ਦੋਗਾਣਾ ਗਾਇਕੀ ਦਾ ਅੰਦਾਜ਼ ਭਾਵੇਂ ਸਮੇਂ-ਸਮੇਂ ਤੇ ਬਦਲਦਾ ਰਿਹਾ।ਪਰ ਪਰਿਵਾਰਿਕ ਨੋਕ ਝੋਕ ਵਾਲੇ ਇਹ ਗੀਤ ਹਮੇਸ਼ਾਂ ਅਮਰ ਹਨ।ਇਸੇ ਦੋਗਾਣਾ ਗਾਇਕੀ ਦੇ ਜ਼ਰੀਏ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਗਾਇਕ ਅਮਰਜੀਤ ਬੈਨੀਪਾਲ ਦਾ ਜਨਮ ਕੁਰਾਲੀ ਸ਼ਹਿਰ ਦੇ ਨਾਲ ਲਗਦੇ ਪਿੰਡ ਚਿੰਤਗੜ੍ਹ ਵਿਖੇ ਪਿਤਾ ਸਰਦਾਰ ਈਸ਼ਰ ਸਿੰਘ ਦੇ ਘਰ ਮਾਤਾ ਅਮਰ ਕੌਰ ਦੀ ਕੁੱਖੋਂ ਹੋਇਆ। ਅਮਰਜੀਤ ਬੈਨੀਪਾਲ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਫਿਰ ਉਚੇਰੀ ਸਿੱਖਿਆ ਲਈ ਸ਼ਹੀਦ ਭਗਤ ਸਿੰਘ ਮੈਮੋਰੀਅਲ ਕਾਲਜ ਭਾਗੋ ਮਾਜਰਾ ਵਿੱਚ ਦਾਖਲਾ ਲੈ ਲਿਆ।ਉਸਨੂੰ ਕਲਾਕਾਰੀ ਦਾ ਸ਼ੌਂਕ ਬਚਪਨ ਤੋਂ ਹੀ ਸੀ।ਉਹ ਅਕਸਰ ਆਪਣੇ ਭੂਆ ਦੇ ਮੁੰਡੇ ਨਾਲ ਮੱਝਾਂ ਚਾਰਦੇ ਖੇਤਾਂ ਦੀਆਂ ਵੱਟਾਂ ਤੇ ਘੁੰਮਦੇ ਹੋਏ ਪੁਰਾਣੇ ਕਲਾਕਾਰਾਂ ਦੇ ਗੀਤ ਗੁਣਗੁਣਾਇਆ ਕਰਦਾ ਸੀ।ਸਕੂਲ ਦੀਆਂ ਬਾਲ ਸਭਾਵਾਂ ਤੋਂ ਲੈ ਕੇ ਕਾਲਜ ਪੱਧਰ ਤੱਕ ਇਹ ਸ਼ੌਂਕ ਬਰਕਰਾਰ ਰਿਹਾ।ਕਾਲਜ ਵਿੱਚ ਗਾਉਂਦਿਆਂ ਬਹੁਤ ਸਾਰੇ ਮੈਡਲ ਵੀ ਜਿੱਤੇ।ਪੜ੍ਹਦੇ ਸਮੇਂ ਗਾਇਕੀ ਦੇ ਨਾਲ ਉਹ ਇੱਕ ਚੰਗਾ ਖਿਡਾਰੀ ਵੀ ਸੀ। ਉਹ ਕਬੱਡੀ ਵਾਲੀਬਾਲ ਹੈਂਡਵਾਲ ਵਰਗੀਆਂ ਗੇਮਾਂ ਸਟੇਟ ਅਤੇ ਨੈਸ਼ਨਲ ਪੱਧਰ ਤੱਕ ਖੇਡਿਆ।ਉਸ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਕਾਲਜ ਅਤੇ ਪਿੰਡ ਦਾ ਉੱਚ ਪੱਧਰ ਤੱਕ ਨਾਮ ਰੋਸ਼ਨ ਕੀਤਾ।ਇੱਕ ਚੰਗਾ ਖਿਡਾਰੀ ਹੋਣ ਦਾ ਫਾਇਦਾ ਉਸ ਨੂੰ ਉਸ ਵੇਲੇ ਮਿਲਿਆ।