ਬਿਹਾਰ ਵਿਧਾਨ ਸਭਾ ਚੋਣਾਂ (ਕੁੱਲ 243 ਸੀਟਾਂ) ਲਈ ਵੋਟਾਂ ਦੋ ਗੇੜਾਂ 6 ਅਤੇ 11 ਨਵੰਬਰ ਨੂੰ ਪੈਣਗੀਆਂ। ਵੋਟਾਂ ਦੀ ਗਿਣਤੀ ਅਤੇ ਨਤੀਜੇ 14 ਨਵੰਬਰ ਨੂੰ ਆਉਣਗੇ। ਵਿਧਾਨ ਸਭਾ ਚੋਣਾਂ ਦੇ ਐਲਾਨ ਨਾਲ ਬਿਹਾਰ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣਾਂ ਦੇ 6 ਨਵੰਬਰ ਨੂੰ ਪਹਿਲੇ ਗੇੜ ਦੌਰਾਨ 121 ਸੀਟਾਂ ਅਤੇ 11 ਨਵੰਬਰ ਨੂੰ ਦੂਜੇ ਗੇੜ ’ਚ 122 ਸੀਟਾਂ ’ਤੇ ਵੋਟਾਂ ਪੈਣਗੀਆਂ। ਪੰਜਾਬ ਦੀ ਤਰਨ ਤਾਰਨ ਸੀਟ ਸਮੇਤ ਹੋਰ ਸੂਬਿਆਂ ਦੀਆਂ 8 ਸੀਟਾਂ ’ਤੇ ਜ਼ਿਮਨੀ ਚੋਣਾਂ 11 ਨਵੰਬਰ ਨੂੰ ਹੋਣਗੀਆਂ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਐਲਾਨ ਕੀਤਾ ਕਿ ਪੰਜਾਬ, ਜੰਮੂ ਕਸ਼ਮੀਰ, ਉੜੀਸਾ, ਝਾਰਖੰਡ, ਮਿਜ਼ੋਰਮ, ਤਿਲੰਗਾਨਾ ਅਤੇ ਰਾਜਸਥਾਨ ’ਚ ਪੈਣ ਵਾਲੀਆਂ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ।