-ਸਿਵਲ ਸਰਜਨ ਦਫ਼ਤਰ ਬਰਨਾਲਾ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਤਬਦੀਲ ਕੀਤਾ ਜਾਵੇ-ਸੋਹਣ ਸਿੰਘ ਮਾਝੀ
ਬਰਨਾਲਾ 2 ਸਤੰਬਰ (ਧਰਮਪਾਲ ਸਿੰਘ): ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਵੱਲੋਂ ਸਿਵਲ ਹਸਪਤਾਲ ਪਾਰਕ ਨੂੰ ਬਚਾਉਣ ਅਤੇ ਸਿਵਲ ਸਰਜਨ ਦਫ਼ਤਰ ਬਰਨਾਲਾ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰਾਖਵੀਂ ਥਾਂ ਤੇ ਤਬਦੀਲ ਕਰਨ ਸਬੰਧੀ ਮੰਗ ਪੱਤਰ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਦਿੱਤਾ ਗਿਆ। ਮੰਗ ਪੱਤਰ ਦੇਣ ਸਮੇਂ ਸੋਹਣ ਸਿੰਘ ਮਾਝੀ, ਨਰਾਇਣ ਦੱਤ, ਕਮਲਦੀਪ ਸਿੰਘ, ਬਲਵੰਤ ਸਿੰਘ, ਗੁਰਪ੍ਰੀਤ ਸਿੰਘ ਰੂੜੇਕੇ ਨੇ ਦੱਸਿਆ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਪਾਰਕ ਦੀ ਲੋੜ, ਵਾਤਾਵਰਣ ਅਤੇ ਹਰਿਆਲੀ ਨੂੰ ਮੁੱਖ ਰੱਖਦਿਆਂ ਬਣਾਏ ਜਾਣ ਵਾਲੇ ਫੈਸਿਲੀਟੇਸਨ ਸੈਂਟਰ(ਸੁਵਿਧਾ ਸੈਂਟਰ)ਦੇ ਬਦਲਵੇਂ ਪ੍ਰਬੰਧ ਹਸਪਤਾਲ ਵਿੱਚ ਹੀ ਮੌਜੂਦ ਢੁੱਕਵੇਂ ਥਾਂ ਤੇ ਪ੍ਰਬੰਧ ਕੀਤੇ ਜਾਣ। ਕਮੇਟੀ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪੱਧਰੀ ਹਸਪਤਾਲ ਵਿੱਚ ਮਰੀਜ਼ਾਂ ਅਤੇ ਵਾਰਸਾਂ ਲਈ ਸਿਰਫ਼ ਇੱਕ ਹੀ ਪਬਲਿਕ ਪਾਰਕ ਹੈ । ਇਸ ਤੋਂ ਪਹਿਲਾਂ ਸਿਵਲ ਹਸਪਤਾਲ ਵਿੱਚ ਤਿੰਨ ਪਾਰਕ ਹੋਇਆ ਕਰਦੇ ਸਨ। ਹੁਣ ਰਹਿੰਦੇ ਇੱਕੋ ਇੱਕ ਪਾਰਕ ਨੂੰ ਵੀ ਖ਼ਤਮ ਕਰਨ 'ਤੇ ਪ੍ਰਸ਼ਾਸਨ ਤੁਲਿਆ ਹੋਇਆ ਹੈ। ਜਦਕਿ ਪ੍ਰਸ਼ਾਸਨ ਨੂੰ ਇਸ ਦੇ ਬਦਲਵੇਂ ਪ੍ਰਬੰਧ ਵਜੋਂ ਪੁਰਾਣੀ ਲੈਬੋਰਟਰੀ ਵਾਲੀ ਅਸੁਰੱਖਿਅਤ ਖ਼ਾਲੀ ਪਈ ਲੈਬਾਰਟਰੀ ਵਾਲੀ ਥਾਂ 'ਤੇ ਸੁਵਿਧਾ ਕੇਂਦਰ ਬਨਾਉਣ ਦਾ ਸੁਝਾਅ ਵੀ ਦਿੱਤਾ ਦਿੱਤਾ ਗਿਆ ਹੈ। ਇਸ ਥਾਂ ਤੇ ਸੁਵਿਧਾ ਕੇਂਦਰ ਬਨਾਉਣ ਨਾਲ ਮਰੀਜ਼ਾਂ ਨੂੰ ਪੂਰੀ ਸੁਵਿਧਾ ਵੀ ਮਿਲੇਗੀ। ਆਗੂਆਂ ਕਿਹਾ ਸਿਵਲ ਸਰਜਨ ਦਫ਼ਤਰ ਬਰਨਾਲਾ ਵੱਲੋਂ ਜੱਚਾ ਬੱਚਾ ਹਸਪਤਾਲ ਦੀ ਬਿਲਡਿੰਗ ਦਾ ਵੱਡਾ ਹਿੱਸਾ ਆਪਣੇ ਦਫ਼ਤਰ ਲਈ ਵਰਤਿਆ ਜਾ ਰਿਹਾ ਹੈ ਜਦ ਕਿ ਜਣੇਪੇ ਲਈ ਆਈਆਂ ਔਰਤਾਂ ਨੂੰ ਲੋੜੀਂਦੇ ਬੈਡ ਵੀ ਉਪਲਬਧ ਨਹੀਂ। ਸਿਵਲ ਸਰਜਨ ਦਫ਼ਤਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰਾਖਵੀਂ ਥਾਂ ਤੇ ਤਬਦੀਲ ਕਰਨ ਨਾਲ ਮਰੀਜ਼ਾਂ ਨੂੰ ਸਹੂਲਤ ਮਿਲ ਸਕੇਗੀ। ਆਗੂਆਂ ਨੇ ਇਸ ਮਾਮਲੇ ਸਬੰਧੀ ਪਾਰਲੀਮੈਂਟ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਵੀ ਵਟਸਐਪ ਰਾਹੀਂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਰਾਹੀਂ ਮੰਗ ਪੱਤਰ ਸੌਂਪਿਆ ਗਿਆ ਸੀ। ਅਫਸੋਸ ਇਸ ਗੱਲ ਦਾ ਕਿ ਮੈਂਬਰ ਪਾਰਲੀਮੈਂਟ ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਤਾਜ਼ ਕਿਸੇ ਹੋਰ ਦੇ ਸਿਰ ਰੱਖਣ ਵਿੱਚ ਮਸਰੂਫ ਰਿਹਾ। ਆਗੂਆਂ ਨੇ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਪਾਰਕ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤ ਕਰਨ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੂੰ ਇਸ 'ਤੇ ਤੁਰੰਤ ਧਿਆਨ ਦੇਕੇ ਮਰੀਜ਼ਾਂ, ਵਾਰਸਾਂ ਲਈ ਬਣੇ ਇਕੱਲੇ ਪਾਰਕ ਨੂੰ ਬਰਕਰਾਰ ਰੱਖਣ ਦੀ ਮੰਗ ਕੀਤੀ ਹੈ। ਆਗੂਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਨਤਕ ਜਮਹੂਰੀ ਜਥੇਬੰਦੀਆਂ, ਸ਼ਹਿਰੀ ਸੰਸਥਾਵਾਂ, ਮਿਉਂਸਪਲ ਕੌਂਸਲਰਾਂ ਨਾਲ ਵੀ ਇਸ ਲੋਕ ਮਸਲੇ ਸਬੰਧੀ ਵਿਚਾਰ ਚਰਚਾ ਕਰਕੇ ਸਮਰਥਨ ਜੁਟਾਇਆ ਜਾਵੇਗਾ।