ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਤੋਂ ਪਰੋਲ ਮਿਲਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਤੇ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਗਹਿਰੀ ਚਿੰਤਾ ਜਤਾਈ ਹੈ।
ਸਿੱਖ ਬੁਧੀਜੀਵੀਆਂ ਨੇ ਨੇ ਸਰਕਾਰਾਂ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਜਦਕਿ ਸਰਕਾਰਾਂ ਵੱਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਮਨਾਇਆ ਜਾ ਰਿਹਾ ਹੈ, ਉੱਥੇ ਹੀ ਬੰਦੀ ਸਿੰਘ ਅਜੇ ਵੀ ਜੇਲਾਂ ਵਿੱਚ ਬੰਦ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਜੋ ਜੇਲ ਵਿੱਚ ਹੋਣ ਦੇ ਬਾਵਜੂਦ ਵਾਰ-ਵਾਰ ਪੈਰੋਲ ‘ਤੇ ਬਾਹਰ ਆ ਰਿਹਾ ਹੈ, ਪਰ ਸਾਡੇ ਵਿਰਾਸਤੀ ਸਿੰਘ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਉਹ ਅਜੇ ਵੀ ਕੈਦ ਵਿੱਚ ਹਨ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨੀ ਤਰੀਕਿਆਂ ਦੀ ਹਮਦਰਦੀ ਨਹੀਂ, ਸਗੋਂ ਇੱਕ ਵਿਸ਼ੇਸ਼ ਵਿਅਕਤੀ ਵਾਸਤੇ ਕਾਨੂੰਨ ਨੂੰ ਝੁਕਾ ਕੇ ਵਰਤਣ ਵਾਲਾ ਰਵੱਈਆ ਹੈ। ਬੰਦੀ ਸਿੰਘਾਂ ਦੀ ਮਾਮਲੇ ਵਿੱਚ ਹਮੇਸ਼ਾ ਕਾਨੂੰਨ ਦੀਆਂ ਵਿਵਸਥਾਵਾਂ ਦੱਸੀਆਂ ਜਾਂਦੀਆਂ ਹਨ, ਪਰ ਜੇਕਰ ਚਾਹੁੰਦੇ ਤਾਂ ਇਨ੍ਹਾਂ ਲਈ ਵੀ ਕਾਨੂੰਨ ਬਣਾਇਆ ਜਾ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਬੰਦੀ ਸਿੰਘਾਂ ਨੂੰ ਮਿਲ ਕੇ ਅਕਸਰ ਇਹ ਗੱਲ ਸੁਣਦੇ ਹਨ ਕਿ “ਸਾਡੀ ਵੀ ਅਰਜ਼ੀ ਲਗਾਈ ਜਾਵੇ”, ਪਰ ਕਾਨੂੰਨ ਸਿਰਫ਼ ਉਨ੍ਹਾਂ ਲਈ ਹੀ ਅੜਚਣ ਬਣ ਕੇ ਖੜਾ ਕੀਤਾ ਗਿਆ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹ ਦੋਹਰਾ ਮਾਪਦੰਡ ਖਤਮ ਕਰਕੇ ਸਾਰੇ ਲਈ ਇੱਕੋ ਜਿਹਾ ਕਾਨੂੰਨ ਲਾਗੂ ਕੀਤਾ ਜਾਵੇ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਸਿੱਖ ਕੌਮ ਦੇ ਬੰਦੀ ਸਿੰਘ ਜੋ ਕਿ ਦਹਾਕਿਆਂ ਤੋਂ ਜੇਲਾਂ ਵਿੱਚ ਬੰਦ ਹਨ, ਉਨ੍ਹਾਂ ਦੀ ਰਿਹਾਈ ਲਈ ਅਜੇ ਵੀ ਸਿਰਫ਼ ਵਾਅਦੇ ਹੀ ਕੀਤੇ ਜਾ ਰਹੇ ਹਨ। ਦੂਜੇ ਪਾਸੇ ਗੁਰਮੀਤ ਰਾਮ ਰਹੀਮ ਵਰਗੇ ਅਪਰਾਧੀ, ਜੋ ਕਿ ਸਜ਼ਾ ਭੋਗ ਰਿਹਾ ਹੈ, ਉਨ੍ਹਾਂ ਨੂੰ ਪਰੋਲ ਦੇ ਕੇ ਵਾਰ-ਵਾਰ ਬਾਹਰ ਲਿਆਂਦਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸਿੱਧਾ ਸਿੱਖਾਂ ਨੂੰ ਦੂਜੇ ਜਾਂ ਤੀਜੇ ਦਰਜੇ ਦੇ ਸ਼ਹਿਰੀ ਬਣਾਉਣ ਦੀ ਕੋਸ਼ਿਸ਼ ਹੈ। ਇਹ ਸਿਰਫ਼ ਸਿਆਸੀ ਲਾਭ ਲਈ ਕੀਤਾ ਜਾ ਰਿਹਾ ਹੈ ਅਤੇ ਸਿੱਖ ਕੌਮ ਦੇ ਮਨ ਨੂੰ ਠੇਸ ਪਹੁੰਚਾਉਣ ਵਾਲਾ ਇਹ ਰਵੱਈਆ ਬਹੁਤ ਹੀ ਚਿੰਤਾਜਨਕ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜਿਹੜੇ ਸਿੱਖ ਬੰਦੀ ਸਿੰਘ ਦਹਾਕਿਆਂ ਤੋਂ ਜੇਲਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਜੇ ਇਹ ਧਿਰ-ਵਿਸ਼ੇਸ਼ ਤੇ ਆਧਾਰਿਤ ਫੈਸਲੇ ਜਾਰੀ ਰਹੇ ਤਾਂ ਸਿੱਖ ਕੌਮ ਦੇ ਮਨ ਵਿੱਚ ਹੱਕਾਂ ਦੀ ਲੜਾਈ ਵਧਦੀ ਰਹੇਗੀ।