ਆਮ ਆਦਮੀ ਪਾਰਟੀ ਨੇ ਅੱਜ ਪੰਜਾਬ ਵਿੱਚ ਹੋਣ ਵਾਲੀ ਰਾਜ ਸਭਾ ਜ਼ਿਮਨੀ ਚੋਣ ਲਈ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। 24 ਅਕਤੂਬਰ ਨੂੰ ਹੋਣ ਵਾਲੀ ਇਹ ਚੋਣ ‘ਆਪ’ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਥਾਂ ਨੂੰ ਭਰੇਗੀ। ਉਨ੍ਹਾਂ ਪੰਜਾਬ ਵਿਧਾਨ ਸਭਾ ਲਈ ਚੁਣੇ ਜਾਣ ਤੋਂ ਬਾਅਦ ਆਪਣੀ ਰਾਜ ਸਭਾ ਸੀਟ ਛੱਡ ਦਿੱਤੀ ਸੀ। ਅਰੋੜਾ ਜੋ ਕਿ ਹੁਣ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਕੈਬਨਿਟ ਵਿੱਚ ਮੰਤਰੀ ਵਜੋਂ ਸੇਵਾ ਨਿਭਾਅ ਰਹੇ ਹਨ, ਨੇ ਇਸ ਸਾਲ ਦੇ ਸ਼ੁਰੂ ਵਿੱਚ ਲੁਧਿਆਣਾ (ਪੱਛਮੀ) ਵਿਧਾਨ ਸਭਾ ਜ਼ਿਮਨੀ ਚੋਣ ਜਿੱਤੀ ਸੀ।
ਉਦਯੋਗਪਤੀ ਤੋਂ ਸਿਆਸਤਦਾਨ ਬਣੇ ਰਾਜਿੰਦਰ ਗੁਪਤਾ ਟਰਾਈਡੈਂਟ ਲਿਮਟਿਡ ਦੇ ਸੰਸਥਾਪਕ ਅਤੇ ਚੇਅਰਮੈਨ ਹਨ, ਜੋ ਕਿ ਟਰਾਈਡੈਂਟ ਗਰੁੱਪ ਦੀ ਪ੍ਰਮੁੱਖ ਕੰਪਨੀ ਹੈ। ਪਦਮਸ੍ਰੀ ਪੁਰਸਕਾਰ ਜੇਤੂ ਗੁਪਤਾ ਨੇ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਬੀਤੇ ਦਿਨੀਂ ਪੰਜਾਬ ਪਲਾਨਿੰਗ ਬੋਰਡ ਦੀ ਵਾਈਸ ਚੇਅਰਮੈਨੀ ਅਤੇ ਐਡਵਾਈਜ਼ਰੀ ਮੈਨੇਜਿੰਗ ਕਮੇਟੀ, ਮੰਦਰ ਸ੍ਰੀ ਕਾਲੀ ਦੇਵੀ ਪਟਿਆਲਾ ਦੇ ਚੇਅਰਪਰਸਨ ਦੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਸਨ।