-ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਤੇ ਮਜ਼ਦੂਰਾਂ ਨੂੰ ਤੁਰੰਤ ਦਿੱਤਾ ਜਾਵੇ: ਆਗੂ
ਬਰਨਾਲਾ, 11 ਸਤੰਬਰ (ਧਰਮਪਾਲ ਸਿੰਘ): ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਮਹੀਨਾਵਾਰ ਮੀਟਿੰਗ ਹੜ੍ਹਾਂ ਨਾਲ ਹੋਏ ਨੁਕਸਾਨ ਸਬੰਧੀ ਗੁਰਦੁਆਰਾ ਸਾਹਿਬ ਬਾਬਾ ਕਾਲਾ ਮਹਿਰ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਗੁਰਮੇਲ ਸਿੰਘ ਜਵੰਦਾ ਜਨਰਲ ਸਕੱਤਰ, ਪਰਵਿੰਦਰ ਸਿੰਘ ਬਲਾਕ ਪ੍ਰਧਾਨ ਬਰਨਾਲਾ, ਮੋਹਨ ਸਿੰਘ ਰੂੜੇਕੇ ਕਲਾਂ, ਸੁਖਦੇਵ ਸਿੰਘ ਜੱਟ, ਜਗਤਾਰ ਸਿੰਘ, ਮਨਜੀਤ ਰਾਜ ਜ਼ਿਲ੍ਹਾ ਕਮੇਟੀ ਮੈਂਬਰ, ਭੋਲਾ ਸਿੰਘ ਮੰਡੇਰ, ਜਰਨੈਲ ਸਿੰਘ ਧੌਲਾ ਨੇ ਕਿਹਾ ਕਿ ਪਿਛਲੇ ਦਿਨੀ ਮੀਂਹ ਨਾਲ ਆਏ ਹੜ੍ਹਾਂ ਕਾਰਨ ਬਰਬਾਦ ਹੋਈਆਂ ਫਸਲਾਂ ਨੂੰ ਕੁਦਰਤੀ ਆਫ਼ਤ ਐਲਾਨਿਆ ਜਾਵੇ, ਪੰਜਾਬ ਵਿੱਚ ਹੜ੍ਹਾਂ ਦੇ ਨਾਲ ਹੋਏ ਜਾਨੀ ਮਾਲੀ ਨੁਕਸਾਨ ਦਾ ਤੱਥਾਂ ਦੇ ਅਧਾਰ ਤੇ ਜ਼ਮੀਨ ਪੱਧਰੀ ਕਰਨ ਲਈ ਇੱਕ ਲੱਖ ਰੁਪਏ ਪ੍ਰਤੀ ਏਕੜ, ਪਸ਼ੂਆਂ ਦੇ ਹੋਏ ਨੁਕਸਾਨ ਪ੍ਰਤੀ ਜਾਨਵਰ 70 ਹਜ਼ਾਰ ਰੁਪਏ, ਘਰਾਂ ਦੇ ਹੋਏ ਨੁਕਸਾਨ/ਮੁਰਮੰਤ ਲਈ 5 ਲੱਖ ਰੁਪਏ, ਢਹਿ ਢੇਰੀ ਹੋਏ ਬਿਲਡਿੰਗਾਂ ਦਾ 20 ਲੱਖ ਰੁਪਏ, ਜਾਨੀ ਨੁਕਸਾਨ ਦਾ ਮੁਆਵਜ਼ਾ 15 ਲੱਖ ਦਿੱਤਾ ਜਾਵੇ । ਬੈਂਕਾਂ ਅਤੇ ਸਹਿਕਾਰੀ ਸਭਾਵਾਂ ਦੇ ਸਾਉਣੀ ਦੀ ਫ਼ਸਲ ਦੇ ਲਈ ਖਾਦ ਜ਼ਰੂਰੀ ਵਸਤਾਂ ਦਾ ਕਰਜ਼ਾ ਬਿਲਕੁਲ ਮਾਫ ਕੀਤਾ ਜਾਵੇਗਾ ।ਫੌਰੀ ਵਿੱਤੀ ਸਹਾਇਤਾ 10 ਲੱਖ ਕਿਸਾਨਾਂ ਅਤੇ 5 ਲੱਖ ਮਜ਼ਦੂਰਾਂ ਨੂੰ ਆਪਣੀ ਜ਼ਿੰਦਗੀ ਬਸਰ ਕਰਨ ਲਈ ਦਿੱਤਾ ਜਾਵੇ | ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਸਹਾਇਤਾ ਰਾਸ਼ੀ ਹੜ੍ਹ ਪੀੜਤਾਂ ਦੇ ਨਾਲ ਕੋਝਾ ਮਜ਼ਾਕ ਹੈ। ਆਗੂਆਂ ਸਰਕਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਹੜ੍ਹ ਪੀੜ੍ਹਤ ਲੋਕਾਂ ਦੀ ਸਹਾਇਤਾ ਮੌਜੂਦਾ ਮੰਹਿਗਾਈ ਨੂੰ ਅਧਾਰ ਮੰਨ ਕੇ ਕੀਤੀ ਜਾਵੇ। ਜੇਕਰ ਸਰਕਾਰ ਆਪਣੇ ਬੁਨਿਆਦੀ ਸਹੂਲਤਾਂ ਦੇਣ ਤੋਂ ਭੱਜੇਗੀ ਤਾਂ ਹੜ੍ਹ ਪ੍ਰਭਾਵਿਤ ਲੋਕਾਂ ਦੇ ਜੋ ਜਾਨੀ ਮਾਲੀ ਨੁਕਸਾਨ ਦੀ ਭਰਪਾਈ ਕਰਾਉਣ ਲਈ ਕਿਸਾਨ ਅਤੇ ਮਜ਼ਦੂਰਾਂ ਜੱਥੇਬੰਦੀਆਂ ਉਨ੍ਹਾਂ ਨੂੰ ਹੱਕ ਦਿਵਾਉਣ ਲਈ ਅੱਗੇ ਆਉਣਗੀਆਂ | ਇਸ ਮੌਕੇ ਬਾਵਾ ਸਿੰਘ ਰੂੜੇਕੇ ਕਲਾਂ, ਉੱਗਰ ਸਿੰਘ ਮੈਨੇਜਰ, ਮਾਸਟਰ ਭੋਲਾ ਸਿੰਘ ਕਾਲੇਕੇ ਨੇ ਜੱਥੇਬੰਦੀ ਦੇ ਵਿੱਚ ਸ਼ਮੂਲੀਅਤ ਕੀਤੀ ਜਿਨ੍ਹਾਂ ਦਾ ਸਾਥੀਆਂ ਵੱਲੋਂ ਸਿਰੋਪਾਓ ਪਾ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਿੱਚ ਜੀ ਆਇਆਂ ਕਿਹਾ ਗਿਆ | ਇਸ ਸਮੇਂ ਮੀਟਿੰਗ ਵਿੱਚ ਮਹਿੰਦਰ ਸਿੰਘ ਅਸਪਾਲ ਕਲਾਂ, ਗੁਰਦੀਪ ਸਿੰਘ ਔਲਖ, ਮਹਿੰਦਰ ਸਿੰਘ ਸੂਚ, ਬਚਿੱਤਰ ਸਿੰਘ ਬਦਰਾ, ਸੋਮਨਾਥ, ਕਰਮਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਜਥੇਬੰਦੀ ਦੇ ਆਗੂ ਵਰਕਰ ਹਾਜ਼ਰ ਸਨ।