ਜਦੋਂ ਉਹ ਕਾਲਜ ਪੜ੍ਹਦਿਆਂ ਹੀ ਸੰਨ 1985 ਵਿੱਚ ਆਪਣੇ ਇੱਕ ਦੋਸਤ ਨਾਲ ਪੰਜਾਬ ਪੁਲਿਸ ਦੀ ਭਰਤੀ ਦਾ ਟਰਾਇਲ ਦੇਣ ਚਲਾ ਗਿਆ।ਤਕੜੇ ਜੁੱਸੇ ਦਾ ਮਾਲਕ ਹੋਣ ਕਾਰਨ ਉਹ ਪੰਜਾਬ ਪੁਲਿਸ ਲਈ ਸਲੈਕਟ ਹੋ ਗਿਆ।ਜਿੱਥੇ ਉਸਨੇ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਆਪਣੇ ਇਸ ਕਲਾਕਾਰੀ ਦੇ ਸ਼ੌਂਕ ਨੂੰ ਵੀ ਬਰਕਰਾਰ ਰੱਖਿਆ।ਉਹ ਪੰਜਾਬ ਪੁਲਿਸ ਵੱਲੋਂ ਕਰਵਾਏ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਂਦਾ ਰਿਹਾ।ਇਸ ਦੌਰਾਨ 1992 ਵਿੱਚ ਉਹਨਾਂ ਦੀ ਪਹਿਲੀ ਕੈਸਿਟ "ਪਿਆਰ ਦੀਆਂ ਅਦਾਲਤਾਂ" ਉੱਘੇ ਮਿਊਜ਼ਿਕ ਡਾਇਰੈਕਟਰ ਸੁਰਿੰਦਰ ਬਚਨ ਦੇ ਮਿਊਜ਼ਿਕ ਵਿੱਚ ਟੋਪਟੋਨ ਨਾਮ ਦੀ ਕੰਪਨੀ ਵੱਲੋ ਰਿਲੀਜ਼ ਕੀਤੀ ਗਈ।ਇਸ ਪਹਿਲੀ ਕੈਸਿਟ ਨੂੰ ਹੀ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ।ਜਿਸ ਨਾਲ ਉਹਨਾਂ ਨੂੰ ਵਿਆਹ ਸ਼ਾਦੀਆਂ ਤੇ ਮੇਲਿਆਂ ਦੇ ਪ੍ਰੋਗਰਾਮ ਮਿਲਣੇ ਸ਼ੁਰੂ ਹੋ ਗਏ।ਇਸ ਤੋਂ ਬਾਅਦ ਉਹਨਾਂ ਦੀਆਂ ਅਨੇਕਾਂ ਕੈਸਿਟਾਂ ਮਾਰਕੀਟ ਵਿੱਚ ਆਈਆਂ।ਜਿਨਾਂ ਵਿੱਚ ਤੂੰ ਰੋਜ਼ ਫੋਨ ਨਾ ਕਰਿਆ ਕਰ,ਸਾਉਣ ਦਾ ਮਹੀਨਾ,ਬੱਤੀ ਬੋਰ ਦਾ ਰਿਵਾਲਵਰ,ਮਿਸ ਕਾਲ,ਜੀਜਾ ਤੂੰ ਇੰਸਪੈਕਟਰ ਬਣ ਗਿਆ,ਪਹਿਲੇ ਤੋੜ ਦੀ ਬਣਗੀ ਦਾਰੂ ਦੇ ਨਾਮ ਜ਼ਿਕਰਯੋਗ ਹਨ।ਜਿਨਾਂ ਨੂੰ ਸਰੋਤਿਆਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ।ਇਸ ਸਫ਼ਰ ਦੌਰਾਨ ਉਹਨਾਂ ਨੇ ਅਨੇਕਾਂ ਕੁੜੀਆਂ ਨਾਲ ਗਾਇਆ।ਪਰ ਮੌਜੂਦਾ ਸਮੇਂ ਲਗਭਗ 15 ਸਾਲ ਤੋਂ ਬੀਬਾ ਬਲਜਿੰਦਰ ਸਿੱਧੂ ਨਾਲ ਉਹਨਾਂ ਦੀ ਪੱਕੀ ਜੋੜੀ ਬਣੀ ਹੋਈ ਹੈ।