-ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ: ਅਧਿਆਪਕ ਜਥੇਬੰਦੀਆਂ
-18 ਜਨਵਰੀ ਨੂੰ ਮੋਗਾ ਵਿਖੇ ਸੂਬਾ ਪੱਧਰੀ 'ਇਨਸਾਫ਼ ਰੈਲੀ' ਵਿੱਚ ਭਰਵੀਂ ਸ਼ਮੂਲੀਅਤ ਦਾ ਐਲਾਨ
ਬਰਨਾਲਾ, 9 ਜਨਵਰੀ (ਧਰਮਪਾਲ ਸਿੰਘ)::ਬਰਨਾਲਾ ਜਿਲ੍ਹੇ ਦੀਆਂ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਬੀਤੇ ਦਿਨ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣ ਡਿਊਟੀ ਦੌਰਾਨ ਮੋਗਾ ਵਿਖੇ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਨੂੰ ਇਨਸਾਫ਼ ਦੁਆਉਣ ਲਈ ਰੇਲਵੇ ਸਟੇਸ਼ਨ ਬਰਨਾਲਾ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਕੈਂਡਲ ਮਾਰਚ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਅਧਿਆਪਕਾਂ ਅਤੇ ਭਰਾਤਰੀ ਜੱਥੇਬੰਦੀਆਂ ਨੇ ਭਾਗ ਲਿਆ। ਇਸ ਮੌਕੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਹਰਿੰਦਰ ਮੱਲ੍ਹੀਆਂ, ਰਾਜੀਵ ਕੁਮਾਰ, ਨਰਿੰਦਰ ਸ਼ਹਿਣਾ ਕੇਵਲ ਸਿੰਘ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਬੀਤੀ 14 ਦਸੰਬਰ ਨੂੰ ਅਧਿਆਪਕ ਜਸਕਰਨ ਸਿੰਘ ਭੁੱਲਰ ਅਤੇ ਉਹਨਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸਵੇਰੇ ਮੋਗਾ ਜਿਲ੍ਹੇ ਵਿੱਚ ਪ੍ਰਸਾਸ਼ਨ ਵੱਲੋਂ ਦੂਰ ਦੁਰਾਡੇ ਲਗਾਈ ਚੋਣ ਡਿਊਟੀ 'ਤੇ ਜਾਂਦੇ ਸਮੇਂ ਕਾਰ ਸੂਏ ਵਾਲੇ ਪਾਣੀ ਵਿੱਚ ਡਿੱਗਣ ਕਾਰਣ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮੂਣਕ (ਜਿਲ੍ਹਾ ਸੰਗਰੂਰ) ਵਿਖੇ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਦੀ ਮੂਣਕ, ਸਿੱਖਿਆ ਪ੍ਰੋਵਾਇਡਰ ਅਧਿਆਪਕਾ ਪਰਮਜੀਤ ਕੌਰ ਦੀ ਸਮਾਣਾ ਦੇ ਨੇੜੇ ਅਤੇ ਗੁਰਵਿੰਦਰ ਸਿੰਘ ਪਾਤੜਾਂ ਨੇੜੇ ਦੁਰਘਟਨਾ ਦਾ ਸ਼ਿਕਾਰ ਹੋ ਕੇ ਗੰਭੀਰ ਜਖ਼ਮੀ ਹੋਏ। ਪੰਜਾਬ ਵਿੱਚ ਕਈ ਹੋਰ ਥਾਵਾਂ 'ਤੇ ਵੀ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਦੀ ਚੋਣ ਡਿਊਟੀਆਂ ਦੇ ਮਾਮਲੇ ਵਿੱਚ ਕੀਤੀ ਮਨਮਰਜ਼ੀ ਅਤੇ ਅਣਗਹਿਲੀ ਕਾਰਨ ਅਜਿਹੀਆਂ ਘਟਨਾਵਾਂ ਦਾ ਅਧਿਆਪਕਾਂ ਨੂੰ ਸ਼ਿਕਾਰ ਹੋਣਾ ਪਿਆ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਜੋੜੇ ਨੂੰ ਦਸ-ਦਸ ਲੱਖ ਰੁਪਏ ਦੀ ਨਿਗੂਣੀ ਰਾਸ਼ੀ ਦੇ ਚੈੱਕ ਦੇ ਕੇ ਕੋਝਾ ਮਜ਼ਾਕ ਕੀਤਾ ਹੈ ਜੋ ਕਿ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਨਕਾਰ ਦਿੱਤੇ ਗਏ ਜਦੋਂ ਕਿ ਜਖ਼ਮੀ ਹੋਏ ਅਧਿਆਪਕਾਂ ਦੀ ਤਾਂ ਸਰਕਾਰ ਨੇ ਅਜੇ ਤੱਕ ਵੀ ਕੋਈ ਸਾਰ ਨਹੀਂ ਲਈ। ਆਗੂਆਂ ਨੇ ਮੰਗ ਕੀਤੀ ਕਿ ਸਦੀਵੀ ਵਿਛੋੜਾ ਦੇ ਗਏ ਅਧਿਆਪਕ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਦੁਖਦਾਈ ਮੌਤ 'ਤੇ 2-2 ਕਰੋੜ ਰੁਪਏ ਦਾ ਮੁਆਵਜ਼ਾ ਉਨ੍ਹਾਂ ਦੇ ਬੱਚਿਆਂ ਦੇ ਨਾਂ 'ਤੇ ਤੁਰੰਤ ਜਾਰੀ ਕੀਤਾ ਜਾਵੇ, ਬੱਚਿਆਂ ਦੀ ਪੜ੍ਹਾਈ ਦੀ ਸਰਕਾਰ ਪੱਧਰ 'ਤੇ ਜਿੰਮੇਵਾਰੀ ਲਈ ਜਾਵੇ ਅਤੇ ਉਹਨਾਂ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਰਾਖਵੀਂ ਰੱਖੀ ਜਾਵੇ। ਇਸ ਤੋਂ ਇਲਾਵਾ ਜਖਮੀ ਹੋਏ ਅਧਿਆਪਕਾਂ ਲਈ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਇਲਾਜ਼ ਦੀ ਜ਼ਿੰਮੇਵਾਰੀ ਸਰਕਾਰ ਵੱਲੋਂ ਓਟਣ ਦੇ ਨਾਲ-ਨਾਲ ਉਹਨਾਂ ਨੂੰ ਤੰਦਰੁਸਤ ਹੋਣ ਤੱਕ ਤਨਖ਼ਾਹ ਸਮੇਤ ਛੁੱਟੀ 'ਤੇ ਮੰਨਿਆ ਜਾਵੇ। ਉਹਨਾਂ ਕਿਹਾ ਕਿ ਸਰਕਾਰ ਦੇ ਚੋਣ ਵਾਅਦੇ ਅਨੁਸਾਰ ਅਧਿਆਪਕਾਂ ਦੀਆਂ ਬੀਐਲਓ ਅਤੇ ਹੋਰ ਗੈਰਵਿਦਿਅਕ ਡਿਊਟੀਆਂ ਰੱਦ ਕੀਤੀਆਂ ਜਾਣ।
ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਹਾਦਸੇ ਦੇ ਸ਼ਿਕਾਰ ਹੋਏ ਅਧਿਆਪਕਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ 18 ਜਨਵਰੀ ਨੂੰ ਮੋਗਾ ਵਿਖੇ ਅਧਿਆਪਕ ਇਨਸਾਫ਼ ਕਮੇਟੀ ਦੇ ਬੈਨਰ ਹੇਠ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ, ਉਨਾਂ ਹਾਜਿਰ ਅਧਿਆਪਕਾਂ ਨੂੰ ਇਸ ਰੈਲੀ ਦੀ ਲਾਮਬੰਦੀ ਵਿੱਚ ਜੁਟਣ ਦਾ ਸੱਦਾ ਵੀ ਦਿੱਤਾ।ਭਰਾਤਰੀ ਜੱਥੇਬੰਦੀਆਂ ਵਜੋਂ ਜਮਹੂਰੀ ਅਧਿਕਾਰ ਸਭਾ ਦੇ ਸੋਹਣ ਸਿੰਘ ਮਾਝੀ,ਹਰਚਰਨ ਚਾਹਲ, ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੁਖਵਿੰਦਰ ਢਿੱਲਵਾਂ ਸਾਥੀਆਂ ਸਮੇਤ ਹਾਜ਼ਰ ਹੋਏ।
ਇਸ ਮੌਕੇ ਸਿਕੰਦਰ ਸਿੰਘ, ਨਿਰਮਲ ਚੁਹਾਣਕੇ,ਅਮਰੀਕ ਭੱਦਲਵੱਡ, ਸੁਖਦੀਪ ਤਪਾ, ਰਮਨਦੀਪ ਸਿੰਘ, ਮਨਮੋਹਨ ਭੱਠਲ, ਸੁਖਵੀਰ ਸੰਘੇੜਾ, ਕਰਮਜੀਤ ਭੋਤਨਾ,ਵਿਕਾਸ ਭੱਦਲਵੱਡ, ਸਤਪਾਲ ਤਪਾ,ਜਗਤਾਰ ਸਿੰਘ ਪੱਤੀ,ਮਾਲਵਿੰਦਰ ਬਰਨਾਲਾ, ਮਲਕੀਤ ਸਿੰਘ ਪੱਤੀ , ਅੰਮ੍ਰਿਤਪਾਲ ਕੋਟਦੁੱਨਾ,ਕਪਿਲ ਦੇਵ, ਭਰਤ ਕੁਮਾਰ ਆਦਿ ਆਗੂ ਹਾਜ਼ਰ ਸਨ |

