ਪੰਜਾਬ ਦੇ ਸਨੌਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ ‘ਚੋਂ ਫ਼ਰਾਰ ਹੋ ਗਏ ਹਨ। ਉਨ੍ਹਾਂ ਨੂੰ ਪੁਲਿਸ ਨੇ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਕੇ ਆ ਰਹੀ ਸੀ। ਇਲਜ਼ਾਮ ਹੈ ਕਿ ਇਸ ਦੌਰਾਨ ਪਠਾਣਮਾਜਰਾ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੁਲਿਸ ਮੁਲਾਜ਼ਮ ਤੇ ਫਾਇਰਿੰਗ ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਮੁਲਾਜ਼ਮ ਜ਼ਖ਼ਮੀ ਹੋ ਗਿਆ।
ਪਠਾਣਮਾਜਰਾ ਤੇ ਉਨ੍ਹਾਂ ਦੇ ਸਾਥੀ ਸਕਾਰਪੀਓ ਤੇ ਇੱਕ ਫਾਰਚੂਨਰ ਕਾਰ ‘ਚ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਫਾਰਚੂਨਰ ਕਾਰ ਨੂੰ ਫੜ੍ਹ ਲਿਆ, ਜਦਕਿ ਪੁਲਿਸ ਸਕਾਰਪੀਓ ਕਾਰ ‘ਚ ਫ਼ਰਾਰ ਵਿਧਾਇਕ ਦੀ ਭਾਲ ਕਰ ਰਹੀ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਵਿਧਾਇਕ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਈਪੀਸੀ ਧਾਰਾ 376 ਤਹਿਤ ਨਜਾਇਜ਼ ਕੇਸ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਪਠਾਣਮਾਜਰਾ ਇਸ ਤੋਂ ਪਹਿਲਾਂ ਵੀ ਚਰਚਾ ‘ਚ ਰਹਿ ਚੁੱਕੇ ਹਨ। 2022 ‘ਚ ਉਨ੍ਹਾਂ ਦੀ ਦੂਸਰੀ ਪਤਨੀ ਦਾ ਦਾਅਵਾ ਕਰਨ ਵਾਲੀ ਗੁਰਪ੍ਰੀਤ ਕੌਰ ਨੇ ਪਹਿਲੇ ਵਿਆਹ ਨੂੰ ਲੁਕਾਉਣ ਤੇ ਕੁੱਟਮਾਰ ਦਾ ਇਲਜ਼ਾਮ ਲਗਾਇਆ ਸੀ। ਇਸ ਤੋਂ ਇਲਾਵਾ, ਇੱਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਉਹ ਚਰਚਾ ‘ਚ ਰਹੇ ਸਨ।
ਹਰਮੀਤ ਸਿੰਘ ਪਠਾਣਮਾਜਰਾ ਦੇ ਵਕੀਲ ਬਿਕਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ 1 ਸਤੰਬਰ 2025 ਨੂੰ ਪਟਿਆਲਾ ਪੁਲਿਸ ਨੇ ਵਿਧਾਇਕ ‘ਤੇ ਕੇਸ ਦਰਜ ਕੀਤਾ ਸੀ। ਇਹ ਕੇਸ ਜ਼ੀਰਕਪੁਰ ਦੀ ਇੱਕ ਮਹਿਲਾ ਦੀ ਸ਼ਿਕਾਇਤ ‘ਤੇ ਹੋਇਆ, ਜਿਸ ਨੇ ਦਾਅਵਾ ਕੀਤਾ ਹੈ ਕਿ ਉਹ ਪਠਾਣਮਾਜਰਾ ਨਾਲ 2013-14 ‘ਚ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ ਤੇ 2021 ‘ਚ ਉਨ੍ਹਾਂ ਨੇ ਕਰਵਾ ਲਿਆ। ਵਕੀਲ ਨੇ ਅੱਗੇ ਦੱਸਿਆ ਕਿ ਪਠਾਣਮਾਜਰਾ ਨੂੰ ਸਨੌਰ ਤੋਂ ਚੋਣ ਲੜ੍ਹਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ ਪਹਿਲਾ ਨੇ ਹਾਈਕੋਰਟ ‘ਚ ਅਰਜੀ ਦਿੱਤੀ ਤੇ ਕੋਰਟ ਨੇ 2024 ‘ਚ ਰੋਪੜ ਪੁਲਿਸ ਨੇ ਮਾਮਲੇ ਦੀ ਜਾਂਚ ਕਰਵਾਉਣ ਲਈ ਕਿਹਾ। ਵਕੀਲ ਨੇ ਦੱਸਿਆ ਕਿ ਮਹਿਲਾ ਖ਼ਿਲਾਫ਼ 4-5 ਆਈਟੀ ਐਕਟ ਤਹਿਤ ਕੇਸ ਦਰਜ ਹਨ ਤੇ ਉਹ ਜੇਲ੍ਹ ਵੀ ਜਾ ਚੁੱਕੀ ਹੈ।