ਇੱਕ ਵਾਰ ਦੀ ਗੱਲ ਹੈ ਇੱਕ ਮੁੰਡਾ ਬਹੁਤ ਚਲਾਕ ਅਤੇ ਕੰਮਚੋਰ ਸੀ। ਉਹ ਵੇਹਲਾ ਜਿਹਾ ਆਪ ਕੋਈ ਕੰਮ ਨਹੀਂ ਕਰਦਾ ਪਰ ਚਲਾਕੀ ਅਤੇ ਚਾਪਲੂਸੀ ਨਾਲ ਆਪਣੇ ਬਾਪੂ ਕੋਲੋਂ ਸਾਰੇ ਕੰਮ ਕਰਵਾਈ ਜਾਂਦਾ ਸੀ। ਬਾਪੂ ਵਿਚਾਰਾ ਉਸ ਤੋਂ ਅੱਕਿਆ ਪਿਆ ਸੀ ਪਰ ਉਹ ਇਕਲੌਤਾ ਪੁੱਤ ਸੀ ਤੇ ਉਸਦੀ ਮਾਤਾ ਵੀ ਗੁਜਰ ਗਈ ਸੀ। ਇਸ ਲਈ ਬਾਪੂ ਉਸਦੀਆਂ ਗੱਲਾਂ ਮੰਨ ਲੈਂਦਾ ਸੀ।
ਦੋਨੋਂ ਪਿਓ ਪੁੱਤ ਨੇ ਪੱਠੇ ਵੱਢਣ ਜਾਣਾ ਸੀ। ਪੁੱਤ ਨੇ ਬੋਲਿਆ ਬਾਪੂ ਤੂੰ ਸਾਈਕਲ ਚਲਾ ਮੈਂ ਤੇਰੇ ਪਿੱਛੇ ਬੈਠਦਾ ਹਾਂ ਫਿਰ ਤੂੰ ਮੌਜੂ ਲਾਲ ਖੇਤਾਂ ਵਿਚ ਪਹੁੰਚ ਕੇ ਮੌਜਾਂ ਕਰਿਓ ਕੇ। ਵਿਚਾਰਾ ਸਾਈਕਲ ਚਲਾ ਕੇ ਖੇਤਾਂ ਵਿੱਚ ਪਹੁੰਚਿਆ। ਫਿਰ ਪੁੱਤਰ ਨੇ ਬੋਲਿਆ ਬਾਪੂ ਤੂੰ ਪੱਠੇ ਵਧੀਆ ਵੱਡਦਾ, ਯਾਰ ਵੱਡ ਲੈ, ਫਿਰ ਤੂੰ ਮੌਜੂ ਲਾਲ ਮੌਜਾਂ ਕਰਿਓ ਕੇ। ਬਾਪੂ ਥੱਕ ਗਿਆ ਪਰ ਫਿਰ ਵੀ ਕੰਮ ਕਰਦਾ ਗਿਆ। ਪੁੱਤ ਕਹਿੰਦਾ ਬਾਪੂ ਤੂੰ ਪੱਠਿਆਂ ਦੀ ਪੰਡ ਵਧੀਆ ਬੰਨਦਾ ਐ, ਹੁਣ ਇਹ ਕੰਮ ਕਰ ਲੈ, ਫਿਰ ਤੂੰ ਮੌਜੂ ਲਾਲ ਮੌਜਾਂ ਕਰਿਓ ਕੇ। ਬਾਪੂ ਨੇ ਇਹ ਕੰਮ ਵੀ ਕਰ ਲਿਆ। ਫਿਰ ਮੁੰਡਾ ਬੋਲਦਾ ਬਾਪੂ ਤੂੰ ਸਾਈਕਲ ਚਲਾ ਕੇ ਥੱਕ ਗਿਆ ਸੀ ਹੁਣ ਪੱਠਿਆਂ ਦੀ ਪੰਡ ਸਿਰ ਤੇ ਚੱਕ ਕੇ ਲੈ ਚੱਲ, ਮੈਂ ਸਾਈਕਲ ਘਰ ਨੂੰ ਲੈ ਜਾਂਦਾ ਹਾਂ। ਫਿਰ ਤੂੰ ਘਰ ਜਾ ਕੇ ਮੌਜੂ ਲਾਲ ਮੌਜਾਂ ਕਰਿਓ ਕੇ। ਬਾਪੂ ਵਿਚਾਰੇ ਨੇ ਇਹ ਗੱਲ ਵੀ ਮੰਨ ਲਈ ਪਰ ਉਹ ਅੱਕਿਆ ਪਿਆ ਸੀ। ਬਾਪੂ ਨੇ ਸਿਰ ਤੇ ਪੰਡ ਚੁੱਕੀ ਹੋਈ ਸੀ ਤੇ ਪੁੱਤ ਸਾਈਕਲ ਤੇ ਉਸਦੇ ਨਾਲ-ਨਾਲ ਜਾ ਰਿਹਾ ਸੀ। ਬਾਪੂ ਦਾ ਠੇਡਾ ਲੱਗਿਆ ਅਤੇ ਉਹ ਡਿੱਗ ਪਿਆ। ਬਾਪੂ ਵਿਚਾਰਾ ਥੱਲੇ ਤੇ ਪੰਡ ਉਸਦੇ ਉੱਪਰ। ਵੇਚਾਰੇ ਬਾਪੂ ਕੋਲੋ ਉੱਠਿਆ ਨਾ ਜਾਵੇ। ਮੁੰਡਾ ਸਾਈਕਲ ਤੇ ਚੜ੍ਹਿਆ ਹੀ ਪੁੱਛੀ ਜਾਵੇ ਬਾਪੂ ਕਿੱਥੇ ਗਿਆ ? ਦਿਖਦਾ ਨਹੀਂ ਕਿਤੇ ! ਬਾਪੂ ਦੁਖੀ ਹੋ ਕੇ ਬੋਲਿਆ, "ਇਹ ਦੇਖ ਤੇਰੀ ਮਾਂ ਦਾ ਖਸਮ ਪਿਆ ਇੱਧਰ, ਮੌਜੂਾ ਲਾਲ ਮੌਜਾਂ ਕਰਦਾ ਕੇ।"
ਪਵਨ ਕੁਮਾਰ ਅੱਤਰੀ
ਕੰਪਿਊਟਰ ਫੈਕਲਟੀ
ਕਪੂਰਥਲਾ (ਪੰਜਾਬ)
E-Mail:- [email protected]