜਾਬਣ ਮੁਟਿਆਰਾਂ ਦੀਆਂ ਭਾਵਨਾਵਾਂ ਨਾਲ ਜੁੜੇਗਾ, ਜੋ ਆਪਣੇ ਘਰਾਂ ਨੂੰ ਛੱਡ ਕੇ ਵਿਦਿਆਰਥੀ ਵੀਜ਼ੇ 'ਤੇ ਆਈਆਂ ਹਨ। ਇਹ ਗੀਤ ਨਾ ਸਿਰਫ਼ ਉਨ੍ਹਾਂ ਦੇ ਦਿਲ ਦੀ ਗੱਲ ਕਹੇਗਾ, ਬਲਕਿ ਇਹ ਉਨ੍ਹਾਂ ਦੇ ਸੰਘਰਸ਼ਾਂ ਅਤੇ ਜਜ਼ਬਾਤਾਂ ਨੂੰ ਵੀ ਦਰਸਾਏਗਾ। ਇਹ ਬੀਡੀਸੀ ਪੰਜਾਬੀ ਵੱਲੋਂ ਪੰਜਾਬੀ ਸੰਗੀਤ ਜਗਤ ਨੂੰ ਇੱਕ ਬਹੁਤ ਹੀ ਅਰਥਪੂਰਨ ਅਤੇ ਮਹੱਤਵਪੂਰਨ ਤੋਹਫ਼ਾ ਹੈ।
ਸ਼ਿਵਨਾਥ ਦਰਦੀ ਫ਼ਰੀਦਕੋਟ
ਸੰਪਰਕ:- 9855155392