Shri Anandpur Sahib, 24 ਸਤੰਬਰ ( ਦਮਨ ਅਰੋੜਾ ) ਪਿੰਡ ਲੰਗ ਮਜ਼ਾਰੀ ਦੇ ਸਾਬਕਾ ਸਰਪੰਚ ਅਤੇ 'ਆਪ' ਆਗੂ ਬਾਮ ਦੇਵ ਨਾਲ ਇਕ ਵਿਅਕਤੀ ਵਲੋਂ ਕੁੱਟਮਾਰ ਕੀਤੀ ਗਈ । ਅਜੇ ਤੱਕ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਪਿੰਡ ਵਾਸੀਆਂ ਵਲੋਂ ਸੜਕ ਜਾਮ ਕਰਨ ਦੀ ਚਿਤਾਵਨੀ ਦਿਤੀ ਗਈ। ਇਹ ਗੱਲ ਅੱਜ ਪੱਤਰਕਾਰ ਸੰਮੇਲਨ ਦੋਰਾਨ ਪਿੰਡ ਵਾਸੀਆਂ ਨੇ ਕਹੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਸਰਪੰਚ ਤੇ ਆਪ ਆਗੂ ਬਾਮਦੇਵ, ਰਾਮਦੇਵ, ਆਦਿ ਨੇ ਕਿਹਾ ਕਿ 15 ਸਤੰਬਰ ਰਾਤ ਨੂੰ 9 ਵਜੇ ਦੇ ਕਰੀਬ ਹਾਤੇ ਤੇ ਰੋਟੀ ਖਾ ਕੇ ਬਾਹਰ ਨਿਕਲੇ ਤਾਂ ਸਾਡੇ ਮੋਟਰਸਾਈਕਲ ਵਿਚ ਤੇਲ ਖਤਮ ਹੋ ਗਿਆ, ਏਨੀ ਦੇਰ ਨੂੰ ਇਕ ਬੰਦਾ ਸਕੂਟਰੀ ਤੇ ਆ ਕੇ ਰੁਕਿਆ ਤਾਂ ਮੈਂ ਤੇਲ ਲਿਆਉਣ ਲਈ ਉਸਦੀ ਸਕੂਟਰੀ ਦੇ ਪਿਛੇ ਬੈਠ ਗਿਆ ਪਰ ਉਸ ਨੇ ਪੈਟਰੋਲ ਪੰਪ ਵੱਲ ਜਾਣ ਦੀ ਜਗ੍ਹਾ ਪਿੰਡ ਚੰਡੇਸਰ ਵੱਲ ਲੈ ਗਿਆ। ਇਹ ਦੇਖ ਕੇ ਮੈਂ ਬਚਾਉ ਬਚਾਉ ਦਾ ਰੋਲਾ ਪਾਇਆ ਤਾਂ ਗੁਰਦੁਆਰਾ ਸਾਹਿਬ ਦੇ ਕੋਲ ਸਕੂਟਰੀ ਰੋਕ ਕੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ। ਮੇਰੇ ਗੁਪਤ ਅੰਗਾਂ ਤੇ ਸੱਟਾਂ ਮਾਰੀਆਂ ਗਈਆਂ। ਜਦੋਂ ਮੈਂ ਦੋੜਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਦੁਬਾਰਾ ਫੜ ਕੇ ਕੁਟਿਆ ਤੇ ਮੇਰਾ ਮੋਬਾਇਲ ਖੋਹ ਕੇ ਦੂਰ ਸੁੱਟ ਦਿਤਾ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਦੱਸਿਆ ਕਿ ਨਾ ਤਾਂ ਮੇਰੇ ਕੋਲੋਂ ਪੈਸੇ ਖੋਹੇ ਨਾ ਕੋਈ ਹੋਰ ਲੁੱਟ ਹੋਈ। ਉਨ੍ਹਾਂ ਦੱਸਿਆ ਕਿ ਮੈਂ ਉਸੇ ਦਿਨ ਤੋਂ ਹੀ ਸਿਵਲ ਹਸਪਤਾਲ ਦਾਖਲ ਹਾਂ, ਪੁਲਿਸ ਨੂੰ ਦੋਸ਼ੀ ਦੀ ਪਹਿਚਾਨ ਸਬੰਧੀ ਸਾਰੀ ਜਾਣਕਾਰੀ ਦੇ ਦਿਤੀ ਗਈ ਪਰ ਅਜੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ।
