ਅੱਜ ਸਵੇਰ ਕਰੀਬ 8 ਵਜੇ ਚੰਡੀਗੜ੍ਹ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਸਮਰਾਲਾ ਨੇੜੇ ਇੱਕ ਵੱਡਾ ਹਾਦਸਾ ਵਾਪਰ ਗਿਆ। ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੀ ਕਮਾਨੀ ਅਚਾਨਕ ਟੁੱਟ ਜਾਣ ਨਾਲ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ‘ਚ ਬੱਸ ‘ਚ ਸਵਾਰ ਲਗਭਗ 40 ਯਾਤਰੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ। ਯਾਤਰੀਆਂ ਮੁਤਾਬਕ, ਚਲਦੀ ਹੋਈ ਬੱਸ ਦੀ ਅਚਾਨਕ ਕਮਾਨੀ ਟੁੱਟ ਗਈ, ਜਿਸ ਕਾਰਨ ਬੱਸ ਬੇਕਾਬੂ ਹੋ ਗਈ।
ਹਾਦਸੇ ਤੋਂ ਬਾਅਦ ਯਾਤਰੀਆਂ ਵਿਚਕਾਰ ਚੀਕ-ਚਿਹਾੜਾ ਮੱਚ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਤੇ ਸਾਰੇ ਯਾਤਰੀਆਂ ਨੂੰ ਬੱਸ ਤੋਂ ਬਾਹਰ ਕੱਢਣ ‘ਚ ਮਦਦ ਕੀਤੀ। ਹਾਦਸੇ ‘ਚ ਕੁੱਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਆਈਆਂ, ਜਿਨ੍ਹਾਂ ਨੂੰ ਮੁੱਢਲਾ ਇਲਾਜ਼ ਕੀਤਾ ਗਿਆ।
ਇਸ ਦੌਰਾਨ ਇੱਕ ਰਾਹਗੀਰ ਨੇ ਕਿਹਾ ਕਿ ਇਹ ਰੋਡਵੇਜ਼ ਵਿਭਾਗ ਦੀ ਲਾਪਰਵਾਹੀ ਹੈ। ਉਸ ਦਾ ਕਹਿਣਾ ਹੈ ਕਿ ਬੱਸ ਦੀ ਦੀ ਕਮਾਨੀ ਪਹਿਲੇ ਹੀ ਟੁੱਟੀ ਹੋਈ ਸੀ ਤੇ ਬੱਸ ਇੱਕ ਹੀ ਕਮਾਨੀ ‘ਤੇ ਚੱਲ ਰਹੀ ਸੀ, ਜਿਸ ਕਾਰਨ ਇਹ ਹਾਦਸਾ ਹੋਇਆ।
ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰ ਪ੍ਰਭਾਕਰ ਪਾਂਡੇ ਨੇ ਦੱਸਿਆ ਕਿ ਉਨ੍ਹਾਂ ਕੋਲ ਤਿੰਨ ਮਰੀਜ਼ ਆਏ ਸਨ, ਜਿਨ੍ਹਾਂ ਦਾ ਇਲਾਜ਼ ਕਰਕੇ ਦਵਾਈ ਦੇ ਦਿੱਤੀ ਗਈ ਹੈ। ਹਸਪਤਾਲ ਆਏ ਸਾਰੇ ਯਾਤਰੀ ਸੁਰੱਖਿਅਤ ਹਨ।