ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਨੂੰ ਨਾਂਦੇੜ-ਮੁੰਬਈ ਵੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ । ਮੁੱਖ ਮੰਤਰੀ ਨੇ ਮੁੰਬਈ ਵਿੱਚ ਰਾਜ ਸਕੱਤਰੇਤ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਦੋਂ ਕਿ ਨਾਂਦੇੜ ਰੇਲਵੇ ਸਟੇਸ਼ਨ ‘ਤੇ ਇੱਕ ਰਸਮੀ ਪ੍ਰੋਗਰਾਮ ਕੀਤਾ ਗਿਆ।ਸਿੱਖਾਂ ਲਈ ਇਕ ਪ੍ਰਮੁੱਖ ਤੀਰਥ ਸਥਾਨ ਵਜੋਂ ਨਾਂਦੇੜ ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਫੜਨਵੀਸ ਨੇ ਕਿਹਾ ਕਿ ਨਵੀਂ ਸੇਵਾ ਸ਼ਰਧਾਲੂਆਂ ਅਤੇ ਹੋਰ ਯਾਤਰੀਆਂ ਨੂੰ ਤੇਜ਼, ਆਰਾਮਦਾਇਕ ਅਤੇ ਸੁਰੱਖਿਅਤ ਯਾਤਰਾ ਪ੍ਰਦਾਨ ਕਰੇਗੀ। ਰੇਲਵੇ ਅਧਿਕਾਰੀਆਂ ਅਨੁਸਾਰ ਇਹ ਰੇਲ ਗੱਡੀ ਨਾਂਦੇੜ ਅਤੇ ਮੁੰਬਈ ਵਿਚਕਾਰ ਯਾਤਰਾ ਦੇ ਸਮੇਂ ਨੂੰ ਹੋਰ ਰੇਲ ਗੱਡੀਆਂ ਦੇ ਮੁਕਾਬਲੇ ਲਗਭਗ ਦੋ ਘੰਟੇ ਘਟਾ ਦੇਵੇਗੀ। ਵੰਦੇ ਭਾਰਤ ਐਕਸਪ੍ਰੈਸ ਰੇਲਵੇ ਨੰਬਰ 20705 ਰੋਜ਼ਾਨਾ ਸਵੇਰੇ 05:00 ਵਜੇ ਸ੍ਰੀ ਹਜ਼ੂਰ ਸਾਹਿਬ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ ਅਤੇ ਦਪਹਿਰ 02:25 ਵਜੇ ਸ੍ਰੀ ਛਤਰਪਤੀ ਸ਼ਿਵਾਜੀ ਟਰਮੀਨਲ, ਮੁੰਬਈ ਪੁੱਜੇਗੀ, ਰੇਲਵੇ ਨੰਬਰ 20706 ਰੋਜ਼ਾਨਾ ਮੁੰਬਈ ਤੋਂ ਦਪਹਿਰ 01:10 ਵੱਜੇ ਰਵਾਨਾ ਹੋਵੇਗੀ ਅਤੇ ਰਾਤ 10:50 ਵਜੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਰੇਲਵੇ ਸਟੇਸ਼ਨ ਪੁੱਜੇਗੀ।