ਉਹ ਹੁਣ ਤੱਕ ਪੰਜਾਬ ਦੇ ਬਹੁਤ ਸਾਰੇ ਹਿੱਟ ਗੀਤਕਾਰ ਜਿੰਦ ਸਵਾੜਾ,ਕਰਮਜੀਤ ਪੁਰੀ,ਲਾਭ ਚਾਤਮਲੀ,ਹਿੰਦ ਚਲਾਕੀ,ਮਲਕੀਤ ਸਹਿਜੋਮਜਾਰਾ,ਹਰੀ ਮੋਜਪੁਰੀਆ,ਤਾਰੀ ਚਟੋਲੀ ਦੇ ਲਿਖੇ ਗੀਤਾਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ।ਗਾਇਕੀ ਦੇ ਇਸ ਸਫ਼ਰ ਦੌਰਾਨ ਉਹਨਾਂ ਨੇ ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ।ਆਪਣੀ ਗਾਇਕੀ ਦੀ ਬਦੌਲਤ ਉਹ ਅਣਗਿਣਤ ਦੇਸ਼ਾ ਦੇ ਟੂਰ ਲਾ ਚੁੱਕੇ ਹਨ।ਇਸ ਸਫਰ ਦੌਰਾਨ ਉਹਨਾਂ ਦੇ ਤਾਇਆ ਜੀ ਸਰਦਾਰ ਮੱਲ ਸਿੰਘ ਅਤੇ ਉਨਾਂ ਦੇ ਦੋਸਤਾਂ ਮਿੱਤਰਾਂ ਜਿਨਾਂ ਵਿੱਚ ਗਿੱਲ ਝੱਲੀਆਂ,ਪੱਪੀ ਚਤਾਮਲੀ,ਗਾਇਕ ਗੁਰਬਖਸ਼ ਸ਼ੌਂਕੀ,ਜਸਮੇਰ ਸਿੰਘ,ਗੁਰੂ ਫਤਿਹ ਪ੍ਰੋਪਰਟੀ ਕੁਰਾਲੀ ਅਤੇ ਆਜ਼ਾਦ ਪੇਂਟਰ ਨੇ ਬਹੁਤ ਸਾਥ ਦਿੱਤਾ।ਅੱਜਕਲ ਉਹ ਆਪਣੀ ਨੌਕਰੀ ਤੋ ਰਿਟਾਇਡ ਹੋ ਚੁੱਕੇ ਹਨ।ਹੁਣ ਉਹਨਾਂ ਦਾ ਪੂਰਾ ਧਿਆਨ ਆਪਣੀ ਗਾਇਕੀ ਵੱਲ ਹੈ।ਇਸਦੇ ਨਾਲ ਹੀ ਉਹ ਪ੍ਰੋਪਰਟੀ ਦਾ ਕੰਮ ਵੀ ਕਰ ਰਹੇ ਹਨ।ਬਹੁਤ ਜਲਦ ਉਹ ਨਵੇਂ ਅੰਦਾਜ਼ ਦੇ ਦੋਗਾਣੇ ਲੈਕੇ ਸਰੋਤਿਆਂ ਦੇ ਸਨਮੁੱਖ ਹੋਣਗੇ।ਅੱਜ ਕੱਲ ਉਹ ਆਪਣੇ ਪਿੰਡ ਚਿੰਤਗੜ ਵਿਖੇ ਆਪਣੀ ਧਰਮ ਪਤਨੀ ਅਤੇ ਦੋ ਬੱਚਿਆਂ ਨਾਲ ਖੁਸ਼ੀ ਖੁਸ਼ੀ ਜੀਵਨ ਬਤੀਤ ਕਰ ਰਹੇ ਹਨ।ਉਹਨਾਂ ਦੀ ਪਤਨੀ ਅਮਰਜੀਤ ਕੌਰ ਪਿੰਡ ਦੇ ਮੌਜੂਦਾ ਸਰਪੰਚ ਹਨ।ਅਸੀਂ ਦੁਆ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਅਤੇ ਕਾਮਯਾਬੀ ਬਖਸ਼ੀ।ਉਹ ਇਸੇ ਤਰ੍ਹਾਂ ਪਰਿਵਾਰਿਕ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ।ਅਮੀਨ
ਹਰਮਨ ਮੀਆਂਪੁਰੀ
8427836022