ਉਨ੍ਹਾਂ ਚਿਤਾਵਨੀ ਦਿਤੀ ਕਿ ਜੇਕਰ ਪੁਲਿਸ ਨੇ ਕਥਿਤ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਤਾਂ ਅਸੀਂ ਪਿੰਡ ਵਾਸੀ ਸੜਕ ਜਾਮ ਕਰਾਂਗੇ ਤੇ ਧਰਨਾ ਲਗਾਵਾਂਗੇ। ਸਾਬਕਾ ਸਰਪੰਚ ਬਾਮਦੇਵ ਨੇ ਦੱਸਿਆ ਕਿ ਉਹ ਲੋਕ ਸਭਾ ਚੌਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਪਰ ਅਫਸੋਸ ਸਾਡੇ ਨਾਲ ਹੀ ਧੱਕਾ ਹੋ ਰਿਹਾ ਹੈ। ੳਨ੍ਹਾਂ ਦੋਸ਼ ਲਗਾਇਆ ਕਿ ਮੇਰੇ ਨਾਲ ਕੁੱਟਮਾਰ ਕਰਨ ਵਾਲੇ ਦੇ 'ਆਪ' ਆਗੂਆਂ ਨਾਲ ਰਿਸ਼ਤੇਦਾਰੀ ਸਬੰਧ ਹਨ ਜਿਸ ਕਰਕੇ ਮੇਰੇ
ਨਾਲ ਧੱਕਾ ਹੋ ਰਿਹਾ ਹੈ ਤੇ ਕੋਈ ਕਾਰਵਾਈ ਨਹੀ ਹੋ ਰਹੀ। ਇਸ ਮੋਕੇ ਸਾਬਕਾ ਸਰਪੰਚ ਜਸਵਿੰਦਰ ਕੌਰ ਮਾਂਗੇਵਾਲ, ਪੰਚ ਸ਼ਸ਼ੀ ਬਾਲਾ, ਕਮਲਜੀਤ ਸਿੰਘ, ਸੁਰਿੰਦਰਪਾਲ ਸਿੰਘ, ਕਰਨ ਸ਼ਰਮਾ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ ਧਨੋਲਾ, ਨੀਰਜ ਕੁਮਾਰ, ਰਾਮਦੇਵ, ਸਤਪਾਲ ਸ਼ਰਮਾ ਸ਼ਿਵ ਸੈਨਾ, ਮਹੇਸ਼ ਕੁਮਾਰ ਲੰਗਮਜਾਰੀ, ਦੇਵਰਾਜ, ਸੰਤੋਖ ਸਿੰਘ, ਰਵਿੰਦਰ ਸਿੰਘ, ਜਸਵਿੰਦਰ ਸਿੰਘ, ਅਜੇ ਕੁਮਾਰ ਆਦਿ ਹਾਜ਼ਰ ਸਨ।
ਕੀ ਕਹਿਣਾ ਹੈ ਥਾਣਾ ਮੁਖੀ ਦਾ?...................
ਇਸ ਸਬੰਧੀ ਜਦੋਂ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਪੁੱਜੀ ਸੀ ਤਾਂ ਅਸੀਂ ਕੈਮਰੇ ਚੈਕ ਕੀਤੇ ਤੇ ਸਬੰਧਿਤ ਗਵਾਹਾਂ ਦੇ ਨਾਲ ਵੀ ਗੱਲ ਕੀਤੀ ਗਈ। ਇਸ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇਗੀ।