ਭਾਦਸੋਂ 24 ਸਤੰਬਰ :(ਭਰਪੂਰ ਸਿੰਘ ਮੱਟਰਾਂ)ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਲਈ ਰੋਜ਼ੀ - ਰੋਟੀ ਕਮਾਉਣ ਲਈ ਕੈਨੇਡਾ ’ਚ ਗਏ ਭਾਦਸੋਂ ਦੇ ਇਕ ਨੌਜਵਾਨ ਗੁਰਵਿੰਦਰ ਸਿੰਘ ਮਨੀ (28) ਦੀ ਹਾਰਟ ਅਟੈਕ ਨਾਲ ਮੌਤ ਹੋਣ ਦੀ ਖਬਰ ਮਿਲੀ ਹੈ। ਨੌਜਵਾਨ ਦੀ ਮੌਤ ਦੀ ਖਬਰ ਨਾਲ ਭਾਦਸੋਂ ਸ਼ਹਿਰ ਅਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਅਤੇ ਪਰਿਵਾਰਕ ਮੈਂਬਰ ਰੋ-ਰੋ ਕੇ ਵਿਰਲਾਪ ਕਰ ਰਹੇ ਹਨ। ਮ੍ਰਿਤਕ ਦੇ ਪਿਤਾ ਸੁਖਦੇਵ ਸਿੰਘ ਸੁੱਖਾ (ਪੰਜਾਬ ਪੁਲਿਸ) ਭਾਦਸੋਂ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਜੋ ਕਿ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ ਅਤੇ ਉਸ ਕੋਲ 9 ਮਹੀਨੇ ਪਹਿਲਾਂ ਉਹਨਾਂ ਦਾ ਬੇਟਾ ਗੁਰਵਿੰਦਰ ਸਿੰਘ ਮਨੀ ਗਿਆ ਸੀ । ਜਦੋਂ ਉਹ ਕੰਮ ਤੇ ਸੀ ਤਾਂ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ । ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ 20 ਲੱਖ ਰੁਪਏ ਕਰਜ਼ਾ ਚੁੱਕ ਕੇ ਆਪਣੇ ਬੇਟੇ ਨੂੰ ਬਹੁਤ ਉਮੀਦਾਂ ਨਾਲ ਵਿਦੇਸ਼ ਭੇਜਿਆ ਸੀ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਉਨਾਂ ਸਰਕਾਰ ਨੂੰ ਗੁਹਾਰ ਲਾ ਕੇ ਕਿਹਾ ਕਿ ਉਹਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖਕੇ ਹੱਥੀਂ ਸੰਸਕਾਰ ਕਰ ਸਕੀਏ । ਇਸ ਮੌਕੇ ਪਰਿਵਾਰ ਨਾਲ ਸ਼ਹਿਰ ਵਾਸੀਆਂ, ਰਾਜਨੀਤਿਕ, ਧਾਰਮਿਕ, ਸਮਾਜਿਕ ਆਗੂਆਂ ਤੋਂ ਇਲਾਵਾ ਇਲਾਕੇ ਦੀਆਂ ਸ਼ਖਸੀਅਤਾਂ ਨੇ ਦੁੱਖ ਸਾਂਝਾ ਕੀਤਾ ।