ਡੇਹਲੋਂ 16 ਸਤੰਬਰ (ਰਣਬੀਰ ਸਿੰਘ ਮਹਿਮੀ) ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ'ਪੁਸਤਕ ਸੰਵਾਦ ' ਕਰਵਾਇਆ ਗਿਆ।ਇਸ ਪੁਸਤਕ ਸੰਵਾਦ ਪ੍ਰੋਗਰਾਮ ਵਿੱਚ ਨਵਤੇਜ ਗੜ੍ਹਦੀਵਾਲਾ ਦੀ ਕਾਵਿ ਕਿਤਾਬ 'ਅੰਮ੍ਰਿਤ ਕਾਲ ਤੱਕ ' ਤੇ ਚਰਚਾ ਹੋਈ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਕਮਲਜੀਤ ਸਿੰਘ ਸੋਹੀ ਨੇ ਮੁੱਖ ਮਹਿਮਾਨ ਪ੍ਰੋ ਬਲਦੇਵ ਸਿੰਘ ਬੱਲੀ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਅੰਦਰ ਸਾਹਿਤਕ ਊਰਜਾ ਪੈਦਾ ਕਰਨ ਦੇ ਸਮਰੱਥ ਹੁੰਦੇ ਹਨ। ਨਵਤੇਜ ਗੜ੍ਹਦੀਵਾਲਾ ਦੁਆਰਾ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ ਗਿਆ।ਇਸ ਸਮੇਂ ਡਾ ਮੋਹਨ ਤਿਆਗੀ (ਐਸੋਸੀਏਟ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੇ ਪੇਪਰ ਪੜਦਿਆਂ ਕਿਹਾ ਕਿ ਨਵਤੇਜ ਗੜ੍ਹਦੀਵਾਲਾ ਦੀ ਸ਼ਾਇਰੀ ਆਪਣੇ ਹੀ ਦੇਸ਼ ਵਿਚ ਬਨਵਾਸ ਭੋਗ ਰਹੇ, ਲੱਖਾਂ ਕਰੋੜਾਂ ਲੋਕਾਂ ਦੀ ਦਰਦ ਕਥਾ ਹੈ ਜਿਹੜੇ ਰੋਟੀ ਰੋਜ਼ੀ ਲਈ ਜੰਗ ਲੜ ਰਹੇ ਹਨ। ਕਾਲਜ ਸਾਹਿਤ ਸਭਾ ਦੇ ਵਿਦਿਆਰਥੀ ਜਸਵੀਰ ਕੌਰ ਨੇ ਆਪਣੀ ਲਿਖੀ ਕਵਿਤਾ ਵੀ ਸੁਣਾਈ।ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ ਗੁਰਪ੍ਰੀਤ ਸਿੰਘ ਨੇ 'ਇਤਿਹਾਸਕ ਬੋਧ ਦਾ ਅਮਲ: ਅੰਮ੍ਰਿਤ ਕਾਲ ਤੱਕ ' ਵਿਸ਼ੇ ਤੇ ਪੇਪਰ ਪੜਦਿਆਂ ਕਿਹਾ ਕਿ ਨਵਤੇਜ ਗੜ੍ਹਦੀਵਾਲਾ ਦੀ ਕਵਿਤਾ ਦਾ ਸਿਆਸੀ ਉਚਾਰ ਹਜ਼ਾਰਾਂ ਸਮਿਆਂ ਦੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਸਫਰ ਦੌਰਾਨ ਹੋਏ ਮਨੁੱਖੀ ਸ਼ੋਸ਼ਣ ਅਤੇ ਦਮਨ ਦੀ ਪੈੜ ਦੱਬਦਾ ਹੈ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ ਬਲਦੇਵ ਸਿੰਘ ਬੱਲੀ ਨੇ ਕੀਤੀ ਅਤੇ ਉਨ੍ਹਾਂ ਕਿਹਾ ਕਿ ਸਾਹਿਤਕ ਸੂਝ ਨਾਲ ਹੀ ਸਮਾਜ ਦੀ ਸਮਝ ਪੈਦਾ ਹੁੰਦੀ ਹੈ।
ਇਸ ਮੌਕੇ ਲੋਕ ਕਵੀ ਦਲਵੀਰ ਕਲੇਰ ਨੇ ਸੰਤ ਰਾਮ ਉਦਾਸੀ ਦਾ ਗੀਤ ਗਾ ਕੇ ਵਿਦਿਆਰਥੀਆਂ ਵਿਚ ਜੋਸ਼ ਭਰਿਆ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਸ਼ਬਦ ਦੀ ਸਿਰਜਣਾਤਮਕਤਾ ਦੀ ਸਮਝ ਜ਼ਰੂਰੀ ਹੈ। ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਚੇਤਨਾ ਨੂੰ ਹਲੂਣਦੇ ਹਨ। ਜਸਵੀਰ ਝੱਜ ਨੇ ਇਸ ਪ੍ਰੋਗਰਾਮ ਵਿਚ ਗੀਤ ਪੇਸ਼ ਕੀਤਾ।
ਇਸ ਮੌਕੇ ਤ੍ਰਲੋਚਨ ਝਾਂਡੇ, ਉਜਾਗਰ ਸਿੰਘ ਲਲਤੋਂ,ਅਮਰੀਕ ਡੋਗਰਾ ਜੀ, ਸੁਰਿੰਦਰ ਨੇਕੀ ਜੀ, ਸ਼ਾਇਰ ਭਗਵਾਨ ਢਿੱਲੋਂ,ਭਾਗ ਸਿੰਘ ਦਰਦੀ, ਹਰਪ੍ਰੀਤ ਸਿੰਘ ਕਿਲਾ ਰਾਏਪੁਰ, ਅਮਰਿੰਦਰ ਸੋਹਲ, ਆਦਿ ਸਾਹਿਤਕਾਰ ਉਚੇਚੇ ਤੌਰ ਤੇ ਪਹੁੰਚੇ।ਇਸ ਸਮੇਂ ਕਾਲਜ ਪੰਜਾਬੀ ਸਾਹਿਤ ਸਭਾ ਦੇ ਮੈਂਬਰ ਅਤੇ ਪ੍ਰੋ ਸੁਖਜੀਤ ਕੌਰ,ਪ੍ਰੋ ਦਲਜੀਤ ਕੌਰ ਅਤੇ ਪ੍ਰੋ ਗਗਨਦੀਪ ਕੌਰ ਆਦਿ ਹਾਜ਼ਰ ਸਨ।